ਬੋਹੜ ਦਾ ਰੁੱਖ, ਤੋੜੇ ਦੁੱਖ
ਕੁਦਰਤ ਵਿਸ਼ਾਲ ਹੈ, ਬੇਮਿਸਾਲ ਹੈ, ਬੜੀ ਕਮਾਲ ਹੈ। ਇਹ ਉਦੋਂ ਪਤਾ ਲੱਗਦਾ ਹੈ ਜਦੋ ਆਪਾਂ ਇਹਨੂੰ ਸਮਝਦੇ ਹਾਂ ਤੇ ਦਿਲੋਂ ਮਹਿਸੂਸ ਕਰਦੇ ਹਾਂ। ਚਿੰਤਾ ਹੈ ਤਾਂ ਖੁਸ਼ੀ ਵੀ ਹੈ। ਦੁੱਖ ਹੈ ਤਾਂ ਸੁਖ ਵੀ ਹੈ। ਰੋਗ ਹੈ ਤਾਂ ਇਲਾਜ ਵੀ ਹੈ। ਇਲਾਜ ਆਪਣੇ ਆਸੇ-ਪਾਸੇ ਹੀ ਹਨ, ਉੱਥੇ ਬੱਸ ਆਪਣੀ ਸਮਝ ਹੀ ਆਪਾਂ ਨੂੰ ਲੱਗ ਚੁੱਕੀ ਬਿਮਾਰੀ ਤੇ ਆਉਣ ਵਾਲੀ ਬਿਮਾਰੀ ਤੋਂ ਬਚਾ ਸਕਦੀ ਹੈ। ਆਪਾਂ ਬਿਮਾਰ ਕਿਉਂ ਹੋ ਰਹੇ ਹਾਂ? ਆਪਾਂ ਆਪਣਾ ਪਿਛੋਕੜ ਭੁੱਲ ਚੁੱਕੇ ਹਾਂ।
ਪੁਰਾਣੇ ਬਜ਼ੁਰਗਾਂ ਤੋਂ ਪੁੱਛ ਲਵੋ ਅੱਜ ਤੋਂ 10-15 ਸਾਲ ਪਹਿਲਾਂ ਲੋਕ ਕਿੰਨੇ ਕੁ ਬਿਮਾਰ ਹੁੰਦੇ ਸਨ ਤੇ ਅੱਜ ਕਿੰਨੇ ਪ੍ਰਤੀਸ਼ਤ ਬਿਮਾਰੀ ’ਚ ਵਾਧਾ ਹੋ ਚੁੱਕਾ ਹੈ। ਕਾਰਨ ਕਸਰਤ, ਯੋਗ, ਕੁਦਰਤੀ ਘਰੇਲੂ ਇਲਾਜਾਂ ਨੂੰ ਛੱਡ ਕੇ ਮਾੜੀ-ਮਾੜੀ ਗੱਲ ’ਤੇ ਡਾਕਟਰਾਂ ਦੇ ਸਰ੍ਹਾਣੇ ਜਾ ਕੇ ਬੈਠਣਾ, ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਰੋਗੀ ਬਣਦੇ ਜਾਣਾ ਤੇ ਆਰਥਿਕ ਪੱਖੋਂ ਕਮਜ਼ੋਰ ਹੋਣਾ ਤੇ ਪੈਸੇ ਦੀ ਬਰਬਾਦੀ ਕਰਨਾ ਆਪਣੀ ਆਦਤ ਬਣ ਗਈ ਹੈ। ਇਸ ਲਈ ਕੁਦਰਤੀ ਪੌਦਿਆਂ ਦੀ, ਕੁਦਰਤੀ ਬਣੇ ਨੁਸਖਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕਰੋ ਤੇ ਸਰੀਰ ਨੂੰ ਨਿਰੋਗ ਤੇ ਚੁਸਤ-ਦਰੁਸਤ ਰੱਖੋ।
