ਕੈਪਟਨ ਸਮਰੱਥਕਾਂ ਅਤੇ ਟਕਸਾਲੀ ਭਾਜਪਾਈਆਂ ਵਿਚਾਲੇ ਲੱਗੀ ਸਿਆਸੀ ਦੌੜ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਭਾਜਪਾ ’ਚ ਉਪਰਲੇ ਕ੍ਰਮ ਤੋਂ ਹੇਠਾਂ ਤੱਕ ਧੜੇਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਨਜ਼ਰੇ ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਸਤ ਨਜਰ ਆ ਰਹੇ ਕਾਂਗਰਸ ਅਤੇ ਅਕਾਲੀਆਂ ਦੇ ਠੰਢੇ ਪੈਣ ਨਾਲ ਭਾਜਪਾ ਹੀ ਅਜਿਹੀ ਇਕਲੌਤੀ ਸਿਆਸੀ ਪਾਰਟੀ ਹੈ ਜੋ ਸੱਤਾਧਾਰੀ ਆਪ ਸਰਕਾਰ ਦਾ ਸਾਹਮਣਾ ਕਰਦੇ ਹੋਏ ਅੱਗੇ ਵਧ ਰਹੀ ਹੈ।
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਭਾਜਪਾ ’ਚ ਸ਼ਮੂਲੀਅਤ ਤੋਂ ਬਾਅਦ ਭਾਜਪਾ ਦੀ ਸਿਆਸੀ ਤਾਕਤ ਵਧਣ ਦੇ ਲਗਾਏ ਜਾ ਰਹੇ ਕਿਆਸ ਉਸ ਸਮੇਂ ਵਿਗੜਦੇ ਨਜ਼ਰ ਆਏ ਜਦੋਂ ਪੰਜਾਬ ਭਾਜਪਾ ਦੋ ਧੜਿਆਂ ਵਿਚਕਾਰ ਵੰਡੀ ਨਜ਼ਰ ਆਈ। ਮੌਜੂਦਾ ਸਮੇਂ ਟਕਸਾਲੀ ਭਾਜਪਾਈਆਂ ਅਤੇ ਕੈਪਟਨ ਸਮੱਰਥਕਾਂ ਵਿਚਾਲੇ ਦੌੜ ਲੱਗੀ ਹੋਈ ਹੈ।
ਦਿਲਚਸਪ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਮੱਰਥਕਾਂ ਨੇ ਪਹਿਲੇ ਪੜਾਅ ਦੌਰਾਨ ਹੀ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਕੇ ਭਾਜਪਾ ਲੀਡਰਸ਼ਿਪ ’ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਟਕਸਾਲੀ ਭਾਜਪਾਈਆਂ ਦੀਆਂ ਫਿਕਰਾਂ ਵਧ ਗਈਆਂ ਹਨ ਅਤੇ ਉਨ੍ਹਾਂ ਕੈਪਟਨ ਧੜੇ ਦੀਆਂ ਸਰਗਰਮੀਆਂ ਤੋਂ ਦੂਰੀ ਬਣਾ ਲਈ ਹੈ।
ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਭਾਜਪਾ ਦੇ ਕੀਤੇ ਵਾਧੇ ਮੌਕੇ ਵੀ ਕੈਪਟਨ ਧੜੇ ਨੂੰ ਮਿਲੀ ਪ੍ਰਮੁੱਖਤਾ ਟਕਸਾਲੀ ਭਾਜਪਾ ਵਰਕਰਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਕੁੱਝ ਅਜਿਹਾ ਨਜ਼ਾਰਾ ਦੇਖਣ ਨੂੰ ਆਇਆ ਜਦੋਂ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਹਲਕਾ ਨਾਭਾ ਪੁੱਜੇ ਜਿਨ੍ਹਾਂ ਦੀ ਅਗਵਾਈ ਲਈ ਪੱਬਾਂ ਭਾਰ ਹੋਏ ਕੈਪਟਨ ਸਮੱਰਥਕਾਂ ਦੇ ਅੱਗੇ ਹੋਣ ਕਾਰਨ ਅਜਿਹੇ ਭਾਜਪਾ ਵਰਕਰਾਂ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਜਿਨ੍ਹਾਂ ਅੱਜ ਤੱਕ ਭਾਜਪਾ ਦੀ ਹਰ ਸਰਗਰਮੀ ’ਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਦਿਲਚਸਪ ਗੱਲ ਇਹ ਹੈ ਕਿ ਜਿੱਥੇ ਹਲਕਾ ਨਾਭਾ ਦੇ ਵਧੇਰੇ ਭਾਜਪਾਈਆਂ ਨੂੰ ਸੂਬਾ ਪ੍ਰਧਾਨ ਦਾ ਰੂਟ ਤੱਕ ਪਤਾ ਨਹੀਂ ਸੀ ਉਥੇ ਕੈਪਟਨ ਸਮਰੱਥਕ ਪਲ-ਪਲ ਦੀ ਖਬਰ ਨਾਲ ਲੈਸ ਸਨ।
