ਯੂਥ ਕਾਂਗਰਸ ਦਾ ਲੱਗਿਆ ਹੋਇਆ ਸੀ ਸਟਿੱਕਰ, ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ : ਭਾਜਪਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਤੋਂੇ ਭਾਜਪਾ ਕਾਫ਼ੀ ਜਿਆਦਾ ਭੜਕ ਗਈ ਹੈ, ਜਿਸ ਕਾਰਨ ਮੰਗਲਵਾਰ ਨੂੰ ਭਾਜਪਾ ਸੜਕਾਂ ‘ਤੇ ਉੱਤਰਦੇ ਹੋਏ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਦੀ ਨਜ਼ਰ ਆਈ। ਭਾਜਪਾ ਜਿਲਾ ਇਕਾਈਆਂ ਵਲੋਂ ਜਿਥੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਪ੍ਰਦਰਸ਼ਨ ਕੀਤਾ ਗਿਆ ਉਥੇ ਚੰਡੀਗੜ ਮੁੱਖ ਦਫ਼ਤਰ ਵਿਖੇ ਭਾਜਪਾ ਲੀਡਰਾਂ ਨੇ ਰੱਜ ਕੇ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ‘ਤੇ ਹੀ ਦੋਸ਼ ਲਗਾ ਦਿੱਤਾ ਹੈ ਕਿ ਇਸ ਹਮਲੇ ਪਿੱਛੇ ਕਾਂਗਰਸ ਪਾਰਟੀ ਦਾ ਹੱਥ ਹੈ।
ਭਾਜਪਾ ਦਾ ਦੋਸ਼ ਹੈ ਕਿ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੀ ਇੱਕ ਗੱਡੀ ‘ਤੇ ਯੂਥ ਕਾਂਗਰਸ ਦਾ ਸਟਿੱਕਰ ਲੱਗਿਆ ਹੋਇਆ ਸੀ ਅਤੇ ਜਲੰਧਰ ਤੋਂ ਹੀ ਉਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿਸਾਨ ਜਥੇਬੰਦੀਆਂ ਨਾ ਹੀ ਪਿੱਛਾ ਕਰਨਗੀਆਂ ਅਤੇ ਨਾ ਹੀ ਕਿਸਾਨਾਂ ਵਲੋਂ ਉਨਾਂ ‘ਤੇ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਭਾਜਪਾ ਵਲੋਂ ਕਾਂਗਰਸ ਪਾਰਟੀ ਦੇ ਉਨਾਂ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਨਾਂ ਵਲੋਂ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਕੀਤਾ ਗਿਆ ਹੈ।
ਭਾਜਪਾ ਦੇ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਗੁੱਸਾ ਆਇਆ ਹੈ ਅਤੇ ਦੇਰ ਰਾਤ ਤੱਕ ਕਈ ਥਾਂਵਾਂ ‘ਤੇ ਪਾਰਟੀ ਵਰਕਰਾਂ ਵਲੋਂ ਰੋਸ ਜ਼ਾਹਿਰ ਕੀਤਾ ਗਿਆ। ਜਿਸ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨਾ ਦਿੰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਹਮਲੇ ਪਿਛੇ ਕੋਈ ਵੀ ਹੋਣ, ਉਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਸਾਜ਼ਿਸ਼ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਪੂਰੀ ਤਿਆਰੀ ਕਰਦੇ ਹੋਏ ਸਾਜਿਸ਼ਨ ਹਮਲਾ ਕੀਤਾ ਗਿਆ ਹੈ।
ਇਥੇ ਦੱਸਣ ਯੋਗ ਹੈ ਕਿ ਬੀਤੀ ਰਾਤ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜਲੰਧਰ ਵਿਖੇ ਇੱਕ ਪ੍ਰੋਗਰਾਮ ਵਿੱਚ ਭਾਗ ਲੈਣ ਤੋਂ ਬਾਅਦ ਵਾਪਸੀ ਪਠਾਨਕੋਟ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਟੋਲ ਪਲਾਜਾ ‘ਤੇ ਕਿਸਾਨਾਂ ਦੇ ਧਰਨੇ ਦੀ ਆੜ ਵਿੱਚ ਪਿਛੇ ਆ ਰਹੀ ਕੁਝ ਗੱਡੀਆਂ ਵਿੱਚ ਸਵਾਰ ਸ਼ਰਾਰਤੀ ਅਨਸਰਾਂ ਵਲੋਂ ਉਨਾਂ ‘ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨਾਂ ਦਾ ਬਚਾਅ ਹੋ ਗਿਆ ਪਰ ਗੱਡੀ ਪੂਰੀ ਤਰਾਂ ਭੰਨ ਦਿੱਤੀ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.