ਇਸੇ ਨਿਰੋਗਤਾ ਨੂੰ ਸਦਾ ਕਾਇਮ ਰੱਖਣ ਵਾਲ਼ੇ ਰੁੱਖ ਦੀ ਆਪਾਂ ਅੱਜ ਗੱਲ ਕਰਾਂਗੇ ਜੋ ਤੁਹਾਡੇ ਆਸ-ਪਾਸ ਪੁਰਾਣੇ ਸਮੇਂ ਤੋਂ ਆਮ ਹੀ ਲੱਗਾ ਮਿਲ ਜਾਵੇਗਾ ਉਹ ਹੈ ਬੋਹੜ ਦਾ ਰੁੱਖ, ਜਿਸਦੇ ਪੱਤੇ ਲਗਭਗ ਗੋਲ਼, ਫਲ਼ ਗੁੱਛਿਆਂ ’ਚ ਲਾਲ ਰੰਗ ਦੇ, ਤਣਾ ਮੋਟਾ ਪੁਰਾਣੇ ਰੁੱਖ ਬਹੁਤ ਵੱਡੇ ਅਕਾਰ ’ਚ ਬਹੁਤੀ ਥਾਵਾਂ ’ਤੇ ਲੱਗੇ ਮਿਲ ਜਾਣਗੇ। ਇਸ ਦੇ ਰੁੱਖ ’ਤੇ ਲਾਲ ਰੰਗ ਦੀ ਦਾੜ੍ਹੀ ਵਾਂਗ ਲਟਕੇ ਸੀਖਾਂ ਦੇ ਅਕਾਰ ਦੀਆਂ ਜਟਾਵਾਂ ਮਿਲ ਜਾਣਗੀਆਂ। ਇਹ ਇਸ ਦੀ ਪਹਿਚਾਣ ਹੈ। ਲਗਭਗ ਸਾਰੇ ਇਸ ਤੋਂ ਜਾਣੂ ਹਨ। ਕਈ ਇਸਦੇ ਵੈਦਿਕ ਗੁਣਾਂ ਤੋਂ ਸ਼ਾਇਦ ਜਾਣੂ ਨਹੀਂ ਹੋਣਗੇ ਫਾਇਦੇ ਇਸਦੇ ਅਨੇਕਾਂ ਤਰ੍ਹਾਂ ਦੇ ਹਨ।
ਬੋਹੜ ਦਾ ਦੁੱਧ: ਇਸਦੇ ਪੱਤੇ ਤੋੜ ਕੇ ਤੇ ਟਾਹਣੀਆਂ ’ਤੇ ਛੋਟੇ-ਛੋਟੇ ਟੱਕ ਮਾਰ ਕੇ ਦੁੱਧ ਪ੍ਰਾਪਤ ਕਰ ਸਕਦੇ ਹਾਂ। ਜਿਹੜੀ ਟਾਹਣੀ ਨਰਮ ਤੇ ਸਫੈਦ ਹੁੰਦੀ ਹੈ ਉੱਥੋਂ ਦੁੱਧ ਜਿਆਦਾ ਨਿੱਕਲਦਾ ਹੈ। ਥੋੜ੍ਹੀ ਮਿਹਨਤ ਤਾਂ ਜ਼ਰੂਰ ਹੈ ਪਰ ਬਿਮਾਰੀ ਲਈ ਮੁਫਤ ਕੀਮਤੀ ਚੀਜ਼ ਹੈ। ਬਜ਼ਾਰ ’ਚ ਇਸ ਤੋਂ ਕੱਢਿਆ ਦੁੱਧ ਹੋਰ ਚੀਜ਼ਾਂ ਮਿਲਾ ਕੇ ਵੇਚਿਆ ਜਾਂਦਾ ਹੈ। ਜੋ ਸਿਹਤ ਲਈ ਨੁਕਸਾਨਦੇਹ ਹੈ। ਆਮ ਹੀ ਦੇਖਿਆ ਜਾਂਦਾ ਹੈ ਕਿ ਲੋਕੀਂ ਆਪ ਮਿਹਨਤ ਤੋਂ ਬਚਣ ਲਈ ਨਕਲੀ ਦੁੱਧ ਨੂੰ ਬੋਹੜ ਦਾ ਦੁੱਧ ਸਮਝ ਕੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਬੱਸ ਗੱਲ਼ ਕੀ ਹੈ ਖੇਚਲ ਨਹੀਂ ਕਰਨੀ, ਸਰੀਰ ਨੂੰ ਕਸ਼ਟ ਨਹੀਂ ਦੇਣਾ। ਟਾਹਣੀ ’ਚ ਟੱਕ ਲਾ ਕੇ ਦੁੱਧ ਦੀਆਂ ਬੂੰਦਾਂ ਨਿੱਕਲਦੇ ਸਾਰ ਹੀ ਕੋਈ ਛੋਟੀ ਜਿਹੀ ਡੱਬੀ ਥੱਲੇ ਲਾ ਕੇ ਦੁੱਧ ਜਮ੍ਹਾ ਕੀਤਾ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਪੱਤਿਆਂ ਨੂੰ ਤੋੜ ਕੇ ਦੁੱਧ ਨਾ ਕੱਢੋ ਇਸ ਨਾਲ਼ ਰੁੱਖ ਨੂੰ ਨੁਕਸਾਨ ਪਹੁੰਚਦਾ ਹੈ। ਇਸਦੇ ਦੁੱਧ ਨੂੰ ਸ਼ੀਸ਼ੀ ’ਚ ਸਾਂਭ ਕੇ ਰੱਖੋ। ਜਿਨ੍ਹਾਂ ਨੂੰ?ਕਮਜ਼ੋਰੀ ਹੈ ਜਾਂ ਜਿਹੜੇ ਆਪਣੀ ਤਾਕਤ ਕਾਇਮ ਰੱਖਣਾ ਚਾਹੁੰਦੇ ਹਨ। ਉਹ ਇਸ ਦੀਆਂ 4-5 ਬੂੰਦਾਂ ਪਤਾਸੇ ਜਾਂ ਮਿਸ਼ਰੀ ’ਚ ਮਿਲਾ ਕੇ ਲੈਂਦੇ ਰਹੋ। ਹੌਲੀ-ਹੌਲੀ ਸਰੀਰ ਨੂੰ ਤਾਕਤ ਮਿਲੇਗੀ। ਮਰਦਾਂ ਦੀਆਂ ਬਿਮਾਰੀਆਂ ’ਚ ਬਹੁਤ ਫਾਇਦਾ ਕਰਦਾ ਹੈ।
ਜੇਕਰ ਕੰਨ ’ਚ ਫਿਣਸੀ ਜਾਂ ਕੀੜੇ ਪੈ ਜਾਣ ਤਾਂ ਇਸਦੇ ਦੁੱਧ ਦੀਆਂ ਕੁਝ ਬੂੰਦਾਂ ਸਰ੍ਹੋਂ ਦੇ ਤੇਲ਼ ’ਚ ਮਿਲਾ ਕੇ ਕੰਨਾਂ ’ਚ 1-2 ਬੂੰਦਾਂ ਪਾਉ, ਫਾਇਦਾ ਹੋਵੇਗਾ। ਕਿਸੇ ਨੂੰ ਕਦੇ ਦੰਦ ਕਢਾਉਣ ਦੀ ਨੌਬਤ ਆ ਜਾਵੇ ਤਾਂ ਕੁਝ ਦਿਨ ਇਹਦਾ ਦੁੱਧ ਦੰਦ ਦੀ ਜੜ੍ਹ ’ਚ ਲਾਉਂਦੇ ਰਹੋ। ਦੰਦ ਅਸਾਨੀ ਨਾਲ਼ ਨਿੱਕਲ ਜਾਣਗੇ। ਬਰਸਾਤਾਂ ’ਚ ਜਿੰਨ੍ਹਾਂ ਦੀਆਂ ਉਂਗਲਾਂ ਪਾਣੀ ’ਚ ਰਹਿਣ ਕਰਕੇ ਗਲ਼ ਜਾਂਦੀਆਂ ਹਨ। ਉਹ ਇਸਦਾ ਦੁੱਧ ਉੱਥੇ ਲਾਉਣ, ਜਖਮ ਠੀਕ ਹੋਣਗੇ। ਛੋਟੀਆਂ-ਮੋਟੀਆਂ ਫਿਣਸੀਆਂ ’ਤੇ ਬੋਹੜ ਦਾ ਦੁੱਧ ਲਾਉਣ ਨਾਲ਼ ਫਾਇਦਾ ਹੁੰਦਾ ਹੈ। ਫੋੜੇ ਵਾਲ਼ੀ ਗੰਢ ਜੋ ਪੱਕਣ ਵਾਲ਼ੀ ਨਹੀਂ ਹੁੰਦੀ। ਉਸ ’ਤੇ ਇਸਦਾ ਦੁੱਧ ਲਾ ਕੇ ਉੱਪਰੋਂ ਇਸਦੇ ਪੱਤੇ ਬੰਨ੍ਹਣ ’ਤੇ ਗੰਢ ਬੈਠ ਜਾਂਦੀ ਹੈ।
