ਭਾਜਪਾ ਨੇ ਚੋਣ ਕਮਿਸ਼ਨ ਤੋਂ ਮਾਮਲਾ ਦਰਜ ਕਰਕੇ ਕਾਰਵਾਈ ਦੀ ਕੀਤੀ ਮੰਗ
(ਸੱਚ ਕਹੂੰ ਨਿਊਜ਼) ਜ਼ੀਰਕਪੁਰ। ਬੀਤੀ ਦੇਰ ਰਾਤ ਅੱਧਾ ਦਰਜਨ ਤੋਂ ਵੱਧ ਕੁਝ ਲੋਕਾਂ ਵੱਲੋਂ ਢਕੋਲੀ ਖੇਤਰ ਵਿੱਚ ਲੱਗੇ ਭਾਰਤੀ ਜਨਤਾ ਪਾਰਟੀ ਦੇ ਝੰਡਿਆਂ ਨੂੰ (BJP Flags) ਫਾੜ ਕੇ ਅੱਗ ਲਗਾ ਦਿੱਤੀ ਗਈ। ਇਨ੍ਹਾਂ ਅਨਸਰਾਂ ਨੇ ਰਾਤ ਦੇ ਸਮੇਂ ਝੰਡੇ ਆਦਿ ਲਗਾਉਣ ਵਾਲੇ ਭਾਜਪਾ ਵਰਕਰਾਂ ਨਾਲ ਕੁੱਟਮਾਰ ਵੀ ਕੀਤੀ। ਭਾਜਪਾ ਉਮੀਦਵਾਰ ਦੇ ਦਫਤਰ ਵੱਲੋਂ ਜਾਰੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਉਕਤ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਮਨਦੀਪ ਸਿੰਘ ਸੀ ਅਤੇ ਉਹ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਸੀ।
ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਡੇਰਾਬੱਸੀ ਤੋਂ ਪਾਰਟੀ ਉਮੀਦਵਾਰ ਸੰਜੀਵ ਖੰਨਾ ਦੀ ਵਧਦੀ ਲੋਕਪਿ੍ਰਅਤਾ ਨੂੰ ਦੇਖਦੇ ਹੋਏ ਅੱਜ ਕਾਂਗਰਸ, ਅਕਾਲੀ ਦਲ ਅਤੇ ਹੋਰ ਵਿਰੋਧੀ ਦਲ ਬੌਖਲਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਉਕਤ ਅਨਸਰਾਂ ਵਿੱਚੋਂ ਇੱਕ ਨੇ ਕਿਸਾਨ ਏਕਤਾ ਜਿੰਦਾਬਾਦ ਦਾ ਮੁੱਦਾ ਉਠਾਇਆ ਪਰ ਭਾਜਪਾ ਦਾ ਦਿ੍ਰੜ੍ਹ ਵਿਸ਼ਵਾਸ ਹੈ ਕਿ ਕਿਸਾਨ ਪਾਰਟੀ ਦੇ ਖ਼ਿਲਾਫ਼ ਅਜਿਹਾ ਕੋਈ ਕਦਮ ਨਹੀਂ ਚੁੱਕ ਸਕਦੀ, ਕਿਉਂਕਿ ਮੁਹਾਲੀ ਜਿਲ੍ਹੇ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਸੰਗਠਨ ਨਾ ਕੇਵਲ ਭਾਜਪਾ ਦਾ ਸਮੱਰਥਨ ਕਰ ਰਹੇ ਹਨ ਬਲਕਿ ਪੇਂਡੂ ਖੇਤਰਾਂ ਵਿੱਚ ਪਾਰਟੀ ਲਈ ਚੋਣ ਮੁਹਿੰਮ ਵੀ ਚਲਾ ਰਹੇ ਹਨ। ਭਾਜਪਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਜਲਦ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜ ਦਿਨਾਂ ਦੇ ਅੰਦਰ ਇਹ ਦੂਸਰੀ ਘਟਨਾ ਹੈ।
ਭਾਜਪਾ ਦਫਤਰ ਅਨੁਸਾਰ ਇਸ ਤੋਂ ਪਹਿਲਾਂ ਆਟੋ ਰਿਕਸ਼ਾ ’ਤੇ ਲੱਗੇ ਭਾਜਪਾ ਦੇ ਫਲੈਕਸ ਬੋਰਡ ਵੀ 25 ਜਨਵਰੀ ਨੂੰ ਪਾੜ ਦਿੱਤੇ ਗਏ ਸਨ ਜਿਸ ਬਾਰੇ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਵਾਈ ਹੋਈ ਹੈ। ਉਦੋਂ ਵੀ ਪੰਜ ਸੱਤ ਬਦਮਾਸ਼ਾਂ ਨੇ ਆਟੋ ਚਾਲਕ ਨੂੰ ਕੁੱਟਿਆ ਜਿਸ ਦੇ ਕੁਝ ਸੱਟਾਂ ਵੀ ਲੱਗੀਆਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