ਨਗਰ ਕੌਂਸਲ ਗੇਟ ਅੱਗੇ ਭਾਜਪਾ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ 

ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਲੈ ਕੇ ਹੰਗਾਮਾ

ਲੌਂਗੋਵਾਲ, (ਹਰਪਾਲ)। ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦੇ ਮਤੇ ਨੂੰ ਲੈ ਕੇ ਅੱਜ ਨਗਰ ਕੌਂਸਲ ਦਫਤਰ ਵਿਚ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਰਿਹਾ ਜਿਸ ਦੇ ਚੱਲਦਿਆਂ ਡੀ.ਐੱਸ.ਪੀ ਸੁਨਾਮ ਸ.ਭਰਪੂਰ ਸਿੰਘ ਅਤੇ ਐਸ.ਐਚ.ਓ ਲੌਂਗੋਵਾਲ ਸੁਭਾਸ਼ ਕੁਮਾਰ ਦੀ ਅਗਵਾਈ ਹੇਠ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਨਾਇਬ ਤਹਿਸੀਲਦਾਰ ਬਲਦੇਵ ਰਾਜ ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ ਹਾਜ਼ਰ ਰਹੇ। ਮੀਟਿੰਗ ਵਿੱਚ ਪ੍ਰਧਾਨ ਤੋਂ ਬਿਨਾਂ ਕਿਸੇ ਵੀ ਮੈਂਬਰ ਦੇ ਨਾ ਪੁੱਜਣ ਕਾਰਨ ਵੱਲੋਂ ਮੀਟਿੰਗ ਮੁਲਤਵੀਂ ਕਰ ਦਿੱਤੇ ਜਾਣ ਦੀ ਖਬਰ ਹੈ। ਜਿਸ ਦਾ ਸੱਤਾਧਾਰੀ ਗਰੁੱਪ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ ।

ਮੀਟਿੰਗ ਦਾ ਸਮਾਂ ਦੁਬਾਰਾ ਰੱਖਣ ਦੀ ਮੰਗ

ਨਗਰ ਕੌਂਸਲ ਗੇਟ ਦੇ ਬਾਹਰ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਭਾਜਪਾ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਗਿਆ ਕਿ ਜਦੋਂ ਕੋਈ ਮੀਟਿੰਗ ਵਿੱਚ ਪੁੱਜਿਆ ਹੀ ਨਹੀਂ ਤਾਂ ਇਹ ਮੀਟਿੰਗ ਮੁਲਤਵੀਂ ਨਹੀਂ ਰੱਦ ਕੀਤੀ ਜਾਣੀ ਚਾਹੀਦੀ ਹੈ। ਕਾਰਜਸਾਧਕ ਅਫ਼ਸਰ ਸ੍ਰੀ ਅੰਮ੍ਰਿਤ ਲਾਲ ਦੇ ਦੱਸਣ ਅਨੁਸਾਰ ਬੇਭਰੋਸਗੀ ਸੰਬੰਧੀ ਪੱਤਰ ਦੇਣ ਵਾਲੇ ਕੌਂਸਲਰਾਂ ਵੱਲੋ ਮੀਟਿੰਗ ਤੋਂ 25 ਮਿੰਟ ਪਹਿਲਾਂ ਇੱਕ ਪੱਤਰ ਭੇਜਿਆ ਗਿਆ ਜਿਸ ’ਚ ਲਿਖਿਆ ਗਿਆ ਹੈ ਕਿ ਇਹ ਮੀਟਿੰਗ ਸ਼ਾਰਟ ਨੋਟਿਸ ’ਤੇ ਬੁਲਾਈ ਗਈ ਹੈ ਜਿਸ ਕਾਰਨ ਅਸੀਂ ਕੌਂਸਲਰ ਬਾਹਰ ਹੋਣ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ ਅਤੇ ਮੀਟਿੰਗ ਦਾ ਸਮਾਂ ਦੁਬਾਰਾ ਰੱਖਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਪ੍ਰਧਾਨ ਨਗਰ ਕੌਂਸਲ ਤੋਂ ਬਿਨਾਂ ਹੋਰ ਕੋਈ ਮੈਂਬਰ ਸ਼ਾਮਲ ਨਹੀ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੁਬਾਰਾ ਮੀਟਿੰਗ ਰੱਖੀ ਜਾਵੇਗੀ।