ਸੁੱਕੀ ਖਾਜ ਹੋਣ ’ਤੇ ਪਾਣੀ ’ਚ ਇਸਦੀਆਂ 10 ਬੂੰਦਾਂ ਇੱਕ ਬਾਲਟੀ ’ਚ ਪਾ ਕੇ ਉਸ ਨਾਲ਼ ਮਲ਼-ਮਲ਼ ਕੇ ਨਹਾਉਣ ਨਾਲ਼ ਖਾਜ਼ ’ਚ ਅਰਾਮ ਮਿਲਦਾ ਹੈ। ਜਿੰਨ੍ਹਾਂ ਦੇ ਪੁਰਾਣੇ ਜਖਮ ਜੋ ਨਾਸੁਰ ਬਣ ਜਾਂਦੇ ਹਨ ਅਰਥਾਤ ਜਖਮ ਸਾਲਾਂ ਬੀਤਣ ’ਤੇ ਵੀ ਨਹੀਂ ਭਰਦਾ ਤੇ ਅੰਦਰੋ-ਅੰਦਰ ਮੌਰੀ ਬਣ ਜਾਂਦੀ ਹੈ। ਉੱਥੇ ਸੱਪ ਦੀ ਕੰਜ ਨੂੰ ਸਾੜ ਕੇ ਭਸਮ ਬਣਾ ਲਵੋ। ਭਸਮ ਨੂੰ ਕੱਪੜੇ ਨਾਲ਼ ਛਾਣ ਕੇ ਬੋਹੜ ਦੇ ਦੁੱਧ ’ਚ ਮਿਲਾ ਕੇ ਲੇਪ ਤਿਆਰ ਕਰੋ। ਇੱਕ ਬੱਤੀ ਬਣਾ ਕੇ ਇਸ ਲੇਪ ’ਚ ਲਬੇੜ ਕੇ ਜਖਮ ਦੇ ਅੰਦਰ ਤੱਕ ਧੱਕ ਦਿਓ। ਹੌਲੀ-ਹੌਲੀ ਜਖਮ ਭਰਦਾ ਜਾਵੇਗਾ।
ਬੋਹੜ ਦੇ ਫਲ਼: ਬੋਹੜ ਦੇ ਫਲ਼ ਵਿੱਚ ਬਹੁਤ ਤਾਕਤ ਹੁੰਦੀ ਹੈ। ਇਸਦੇ ਫਲ਼ ਜਦੋਂ ਪੱਕ ਜਾਣ ਤਾਂ ਇੰਨ੍ਹਾਂ ਨੂੰ ਚੰਗੀ ਤਰ੍ਹਾਂ ਧੋਕੇ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਵੋ। ਟੁਕੜਿਆਂ ਨੂੰ ਧੁੱਪ ’ਚ ਸੁਕਾ ਲਵੋ, ਪਾਊਡਰ ਬਣਾ ਕੇ ਰੱਖ ਲਵੋ ਜਿੰਨਾ ਪਾਊਡਰ ਉਹਦੇ ਬਰਾਬਰ ਮਿਸ਼ਰੀ ਮਿਲਾ ਕੇ ਚੰਗੀ ਤਰ੍ਹਾਂ ਰਲਾ ਕੇ ਰੱਖ ਲਵੋ। 2-2 ਚਮਚ ਮਿਸ਼ਰੀ ਮਿਲੇ ਦੁੱਧ ਨਾਲ਼ ਸਵੇਰੇ-ਸ਼ਾਮ ਖਾਉ। ਮਹੀਨੇ ਵਿੱਚ ਹੀ ਕਮਜ਼ੋਰੀ ਦੂਰ ਹੋਵੇਗੀ। ਲਗਾਤਾਰ ਖਾਂਦੇ ਰਹਿਣ ਨਾਲ਼ ਸਰੀਰ ਨਿਰੋਆ ਤੇ ਚਿਹਰਾ ਸੁਰਖ ਲਾਲ ਹੋ ਜਾਵੇਗਾ। ਇਸਦੇ ਪਾਊਡਰ ਨਾਲ਼ ਸਿਹਤ ਵੀ ਬਣਦੀ ਹੈ। ਬੱਸ ਸਬਰ ਰੱਖ ਕੇ ਖਾਣਾ ਚਾਹੀਦਾ ਹੈ।
