ਵੱਡੀ ਗਿਣਤੀ ਪੁਲਿਸ ਨੇ ਵਾਈਪੀਐਸ ਚੌਂਕ ’ਤੇ ਰੋਕਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪ੍ਰਾਇਮਰੀ ਸਕੂਲਾਂ ਤੋਂ ਸੈਕੰਡਰੀ ਸਕੂਲਾਂ ’ਚ ਨੇਤਰਹੀਣ ਮਿਊਜਿਕ ਟੀਚਰਾਂ ਨੂੰ ਮਰਜ਼ ਕਰਨ ਖ਼ਿਲਾਫ਼ ਨੇਤਰਹੀਣਾਂ ਵੱਲੋਂ ਮੁੱਖ ਮੰਤਰੀ ਰਿਹਾਇਸ਼ ਮੋਤੀ ਮਹਿਲ ਦੇ ਘਿਰਾਓ ਦਾ ਯਤਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਫੋਰਸ ਵੱਲੋਂ ਇਨ੍ਹਾਂ ਨੇਤਰਹੀਣਾਂ ਨੂੰ ਵਾਈਪੀਐਸ ਚੌਂਕ ’ਤੇ ਹੀ ਰੋਕ ਲਿਆ ਗਿਆ। ਪੁਲਿਸ ਵੱਲੋਂ ਅੱਗੇ ਨਾ ਦਿੱਤੇ ਜਾਣ ਤੋਂ ਭੜਕੇ ਨੇਤਰਹੀਣਾਂ ਨੇ ਉਥੇ ਹੀ ਧਰਨਾ ਠੋਕ ਦਿੱਤਾ। ਨੇਤਰਹੀਣਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਇੱਥੇ ਹੀ ਧਰਨੇ ’ਤੇ ਬੈਠੇ ਰਹਿਣਗੇ।
ਇਸ ਮੌਕੇ ਆਲ ਇੰਡੀਆ ਬਲਾਈਂਡ ਐਸੋਸੀਏਸ਼ਨ ਦੇ ਬੁਲਾਰੇ ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਸੂਬੇ ਭਰ ਵਿੱਚ ਪ੍ਰਾਇਮਰੀ ਸਕੂਲਾਂ ’ਚ 162 ਨੇਤਰਹੀਣ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ ਪਰੰਤੂ ਲੰਘੇ ਦਿਨ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ’ਚ ਮਰਜ਼ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ।
ਸਿੱਖਿਆ ਸਕੱਤਰ ਵੱਲੋਂ ਜਾਰੀ ਇਨ੍ਹਾਂ ਨਿਰਦੇਸ਼ਾਂ ਦੇ ਉਹ ਬਿਲਕੁਲ ਖਿਲਾਫ ਨਹੀਂ ਹਨ ਪਰ ਮਰਜ਼ ਕਰਨ ਨਾਲ ਉਨ੍ਹਾਂ ਨੂੰ ਤਨਖਾਹਾਂ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਸਿੱਧੀਆਂ ਸਿੱਖਿਆ ਵਿਭਾਗ ਵੱਲੋਂ ਨਹੀਂ ਸਗੋਂ ਪਿ੍ਰੰਸੀਪਲ ਵੱਲੋਂ ਜਾਰੀ ਕੀਤੀਆਂ ਜਾਣਗੀਆਂ।
ਜੇਕਰ ਕੋਈ ਵੀ ਖਾਮੀ ਪਾਈ ਜਾਂਦੀ ਹੈ ਤਾਂ ਖ਼ਜ਼ਾਨੇ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ’ਤੇ ਰੋਕ ਵੀ ਲਗਾਈ ਜਾ ਸਕਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ’ਚ ਵੋਕੇਸ਼ਨਲ ਅਧਿਆਪਕਾਂ ਦੀ ਤਰਜ਼ ’ਤੇ ਮਰਜ਼ ਕਰਨਾ ਚਾਹੁੰਦੀ ਵੀ ਹੈ ਤਾਂ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਗ ਸਬੰਧੀ ਹੀ ਉਹ ਮੁੱਖ ਮੰਤਰੀ ਦੇ ਦਰਬਾਰ ’ਚ ਫਰਿਆਦ ਲੈ ਕੇ ਪੁੱਜੇ ਸਨ, ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮੋਤੀ ਮਹਿਲ ਤੱਕ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।