ਭਾਜਪਾ ਕਿਸਾਨ ਸੈੱਲ ਦੇ ਪ੍ਰਧਾਨ ਤਰਲੋਚਨ ਗਿੱਲ ਵੱਲੋਂ ਅਸਤੀਫ਼ਾ

Tarlochan Resigns

ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਧਾਨਗੀ ਦੇ ਨਾਲ-ਨਾਲ ਪਾਰਟੀ ਵੀ ਛੱਡੀ

  •  ਮੈਂ ਖ਼ੁਦ ਕੀਤੀ ਸੀ ਕੇਂਦਰ ਨਾਲ ਗੱਲਬਾਤ ਪਰ ਕੇਂਦਰ ਨੇ ਨਹੀਂ ਮੰਨੀ ਸਾਡੀ ਗੱਲ : ਤਰਲੋਚਨ ਸਿੰਘ
  •  ਜੇ.ਪੀ. ਨੱਢਾ ਦੇ ਬਿਆਨ ਤੋਂ ਸਨ ਖਫ਼ਾ, ਕੀ ਹੁਣ ਕਿਸਾਨ ਦਲਾਲ ਜਾਂ ਫਿਰ ਵਿਚੋਲੀਏ ਬਣ ਗਏ : ਤਰਲੋਚਨ ਸਿੰਘ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਾਜਪਾ ਕਿਸਾਨ ਸੈੱਲ ਪੰਜਾਬ ਦੇ ਪ੍ਰਧਾਨ ਤਰਲੋਚਨ ਸਿੰਘ ਗਿੱਲ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਤਰਲੋਚਨ ਸਿੰਘ ਗਿੱਲ ਭਾਜਪਾ ਵੱਲੋਂ ਪਾਸ ਕੀਤੇ ਗਏ ਤਿੰਨੇ ਕਾਨੂੰਨਾਂ ਤੋਂ ਕਾਫ਼ੀ ਜ਼ਿਆਦਾ ਨਰਾਜ਼ ਸਨ ਪਰ ਫਿਰ ਵੀ ਕਿਸਾਨਾਂ ਅਤੇ ਭਾਜਪਾ ਵਿਚਕਾਰ ਗੱਲਬਾਤ ਕਰਵਾਉਣ ਦੀ ਕੋਸ਼ਸ਼ ਕਰ ਰਹੇ ਸਨ। ਬੀਤੇ ਦਿਨੀਂ ਜੇ.ਪੀ. ਨੱਢਾ  ਦੇ ਕਿਸਾਨਾਂ ਸਬੰੰਧੀ ਦਲਾਲ ਅਤੇ ਵਿਚੋਲੀਏ ਦੇ ਬਿਆਨ ਤੋਂ ਖ਼ਾਸੇ ਨਰਾਜ਼ ਹੁੰਦੇ ਹੋਏ ਅੱਜ ਉਨ੍ਹਾਂ ਨੇ ਪ੍ਰਧਾਨਗੀ ਦੇ ਨਾਲ ਹੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤਰਲੋਚਨ ਸਿੰਘ ਗਿੱਲ ਪਿਛਲੇ 25-30 ਸਾਲ ਤੋਂ ਭਾਜਪਾ ਦੇ ਨਾਲ ਹੀ ਜੁੜੇ ਹੋਏ ਸਨ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਕਿਸਾਨ ਸÎੱੈਲ ਦੇ ਪ੍ਰਧਾਨ ਵੀ ਸਨ।

Tarlochan Resigns

ਤਰਲੋਚਨ ਸਿੰਘ ਗਿੱਲ ਨੇ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਦੱਸਿਆ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਕਾਨੂੰਨ ਨੂੰ ਮੁੜ ਵਿਚਾਰ ਕਰਨ ਲਈ ਉਹ ਭਾਜਪਾ ਕੋਲ ਲਗਾਤਾਰ ਪਹੁੰਚ ਕਰ ਰਹੇ ਸਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਹ ਨਿਰਾਸ਼ ਚੱਲ ਰਹੇ ਸਨ। ਬੀਤੇ ਦਿਨੀਂ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵਲੋਂ ਦਿੱਤੇ ਗਏ ਬਿਆਨ ਨੇ ਉਨ੍ਹਾਂ ਨੂੰ ਤੋੜ ਕੇ ਹੀ ਰੱਖ ਦਿੱਤਾ, ਜਿਸ ਕਾਰਨ ਹੁਣ ਉਹ ਭਾਜਪਾ ਵਿੱਚ ਰਹਿੰਦੇ ਹੋਏ ਆਪਣੀ ਸਿਆਸੀ ਪਾਰੀ ਨੂੰ ਅੱਗੇ ਨਹੀਂ ਲਿਜਾ ਸਕਦੇ ।

BJP Kisan Cell President Tarlochan Gill resigns

 ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਲਈ ਪੇਟ ਭਰਦਾ ਆ ਰਿਹਾ ਹੈ, ਜਦੋਂ ਕਿ ਜੇ.ਪੀ. ਨੱਢਾ ਵੱਲੋਂ ਕਿਸਾਨਾਂ ਨੂੰ ਵਿਚੋਲੀਏ ਅਤੇ ਦਲਾਲ ਤੱਕ ਕਰਾਰ ਦੇ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀ ਭਾਸ਼ਾ ਦੇਸ਼ ਦੇ ਅੰਨਦਾਤਾ ਲਈ ਵਰਤੋਂ ਕਰਨਾ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਅੰਨ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਪੰਜਾਬ ਨੇ ਹੀ ਦੇਸ਼ ਵਿੱਚ ਅੰਨ ਭੰਡਾਰ ਪੈਦਾ ਕਰਦੇ ਹੋਏ ਹਰ ਕਿਸੇ ਨੂੰ ਰੋਟੀ ਦਿੱਤੀ ਹੈ ਪਰ ਹੁਣ ਦੇਸ਼ ਨੂੰ ਜ਼ਿਆਦਾ ਅੰਨ ਦੀ ਲੋੜ ਨਹੀਂ ਤਾਂ ਇਸ ਤਰੀਕੇ ਨਾਲ ਅੰਨਦਾਤਾ ਨਾਲ ਵਿਵਹਾਰ ਨਹੀਂ ਕੀਤਾ ਜਾ ਸਕਦਾ ਹੈ।

ਇਸ ਲਈ ਪਹਿਲਾਂ ਤਾਂ ਉਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਣ ਕਰਕੇ ਉਨ੍ਹਾਂ ਪਾਰਟੀ ਵਿੱਚ ਪ੍ਰਧਾਨਗੀ ਦੇ ਅਹੁਦੇ ਦੇ ਨਾਲ ਹੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਣ ਦਾ ਫੈਸਲਾ ਕਰ ਲਿਆ। ਉਨ੍ਹਾਂ ਵੱਲੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ ਹੈ ਅਤੇ ਉਹ ਹੁਣ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀ ਲੜਾਈ ਵਿੱਚ ਭਾਗ ਲੈਣਗੇ। ਇਥੇ ਦੱਸਣਯੋਗ ਹੈ ਕਿ ਤਰਲੋਚਨ ਸਿੰਘ ਦੀ ਕੋਠੀ ਅੱਗੇ ਵੀ ਕਿਸਾਨਾਂ ਵੱਲੋਂ ਪਿਛਲੇ 10-15 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.