ਪੰਜਾਬੀ ਯੂਨੀਵਰਸਿਟੀ ’ਚ ਲੱਗਿਆ ਪੁਸਤਕ ਮੇਲਾ ਦੂਜੇ ਦਿਨ ਵੀ ਜਾਰੀ

Book Fair Sachkahoon

ਪੰਜਾਬੀ ਯੂਨੀਵਰਸਿਟੀ ’ਚ ਲੱਗਿਆ ਪੁਸਤਕ ਮੇਲਾ ਦੂਜੇ ਦਿਨ ਵੀ ਜਾਰੀ

‘ਆਪੇ ਵਿੱਚ ਘਿਰਿਆ ਮਨੁੱਖ’ ਸਿਰਲੇਖ ਤਹਿਤ ਕਰਵਾਇਆ ਗਿਆ ਪ੍ਰੋਗਰਾਮ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਵੱਲੋਂ ਲਗਾਇਆ ਗਿਆ ਪੁਸਤਕ ਮੇਲਾ ਅੱਜ ਦੂਜੇ ਵੀ ਜਾਰੀ ਰਿਹਾ। ਇਸ ਮੌਕੇ ਵੱਡੀ ਗਿਣਤੀ ਪੁਸਤਕ ਪ੍ਰੇਮੀਆਂ ਨੇ ਪਹੁੰਚ ਕੇ ਆਪਣੀਆਂ ਪਸੰਦ ਦੀਆਂ ਪੁਸਤਕਾਂ ਦੀ ਖਰੀਦ ਕੀਤੀ ਗਈ।

ਪੁਸਤਕ ਮੇਲੇ ਦੇ ਪਹਿਲੇ ਸੈਸ਼ਨ ਵਿੱਚ ‘ਆਪੇ ਵਿੱਚ ਘਿਰਿਆ ਮਨੁੱਖ’ ਸਿਰਲੇਖ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਸੰਚਾਲਕ ਧਰਮਜੀਤ ਸਿੰਘ ਸਨ ਅਤੇ ਵਿਚਾਰ ਕਰਤਾ ਤਾਰਿਕਾ ਨਰੂਲਾ, ਅਮਰਪ੍ਰੀਤ ਅਤੇ ਗੁਰਸ਼ਿੰਦਰ ਸਿੰਘ ਸਨ। ਇਸ ਪ੍ਰੋਗਰਾਮ ਵਿੱਚ ਸਮਕਾਲੀ ਸਮਾਜ ਦੇ ਦਬਾਅ ਅਤੇ ਮਾਨਸਿਕ ਸਿਹਤ ਦੇ ਮਸਲੇ ਨੂੰ ਵਿਚਾਰਿਆ ਗਿਆ। ਤਾਰਿਕਾ ਨਰੂਲਾ ਨੇ ਦੱਸਿਆ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੂਝਣ ਲਈ ਮਾਨਸਿਕ ਸਿਹਤ ਜ਼ਰੂਰੀ ਹੈ। ਮਾਨਸਿਕ ਸਿਹਤ ਸਾਡੀ ਸਿਹਤ ਦਾ ਇੱਕ ਬੇਹੱਦ ਜ਼ਰੂਰੀ ਪੱਖ ਹੈ ਜਿਸ ਬਾਰੇ ਆਮ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਜਦਕਿ ਇਸਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਹ ਸਾਡੀ ਸਿਹਤ ਦਾ ਇੱਕ ਜ਼ਰੂਰੀ ਹਿੱਸਾ ਹੈ। ਇਸ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ।

