ਕੇਂਦਰ ਨਾਲ ਗੱਲਬਾਤ ਰਾਹੀਂ ਮਸਲੇ ਦੇ ਹੱਲ ਦਾ ਦਿਵਾਇਆ ਭਰੋਸਾ | Arvind Khanna
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ (Arvind Khanna) ਅੱਜ ਖਾਸ ਤੌਰ ’ਤੇ ਪੀਜੀਆਈ ਘਾਬਦਾਂ ਤੋਂ ਬਰਖਾਸਤ ਠੇਕਾ ਪ੍ਰਣਾਲੀ ਅਧੀਨ ਨਰਸਾਂ ਦੇ ਮੋਰਚੇ ’ਚ ਪੁੱਜੇ ਤੇ ਉਨ੍ਹਾਂ ਧਰਨਾਕਾਰੀ ਨਰਸਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਪ੍ਰਦਰਸ਼ਨਕਾਰੀ ਨਰਸਾਂ ਵੱਲੋਂ ਅਰਵਿੰਦ ਖੰਨਾ ਨਾਲ ਪੂਰੇ ਸੁਖਾਵੇ ਮਾਹੌਲ ’ਚ ਗੱਲਬਾਤ ਕੀਤੀ ਗਈ ਤੇ ਧਰਨੇ ’ਚ ਪੁੱਜਣ ’ਤੇ ਉਨ੍ਹਾਂ ਧੰਨਵਾਦ ਕੀਤਾ ਗਿਆ।
ਪੀਜੀਆਈ ਘਾਬਦਾਂ ਵਿਖੇ ਹੀ ਪ੍ਰੈੱਸ ਦੇ ਰੂਬਰੂ ਹੁੰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਉਹ ਖੁਦ ਇਨ੍ਹਾਂ ਨਰਸਾਂ ਦੇ ਮਸਲੇ ਦਾ ਜਲਦ ਹੱਲ ਚਾਹੁੰਦੇ ਹਨ ਤੇ ਇਸ ਮਸਲੇ ’ਤੇ ਉਹ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਨਾਲ ਰਾਬਤੇ ’ਚ ਹਨ ਤੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਰਾਹੀਂ ਇਨ੍ਹਾਂ ਧਰਨਾਕਾਰੀ ਨਰਸਾਂ ਦੇ ਮਾਮਲੇ ਦਾ ਹੱਲ ਕਰਵਾਉਣ ਲਈ ਯਤਨ ਕਰ ਰਹੇ ਹਨ।
ਨਰਸਿੰਗ ਸਟਾਫ ਮਸਲੇ ਦੇ ਜਲਦ ਹੱਲ ਲਈ ਹਾਂ ਪੂਰੀ ਤਰ੍ਹਾਂ ਨਾਲ ਯਤਨਸ਼ੀਲ: Arvind Khanna
ਸ੍ਰੀ ਖੰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਰਸਿੰਗ ਸਟਾਫ ਦੇ ਮਸਲੇ ਸਬੰਧੀ ਇੱਕ ਪੱਤਰ ਵੀ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਜਿਸ ਦੀ ਇੱਕ ਕਾਪੀ ਅੱਜ ਇਨ੍ਹਾਂ ਧਰਨਾਕਾਰੀ ਨਰਸਾਂ ਨੂੰ ਵੀ ਸੌਂਪੀ ਗਈ। ਇਸ ਸਬੰਧੀ ਪ੍ਰਦਰਸ਼ਨਕਾਰੀਆਂ ਨਰਸਾਂ ਨੇ ਕਿਹਾ ਕਿ ਉਹ ਬੀਤੇ ਦਿਨੀ ਅਰਵਿੰਦ ਖੰਨਾ ਦੀ ਕੋਠੀ ਗਈਆਂ ਸਨ ਪਰ ਉੱਥੇ ਉਹ ਮੌਜੂਦ ਨਹੀਂ ਸਨ ਤੇ ਅੱਜ ਉਹ ਖੁਦ ਉਨ੍ਹਾਂ ਵਿਚਕਾਰ ਪੁੱਜੇ ਹਨ ਤੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ । ਉਨ੍ਹਾਂ ਕਿਹਾ ਕਿ ਹਾਲੇ ਤੱਕ ਸੰਗਰੂਰ ਪ੍ਰਸ਼ਾਸਨ ਤੇ ਕਿਸੇ ਵੀ ਲੀਡਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਨਾ ਕਿਸੇ ਤਰ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ 40 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਹਨ ਤੇ ਆਪਣੇ ਬੱਚਿਆਂ ਅਤੇ ਪਰਿਵਾਰਾਂ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਖੰਨਾ ਦੇ ਯਤਨਾਂ ਨਾਲ ਉਨ੍ਹਾਂ ਦੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਸ਼ੁਕਰਗੁਜਾਰ ਹੋਣਗੇ।