‘ਪੰਜਾਬ ’ਚ ਨਵਾਂ ਪੰਜਾਬ ਬਣਾਉਣ ਲਈ ਚੋਣ ਮੈਨੀਫੈਸਟੋ ਤਿਆਰ ਕੀਤਾ ਜਾ ਰਿਹੈ’
(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਪੰਜਾਬ ’ਚ 117 ਸੀਟਾਂ ’ਤੇ ਚੋਣ ਲੜੇਗੀ। ਪੰਜਾਬ ਵਿੱਚ ਨਵਾਂ ਪੰਜਾਬ ਸਿਰਜਣ ਲਈ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਭ੍ਰਿਸ਼ਟਾਚਾਰ ਤੋਂ ਅਜ਼ਾਦੀ, ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸੱਕ ਪੰਜਾਬ ਵਿੱਚ ਸੱਤਾ ਬਦਲਦੀ ਰਹੀ ਹੈ, ਪਰ ਸਿਸਟਮ ਨਹੀਂ ਬਦਲਿਆ। ਉਹ ਆਗਾਮੀ ਚੋਣਾਂ ਸਬੰਧੀ ਪਾਰਟੀ ਅਧਿਕਾਰੀਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਸੰਗਰੂਰ ਪੁੱਜੇ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਘਰਸ਼ ਚੋਣਾਂ ‘ਤੇ ਪ੍ਰਭਾਵਿਤ ਹੋਵੇਗਾ, ਉਨ੍ਹਾਂ ਕਿਹਾ ਕਿ ਹੁਣ ਇਹ ਮੁੱਦਾ ਖਤਮ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਿੱਤ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਬਕਾ ਵਿੱਤ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਕੀਤੇ ਗਏ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਸਿਆਸੀ ਦੁਸ਼ਮਣੀ ਕਾਰਨ ਕੇਸ ਦਰਜ ਨਹੀਂ ਹੋਣੇ ਚਾਹੀਦੇ, ਸਗੋਂ ਕਾਨੂੰਨ ਨੂੰ ਆਪਣਾ ਕੰਮ ਚੱਲਣ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦਰਮਿਆਨ ਵਧ ਰਹੀ ਸਿਆਸੀ ਨੇੜਤਾ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕੀਤੇ ਪਰ ਇਹ ਮੈਨੀਫੈਸਟੋ ਕਾਂਗਰਸ ਦਾ ਹੈ ਨਾ ਕਿ ਕੈਪਟਨ ਦਾ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣਾਂ ਲਈ ਕਮਰ ਕੱਸਣ ਲਈ ਕਿਹਾ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਵਿਕਰਮ ਪਾਲੀ ਸੈਣੀ, ਵਿਸ਼ਾਲ ਕੁਮਾਰ ਸੋਨੂੰ, ਭਾਜਪਾ ਕਿਸਾਨ ਮੋਰਚਾ ਦੇ ਆਗੂ ਸਤਵੰਤ ਸਿੰਘ ਪੂਨੀਆ, ਜਤਿੰਦਰ ਕਾਲੜਾ, ਕੇ.ਕੇ. ਮੋਦਗਿਲ, ਸਰਜੀਵਨ ਜਿੰਦਲ, ਦਿਆਲ ਸਿੰਘ ਸੋਢੀ, ਸੁਨੀਤਾ ਰਾਣੀ, ਰੋਮੀ ਗੋਇਲ, ਅਮਨਦੀਪ ਸਿੰਘ ਪੂਨੀਆ, ਰੋਮੀ ਗੋਇਲ, ਪ੍ਰਦੀਪ ਗਰਗ, ਨੀਰੂ ਤੁਲੀ, ਡਾ. ਲਛਮੀ ਦੇਵੀ, ਪਰਮਿੰਦਰ ਕੌਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