ਪੱਤੇ: ਇਸਦੇ ਨਰਮ-ਨਰਮ 5-6 ਪੱਤੇ ਨਾਲ਼ 10 ਗ੍ਰਾਮ ਮੂੰਗੀ-ਮਸਰਾਂ ਦੀ ਦਾਲ਼ ਨਾਲ਼ ਚੰਗੀ ਤਰ੍ਹਾਂ ਪੀਸ ਕੇ ਲੇਪ ਤਿਆਰ ਕਰੋ। ਇੱਕ ਘੰਟਾ ਪਹਿਲਾਂ ਐਲੋਵੀਰਾ ਦੀ ਵਿਚਲੀ ਗੁੱਦਾ ਮੂੰਹ ’ਤੇ ਮੱਲੋ ਤੇ ਫਿਰ ਇਸ ਦੇ ਤਿਆਰ ਕੀਤੇ ਲੇਪ ਨੂੰ ਚੰਗੀ ਤਰ੍ਹਾਂ ਲਾ ਕੇ ਅੱਧਾ ਘੰਟਾ ਰੱਖ ਕੇ ਕੋਸੇ ਪਾਣੀ ਨਾਲ਼ ਮੂੰਹ ਧੋ ਲਓ ਚਿਹਰੇ ਦੇ ਦਾਗ਼, ਛਾਈਆਂ ਠੀਕ ਹੋਣਗੀਆਂ। ਮੂੰਹ ’ਤੇ ਤਾਜ਼ਗੀ ਤੇ ਨਿਖਾਰ ਆਵੇਗਾ ਇਸਦੇ ਨਰਮ-ਨਰਮ ਪੱਤੇ ਲੈ ਕੇ ਛਾਂ ’ਚ ਸੁਕਾ ਕੇ ਰੱਖ ਲਵੋ। ਇਸ ਪਾਊਡਰ ਦਾ ਇੱਕ ਚਮਚ ਅੱਧਾ ਕਿਲੋ ਪਾਣੀ ’ਚ ਉਬਾਲੋ ਜਦੋਂ ਪਾਣੀ ਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਉਸ ਵਿੱਚ 3 ਚਮਚ ਸ਼ੱਕਰ ਮਿਲਾ ਕੇ ਸਵੇਰੇ-ਸ਼ਾਮ ਚਾਹ ਵਾਂਗ ਪੀਓ।
ਇਸ ਨਾਲ਼ ਜੁਕਾਮ, ਨਜ਼ਲਾ ਦੂਰ ਹੋ ਕੇ ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ। ਇਸਦੇ ਪੱਤੇ 20 ਤੋਂ 30 ਗ੍ਰਾਮ, 200 ਗ੍ਰਾਮ ਪਾਣੀ ’ਚ ਘੋਟੋ। ਚੰਗੀ ਤਰ੍ਹਾਂ ਘੋਟਣ ਤੋਂ ਬਾਅਦ ਪੀ ਲਵੋ। ਜਿਨ੍ਹਾਂ ਨੂੰ ਬਵਾਸੀਰ ’ਚ ਖੂਨ ਪੈਂਦਾ ਹੈ। ਉਹ ਲਗਾਤਾਰ ਪੀਣ, ਨਾਲ਼ ਹੀ ਇਸਦੇ ਪੀਲੇ ਪੱਤੇ ਸਾੜ ਕੇ ਭਸਮ ਬਣਾ ਕੇ ਰੱਖ ਲਵੋ। ਜਿੰਨੀ ਇਸਦੀ ਭਸਮ ਉਨਾ ਹੀ ਸਰ੍ਹੋਂ ਦਾ ਤੇਲ਼ ਮਿਲਾ ਕੇ ਮੌਕਿਆਂ ’ਤੇ ਲੇਪ ਕਰੋ। 15 ਦਿਨ ’ਚ ਰੋਗੀ ਨੂੰ ਫਾਇਦਾ ਹੋਵੇਗਾ। ਜਿਨ੍ਹਾਂ ਦੇ ਪੇਸ਼ਾਬ ’ਚ ਖੂਨ ਆਉਂਦਾ ਹੈ। ਇਸਦੇ 25 ਗ੍ਰਾਮ ਪੱਤੇ ਜੋ ਬਿਲਕੁਲ ਨਰਮ ਹੋਣ ਉਨ੍ਹਾਂ ਨੂੰ 200 ਗ੍ਰਾਮ ਪਾਣੀ ’ਚ ਘੋਟੋ। ਇਹਨੂੰ ਹੌਲ਼ੀ-ਹੌਲੀ ਪੀ ਲਵੋ, ਸਵੇਰੇ- ਸ਼ਾਮ ਪੀਵੋ।