ਜਾਣਕਾਰੀ ਦਿੰਦੇ ਹੋਏ ਦਾਮਨ ਥਿੰਦ ਬਾਜਵਾ ਅਤੇ ਮੌਜੂਦ ਈ ਓ ਨਗਰ ਕੌਂਸਲ ਲੌਂਗੋਵਾਲ। ਫੋਟੋ : ਹਰਪਾਲ

ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਰ੍ਹੇਆਮ ਧੱਕਾ ਕਰ ਰਿਹਾ : ਮੈਡਮ ਦਾਮਨ ਥਿੰਦ ਬਾਜਵਾ

ਭਾਜਪਾ ਦੇ ਆਗੂ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੋਲ ਬਹੁਮਤ ਹੀ ਨਹੀਂ ਹੈ ਤਾਂ ਇਹ ਮਤਾ ਖਾਰਜ ਹੋਣਾ ਚਾਹੀਦਾ ਹੈ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਰ੍ਹੇਆਮ ਧੱਕਾ ਕਰ ਰਿਹਾ ਹੈ ਜਿਸ ਦਾ ਭਾਜਪਾ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਰੀਤੂ ਗੋਇਲ ਅਤੇ ਉਨ੍ਹਾਂ ਦੇ ਪਤੀ ਵਿਜੇ ਕੁਮਾਰ ਗੋਇਲ ਨੇ ਕਿਹਾ ਇਹ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਸਰਕਾਰ ਦਾ ਪੱਖ ਕੀਤਾ ਜਾ ਰਿਹਾ ਹੈ ਜਦੋਂ ਵਿਰੋਧੀ ਧਿਰ ਕੋਲ ਕੋਈ ਬਹੁਮਤ ਹੀ ਨਹੀਂ ਹੈ ਤਾਂ ਬੇਭਰੋਸਗੀ ਦੇ ਮਤੇ ਦਾ ਕੋਈ ਅਰਥ ਨਹੀਂ ਹੈ ਉਨ੍ਹਾਂ ਕਿਹਾ ਕਿ ਸਾਡੇ ਕੋਲ ਪੂਰਨ ਬਹੁਮਤ ਹੈ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇਸਾਹੀ ਨਾਲ ਨਗਰ ਕੌਂਸਲ ਦੀ ਪ੍ਰਧਾਨਗੀ ਤੋੜਨ ਸੰਬੰਧੀ ਕੋਸ਼ਿਸ਼ਾਂ ਕਰ ਰਹੀ ਕਰ ਰਿਹਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ, ਸੀਨੀਅਰ ਬੀਜੇਪੀ ਆਗੂ ਡਾ ਕੇਵਲ ਚੰਦ ਧੌਲਾ, ਰਾਜ ਕੁਮਾਰ ਮੰਡੇਰ ,ਬਬਲੂ ਸਿੰਗਲਾ ਕਾਲਾ ਰਾਮ ਮਿੱਤਲ, ਸੰਜੇ ਸੇੈਨ, ਬਬਲੀ ਢੱਡਰੀਆਂ, ਸਰਪੰਚ ਪਰਮਜੀਤ ਸਿੰਘ ਪੰਮਾ ਅਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ ।

ਕੀ ਕਹਿੰਦੇ ਨੇ ਵਿਰੋਧੀ ਧਿਰ ਦੇ ਕੌਂਸਲਰ

ਬੇਭਰੋਸਗੀ ਜਿਤਾਉਣ ਵਾਲੇ ਕੌਂਸਲਰ ਆਗੂ ਪਰਮਿੰਦਰ ਕੌਰ ਬਰਾੜ ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਵੀ ਸ਼ਾਰਟ ਨੋਟਿਸ ਤੇ ਮੀਟਿੰਗ ਕਾਲ ਕੀਤੀ ਗਈ ਜਿਸ ਕਾਰਨ ਸਾਡੇ ਕੌਂਸਲਰ ਬਾਹਰ ਹੋਣ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਸਨ। ਇਸੇ ਕਾਰਨ ਅਸੀਂ ਦੁਬਾਰਾ ਮੀਟਿੰਗ ਰੱਖਣ ਦੀ ਮੰਗ ਕੀਤੀ ਹੈ।ਇਸੇ ਤਰ੍ਹਾਂ ਧੱਕੇਸ਼ਾਹੀ ਦਾ ਤਾਂ ਸਵਾਲ ਹੀ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