ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donor
ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਬਲਾਕ ਝੁਨੀਰ ਦੇ ਪਿੰਡ ਝੇਰਿਆਂਵਾਲੀ ਦੇ ਗੁਰਦਿਆਲ ਸਿੰਘ ਇੰਸਾਂ ਪੁੱਤਰ ਬੁੱਧ ਸਿੰਘ ਨੇ ਬਲਾਕ ਦੇ 12ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਉਹਨਾਂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। (Body Donor)
ਵੇਰਵਿਆਂ ਅਨੁਸਾਰ ਗੁਰਦਿਆਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੇ ਪੁੱਤਰਾਂ ਦਰਸ਼ਨ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਅਮਰੀਕ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਹੁਲ ਖੰਡ ਮੈਡੀਕਲ ਕਾਲਜ ਬਰੇਲੀ (ਯੂਪੀ) ਨੂੰ ਦਾਨ ਕੀਤਾ ਗਿਆ।
Body Donor
ਸਰੀਰਦਾਨੀ ਗੁਰਦਿਆਲ ਇੰਸਾਂ ਦੀ ਅਰਥੀ ਨੂੰ ਮੋਢਾ ਉਹਨਾਂ ਦੀਆਂ ਨੂੰਹਾਂ, ਧੀਆਂ, ਪੋਤਰੀਆਂ ਨੇ ਦਿੱਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੀ ਅਗਵਾਈ ’ਚ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਪਿੰਡ ਦੀ ਸਰਪੰਚ ਅੰਮ੍ਰਿਤਪਾਲ ਕੌਰ ਦੇ ਪਤੀ ਕੁਲਦੀਪ ਸਿੰਘ ਤੇ ਚੇਅਰਮੈਨ ਰਾਜਵੰਤ ਸਿੰਘ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗੁਰਦਿਆਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਤੋਂ ਪਿੰਡ ਵਿੱਚ ਦੀ ਹੁੰਦਿਆਂ ਸੈਂਕੜੇ ਡੇਰਾ ਪ੍ਰੇਮੀਆਂ, ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮੌਜ਼ੂਦਗੀ ’ਚ ਘਰ ਤੋਂ ਬੱਸ ਸਟੈਂਡ ਤੱਕ ਗੁਰਦਿਆਲ ਇੰਸਾਂ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਤੇ ਸਰੀਰਦਾਨ ਮਹਾਂਦਾਨ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਵੱਡੇ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਝੇਰਿਆਂਵਾਲੀ ’ਚੋਂ ਇਹ ਪਹਿਲਾ ਸਰੀਰਦਾਨ ਹੈ ਤੇ ਬਲਾਕ ਝੁਨੀਰ ’ਚੋਂ 12ਵਾਂ ਸਰੀਰਦਾਨ ਕੀਤਾ ਗਿਆ ਹੈ। ਇਸ ਮੌਕੇ ਸੰਮਤੀ ਦੇ ਸਾਬਕਾ ਚੇਅਰਮੈਨ ਰਾਜਵੰਤ ਸਿੰਘ, ਯੂਥ ਆਗੂ ਜੱਗਾ ਸਿੰਘ, ਰਾਮ ਸਿੰਘ, ਬਲਾਕ ਦੇ ਪ੍ਰੇਮੀ ਸੇਵਕ ਸੇਵਕ ਇੰਸਾਂ, ਹਰਬੰਸ ਸਿੰਘ, ਮਨਫੂਲ ਸਿੰਘ, ਡਾ. ਬਲਕੌਰ ਸਿੰਘ, ਸਾਬਕਾ ਸਰਪੰਚ ਮਹਿਤਾ ਸਿੰਘ ਉਲਕ, ਪਾਲ ਸਿੰਘ, ਗੁਰਚਰਨ ਸਿੰਘ ਕੁਸਲਾ, ਰੂਪ ਸਿੰਘ ਝੁਨੀਰ, ਰਘਵੀਰ ਸਿੰਘ ਕਾਕਾ ਰਾਏਪੁਰ ਆਦਿ ਹਾਜ਼ਰ ਸਨ।
ਵਿਰਲੇ ਹੀ ਮਨੁੱਖਤਾ ਦੇ ਕੰਮ ਆਉਂਦੇ ਨੇ : ਰਾਜਵੰਤ ਚੇਅਰਮੈਨ
ਇਸ ਮੌਕੇ ਸੰਮਤੀ ਦੇ ਸਾਬਕਾ ਚੇਅਰਮੈਨ ਰਾਜਵੰਤ ਸਿੰਘ ਨੇ ਕਿਹਾ ਕਿ ਗੁਰਦਿਆਲ ਸਿੰਘ ਵਰਗੇ ਵਿਰਲੇ ਹੀ ਇਨਸਾਨ ਹੁੰਦੇ ਹਨ ਜੋ ਜਿਉਂਦੇ ਜੀਅ ਮਨੁੱਖਤਾ ਦੀ ਸੇਵਾ ਕਰਦੇ ਹਨ ਤੇ ਮਰਨ ਉਪਰੰਤ ਵੀ ਲੋੜਵੰਦਾਂ ਦੇ ਕੰਮ ਆਉਂਦੇ ਹਨ। ਉਨ੍ਹਾਂ ਜਿੱਥੇ ਸਰੀਰਦਾਨੀ ਗੁਰਦਿਆਲ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕੀਤੀ ਉੱਥੇ ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜਾਂ ਦਾ ਵੀ ਖੁੱਲ੍ਹ ਕੇ ਜ਼ਿਕਰ ਕੀਤਾ।
ਸਰੀਰਦਾਨ ਲਈ ਨਗਰ ਪੰਚਾਇਤ ਵੱਲੋਂ ਡੇਰਾ ਸੱਚਾ ਸੌਦਾ ਦੀ ਸ਼ਲਾਘਾ
ਇਸ ਮੌਕੇ ਪਿੰਡ ਦੀ ਸਰਪੰਚ ਅੰਮ੍ਰਿਤਪਾਲ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਨਗਰ ਪੰਚਾਇਤ ਵੱਲੋਂ ਕੀਤੇ ਗਏ ਸਰੀਰਦਾਨ ਲਈ ਪਰਿਵਾਰ ਦਾ ਕੋਟਿਨ ਕੋਟਿ ਧੰਨਵਾਦ ਕਰਦੇ ਹਨ। ਉਹਨਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਸਰੀਰਦਾਨ, ਖੂਨਦਾਨ, ਅੱਖਾਂ ਦਾਨ ਮੁਹਿੰਮ ਦੀ ਭਰਵੀਂ ਸ਼ਲਾਘਾ ਕੀਤੀ।