ਤਾਲਮੇਲ ਦੀ ਕਮੀ ਕਾਰਨ ਇੱਕ ਮੰਚ ’ਤੇ ਨਜ਼ਰ ਨਹੀਂ ਆਉਂਦੇ ਦੋਵਾਂ ਧੜਿਆਂ ਦੇ ਆਗੂ
ਉਪਰੋਕਤ ਵਰਤਾਰੇ ਤੋਂ ਸਪੱਸ਼ਟ ਹੈ ਕਿ ਦੂਜੀਆਂ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਭਾਜਪਾ ’ਚ ਸ਼ਮੂਲੀਅਤ ਨੇ ਟਕਸਾਲੀ ਭਾਜਪਾਈਆ ਲਈ ਚੁਣੌਤੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਲੀਡਰਸ਼ਿਪ ਲਈ ਟਕਸਾਲੀ ਅਤੇ ਕੈਪਟਨ ਸਮੱਰਥਕਾਂ ਦੀ ਏਕਤਾ ਸਮੇਂ ਦੀ ਲੋੜ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਟਕਸਾਲੀਆਂ ਅਤੇ ਕੈਪਟਨ ਸਮੱਰਥਕਾਂ ਨੂੰ ਇੱਕੋ ਸਮੇਂ ਨਾਲ ਚੱਲਣ ਲਈ ਭਾਜਪਾ ਲੀਡਰਸ਼ਿਪ ਕੀ ਸਿਆਸੀ ਦਾਅ ਖੇਡਦੀ ਹੈ।
ਗੁਰਪ੍ਰੀਤ ਸ਼ਾਹਪੁਰ ਲਈ ਚੁਣੌਤੀ ਬਣਦੇ ਜਾ ਰਹੇ ਹਨ ਬਰਿੰਦਰ ਬਿੱਟੂ
ਹਲਕਾ ਨਾਭਾ ਤੋਂ ਕੈਪਟਨ ਦੇ ਥਾਪੜੇ ਸਦਕਾ ਸ਼ਾਮਲ ਹੋਏ ਬਰਿੰਦਰ ਬਿੱਟੂ ਨੇ ਭਾਜਪਾ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਸ਼ਾਹਪੁਰ ਲਈ ਔਕੜਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬਰਿੰਦਰ ਬਿੱਟੂ ਕੈਪਟਨ ਧੜੇ ਨਾਲ ਜੁੜੇ ਹਨ ਜਦਕਿ ਗੁਰਪ੍ਰੀਤ ਸ਼ਾਹਪੁਰ ਪ੍ਰਧਾਨਮੰਤਰੀ ਮੋਦੀ ਸਮੇਤ ਕੇਂਦਰੀ ਭਾਜਪਾ ਆਗੂਆਂ ਦੇ ਸੰਪਰਕ ’ਚ ਹਨ।
ਦਿਲਚਸਪ ਗੱਲ ਇਹ ਹੈ ਕਿ ਗੁਰਪ੍ਰੀਤ ਸ਼ਾਹਪੁਰ ਦੇ ਪਿਤਾ ਸਾਬਕਾ ਵਿਧਾਇਕ ਸਵ. ਬਲਵੰਤ ਸ਼ਾਹਪੁਰ ਅਤੇ ਬਰਿੰਦਰ ਬਿੱਟੂ ਦੇ ਸਹੁਰਾ ਮੱਖਣ ਲਾਲਕਾ ਵਿਚਾਲੇ ਤਤਕਾਲੀਨ ਸਮੇਂ ਅਕਾਲੀਆਂ ਦੀ ਟਿਕਟ ਲਈ ਲੱਗੀ ਸਿਆਸੀ ਦੌੜ ਅੱਜ ਵੀ ਬਦਸਤੂਰ ਜਾਰੀ ਹੈ ਪਰੰਤੂ ਸਮਾਂ ਅਤੇ ਚਿਹਰੇ ਬਦਲ ਗਏ ਹਨ। ਜ਼ਿਆਦਾਤਰ ਸਮਾਗਮਾਂ ’ਚ ਜਾਂ ਬਰਿੰਦਰ ਬਿੱਟੂ ਹੁੰਦੇ ਹਨ ਜਾਂ ਗੁਰਪ੍ਰੀਤ ਸ਼ਾਹਪੁਰ। ਦੋਵਾਂ ਨੂੰ ਇਕੱਠੇ ਦੇਖਣ ਦੇ ਸੁਭਾਗ ਤੋਂ ਸੱਖਣੇ ਭਾਜਪਾ ਆਗੂ ਦੋਚਿੱਤੀ ’ਚ ਪਏ ਹੋਏ ਹਨ ਜੋ ਕਿ ਹਲਕਾ ਭਾਜਪਾ ਲਈ ਚੰਗਾ ਸੰਕੇਤ ਨਹੀਂ ਜਾਪ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