ਅਮਰਪ੍ਰੀਤ ਨੇ ਵਧਦੀ ਉਮਰ ਦੇ ਤਣਾਅ ਬਾਰੇ ਅਤੇ ਵੱਖ-ਵੱਖ ਪਛਾਣਾਂ ਨਾਲ ਸੰਬੰਧਿਤ ਰੂੜੀਵਾਦੀ ਧਾਰਨਾਵਾਂ ਬਾਰੇ ਗੱਲ ਕੀਤੀ। ਗੁਰਸ਼ਿੰਦਰ ਸਿੰਘ ਨੇ ਘਰੇਲੂ ਔਰਤਾਂ ਦੀ ਮਾਨਸਿਕ ਸਿਹਤ ਬਾਰੇ ਅਤੇ ਉਨ੍ਹਾਂ ਵਿੱਚ ਪੈਦਾ ਹੋ ਰਹੇ ਆਤਮ-ਹੱਤਿਆ ਦੇ ਖਿਆਲਾਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਨੀਤੀ-ਘਾੜਿਆਂ ਦੀ ਨਜ਼ਰ ਵਿੱਚੋਂ ਔਰਤਾਂ ਦਾ ਇਹ ਵਰਗ ਕਿਵੇਂ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੂਜੇ ਸੈਸ਼ਨ ਵਿੱਚ ‘ਪੁਸਤਕ ਦੀ ਜਾਣ-ਪਛਾਣ ਅਤੇ ਲੋਕ-ਅਰਪਣ’ ਪ੍ਰੋਗਰਾਮ ਤਹਿਤ ‘ਆਜ਼ਾਦੀ ਸੁਪਨੇ ਤੋਂ ਸੱਚਾਈ ਤੱਕ’ (ਸੰਪਾਦਕ-ਕਮਲੇਸ਼) ਅਤੇ ‘ਪਾਪੂਲਰ ਕਲਚਰ’ (ਡਾ.ਮਨਪ੍ਰੀਤ ਮਹਿਨਾਜ਼) ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।

ਤੀਜੇ ਸੈਸ਼ਨ ਵਿੱਚ ‘ਸੁਲਘਦੇ ਸਮਿਆਂ ਦੀ ਦਾਸਤਾਨ’ (ਸਮਕਾਲੀ ਪੰਜਾਬੀ ਕਥਾ) ਪ੍ਰੋਗਰਾਮ ਤਹਿਤ ਡਾ. ਬਲਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਪੈਨਲ ਚਰਚਾ ਕਰਵਾਈ ਗਈ। ਜਿਸ ਦੇ ਸੰਚਾਲਕ ਬਲਕਾਰ ਸਿੰਘ ਸਨ ਅਤੇ ਵਿਚਾਰ ਕਰਤਾ ਜਸਬੀਰ ਮੰਡ, ਗੁਰਮੀਤ ਕੜਿਆਲਵੀ, ਸੁਖਪਾਲ ਸਿੰਘ ਥਿੰਦ ਸਨ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਚਾਰ ਕਰਤਾਵਾਂ ਨਾਲ ਜਾਣ-ਪਛਾਣ ਕਰਵਾਈ। ਜਸਵੀਰ ਮੰਡ ਨੇ ਆਪਣੀ ਰਚਨਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਚੀਜ਼ਾਂ ਦੇ ਦਿੱਸਣ ਦਾ ਸੰਬੰਧ ਤੁਹਾਡੀ ਅੰਦਰਲੀ ਸਮਝ ਨਾਲ ਹੁੰਦਾ ਹੈ ਅਤੇ ਚੀਜ਼ਾਂ ਨੂੰ ਸਮਝਣ ਦਾ ਸੰਦਰਭ ਯਥਾਰਥ ਪ੍ਰਤੀ ਲੇਖਕ ਦਾ ਰਵੱਈਆ ਹੁੰਦਾ ਹੈ। ਜੋ ਕੁੱਝ ਉਸਨੇ ਸਿੱਖਿਆ, ਸਮਝਿਆ, ਜਾਣਿਆ ਹੁੰਦਾ ਹੈ ਉਹੀ ਉਸਨੂੰ ਦਿਖ ਰਿਹਾ ਹੁੰਦਾ ਹੈ ਪਰ ਚੀਜ਼ਾਂ ਦੇਖਣ ਦਾ ਅੰਦਾਜ਼ ਸਮੇਂ ਨਾਲ ਬਦਲਦਾ ਰਹਿੰਦਾ ਹੈ।