ਦਿਲ ਦੀ ਧੜਕਣ ਵਧਣ ਤੇ ਇਸਦੇ ਪੱਤੇ ਜੋ ਹਰੇ ਤੇ ਨਰਮ ਹੋਣ 4-5 ਪੱਤੇ 150 ਗ੍ਰਾਮ ਪਾਣੀ ’ਚ ਪੀਸ ਕੇ ਛਾਣ ਲਵੋ। ਇਸ ਵਿੱਚ 1-2 ਚਮਚ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਪੀਵੋ, ਘਬਰਾਹਟ ਤੇ ਦਿਲ ਦੀ ਧੜਕਣ ਠੀਕ ਹੋਵੇਗੀ। ਬਰੋਟੇ ਦੀ ਦਾੜ੍ਹੀ: ਇਸ ਦੀ ਜਟਾਂ ਵਾਂਗ ਲਟਕਦੀ ਦਾੜ੍ਹੀ ਜੋ ਲਾਲ-ਲਾਲ ਤੇ ਨਰਮ-ਨਰਮ ਹੋਵੇ ਉਸ ਨੂੰ ਕੱਟ ਕੇ ਛਾਂ ’ਚ ਸੁਕਾ ਲਵੋ। ਇਸ ਤਰ੍ਹਾਂ ਪਿੱਪਲ਼ ਦੀ ਦਾੜ੍ਹੀ ਕੱਟ ਕੇ ਛਾਂ ’ਚ ਸੁਕਾ ਲਵੋ। ਇੰਨ੍ਹਾਂ ਨੂੰ ਕੁੱਟ ਕੇ ਪਾਊਡਰ ਬਣਾਉ।
ਦੋਵਾਂ ਦਾ 25-25 ਗ੍ਰਾਮ ਪਾਊਡਰ, 25 ਗ੍ਰਾਮ ਮਿਸ਼ਰੀ ਮਿਲਾ ਕੇ ਇੰਨ੍ਹਾਂ ਦੀਆਂ ਪੁੜੀਆਂ ਬਣਾ ਲਵੋ। ਸਵੇਰੇ-ਸ਼ਾਮ 1-1 ਪੁੜੀ ਮਿਸ਼ਰੀ ਵਿੱਚ ਮਿਲਾ ਕੇ ਦੁੱਧ ਨਾਲ਼ ਲਵੋ। ਇਸ ਨਾਲ਼ ਅਸ਼ੋਕਾਰਿਸਟ ਪੀਣ ਵਾਲ਼ੀ ਸ਼ੀਸ਼ੀ ਦੇ 3-3 ਚਮਚ ਪਾਣੀ ’ਚ ਮਿਲਾ ਕੇ ਪੀਵੋ। ਇਹ ਨੁਸਖਾ ਜਿਨ੍ਹਾਂ ਕੋਲ਼ ਔਲਾਦ ਨਹੀਂ ਹੁੰਦੀ ਜਾਂ ਵਾਰ-ਵਾਰ ਗਰਭਪਾਤ ਹੋ ਜਾਂਦਾ ਹੈ। ਉਨ੍ਹਾਂ ਲਈ ਵਰਦਾਨ ਸਾਬਤ ਹੁੰਦਾ ਹੈ। ਬੋਹੜ ਦਾ ਰੁੱਖ ਬਹੁੁਤ ਗੁਣਕਾਰੀ ਤੇ ਕੁਦਰਤ ਦੀ ਅਨਮੋਲ਼ ਬਨਸਪਤੀ ਹੈ। ਇਸਦਾ ਫਾਇਦਾ ਲੈ ਕੇ ਨਿਰੋਗ ਜੀਵਨ ਦਾ ਅਨੰਦ ਲਵੋ। ਕੁਦਰਤ ਵੱਲੋਂ ਦਿੱਤੇ ਅਨਮੋਲ਼ ਖਜ਼ਾਨਿਆਂ ਨੂੰ ਆਪਣੇ ਦਿਲ਼ ਵਿੱਚ ਥਾਂ ਦਿਉ ਤੇ ਯਕੀਨ ਰੱਖੀਓ, ਬਿਮਾਰੀ ਤੁਹਾਡੇ ਨੇੜੇ ਵੀ ਨਹੀਂ ਆਏਗੀ।
ਵੈਦ ਬੀ. ਕੇ. ਸਿੰਘ
ਮੋ. 98726-10005
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.