ਗੁਰਮੀਤ ਕੜਿਆਲਵੀ ਨੇ ਕਿਹਾ ਕਿ ਸਾਡਾ ਸੰਘਰਸ਼ ਬਹੁ-ਪਰਤੀ ਹੈ। ਉਸਨੇ ਦੱਸਿਆ ਕਿ ਮੇਰੀਆਂ ਰਾਜਨੀਤੀ ਨਾਲ ਸੰਬੰਧਿਤ ਕਹਾਣੀਆਂ ਵਿੱਚ ਸਿਆਸਤ ਦੁਆਰਾ ਕਾਮਿਆਂ ਨੂੰ ਚਿੱਥ ਕੇ ਸੁੱਟਣ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਉਹ ਮਨੁੱਖ ਦੇ ਟੁੱਟ ਰਹੇ ਰਿਸ਼ਤਿਆਂ, ਕਿਸਾਨੀ ਸੰਘਰਸ਼, ਕਾਮਿਆਂ ਅਤੇ ਕਰਮਚਾਰੀਆ ਦੇ ਮਸਲਿਆਂ ਨੂੰ ਸੁਲਗਦੇ ਮਸਲਿਆਂ ਵਜੋਂ ਲੈਂਦਾ ਹੈ। ਅਗਲੇ ਬੁਲਾਰੇ ਸੁਖਪਾਲ ਥਿੰਦ ਨੇ ਆਪਣੀ ਕਹਾਣੀ (ਕਾਲਖ਼ ਕੋਠੜੀ) ਦੇ ਹਵਾਲੇ ਨਾਲ ਸਮਾਜ ਵਿੱਚ ਜਾਤੀਗਤ ਅਤੇ ਜਮਾਤੀਗਤ ਤਬਦੀਲੀ ਦੇ ਵਾਪਰਨ ਬਾਰੇ ਦੱਸਦਿਆਂ ਕਿਹਾ ਕਿ ਲੇਖਕ ਦੀ ਭੂਮਿਕਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਹੈ। ਲੇਖਕ ਦਾ ਕਾਰਜ ਪਿਛਲੀਆਂ ਤੈਹਾਂ ਜਾਂ ਅਤੀਤ ਵਿੱਚ ਜੋ ਕੁੱਝ ਪਿਆ ਹੈ ਉਸਨੂੰ ਫੜਨਾ ਹੈ।

ਚੌਥੇ ਸੈਸ਼ਨ ਵਿੱਚ ‘ਪੁਸਤਕ ਦੀ ਜਾਣ-ਪਛਾਣ ਅਤੇ ਲੋਕ-ਅਰਪਣ’ ਪ੍ਰੋਗਰਾਮ ਤਹਿਤ ‘ਪਲੇਗ’ (ਅਨੁਵਾਦਕ: ਗੁਰਮੀਤ ਸਿੰਘ ਸਿੱਧੂ), ‘ਉਹ ਸਾਂਭਣਾ ਜਾਣਦੀ ਮੈਨੂੰ’ (ਲੇਖਕ: ਸੰਦੀਪ ਸ਼ਰਮਾ) ਅਤੇ ‘ਕੌਮੀ ਸਿੱਖਿਆ ਨੀਤੀ ਇੱਕ ਪੜਚੋਲ 2020’ (ਪੀ.ਐੱਸ.ਯੂ ਲਲਕਾਰ) ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪੰਜਵੇਂ ਤੇ ਆਖ਼ਰੀ ਸੈਸ਼ਨ ਵਿੱਚ ‘ਪੰਜਾਬ ਦੀ ਲੋਕ ਗਾਇਕੀ‘ ਪ੍ਰੋਗਰਾਮ ਕਰਵਾਇਆ ਗਿਆ। ਇਸਦਾ ਸੰਚਾਲਕ ਰਾਜਵਿੰਦਰ ਸਿੰਘ ਨੇ ਕੀਤਾ। ਇਸ ਵਿੱਚ ਗਾਇਕ ਦੇਸ ਰਾਜ ਲਚਕਾਣੀ ਅਤੇ ਉਸਦੇ ਸਾਥੀਆ ਨੇ ਸ਼ਮੂਲੀਅਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