Canada: ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹਾਲ ਹੀ ’ਚ ਉਸ ਸਮੇਂ ਹੋਰ ਵਿਗੜ ਗਏ ਜਦੋਂ ਕੈਨੇਡਾਈ ਉਪ-ਮੰਤਰੀ ਡੈਵਿਡ ਮਾਰੀਸਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਬੇਬੁਨਿਆਦ ਦੋਸ਼ ਲਾਏ। ਇਸ ਤਰ੍ਹਾਂ ਦੀਆਂ ਗੈਰ-ਜਿੰਮੇਦਾਰਾਨਾ ਹਰਕਤਾਂ ਦੇ ਚੱਲਦਿਆਂ ਭਾਰਤ ਸਰਕਾਰ ਨੇ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਕੈਨੇਡਾ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਿਹਾਰ ਦੇ ਗੰਭੀਰ ਨਤੀਜੇ ਹੋਣਗੇ।
Read Also : Stop Stubble Burning: ਨੰਬਰਦਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ ’ਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾਈ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਤਲਬ ਕੀਤਾ ਅਤੇ ਸਖ਼ਤ ਵਿਰੋਧ ਪ੍ਰਗਟ ਕੀਤਾ। ਇਹ ਘਟਨਾਕ੍ਰਮ ਦਰਸ਼ਾਉਂਦਾ ਹੈ ਕਿ ਦੁਵੱਲੇ ਸਬੰਧਾਂ ’ਚ ਇੱਕ ਨਵੀਂ ਤਰੇੜ ਪੈਦਾ ਹੋ ਰਹੀ ਹੈ, ਜੋ ਭਵਿੱਖ ’ਚ ਹੋਰ ਵੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਕੈਨੇਡਾ ਦੀ ਇਸ ਕਾਰਵਾਈ ਨੂੰ ਭਾਰਤ ਨੇ ਆਪਣੀ ਖੁਦਮੁਖਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਿਆਂ ਇਸ ਨੂੰ ਨਾ ਸਿਰਫ਼ ਇੱਕ ਸਿਆਸੀ ਗਲਤਫਹਿਮੀ, ਸਗੋਂ ਇੱਕ ਗੰਭੀਰ ਕੂਟਨੀਤਿਕ ਭੁੱਲ ਵੀ ਦੱਸਿਆ ਹੈ। Canada
ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੀ ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਤੇ ਕੈਨੇਡਾ ਵਿਚਕਾਰ ਵਧਦੇ ਤਣਾਅ ਦਾ ਸਿੱਧਾ ਅਸਰ ਵਪਾਰ, ਸੱਭਿਆਚਾਰ ਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਪੈ ਸਕਦਾ ਹੈ। ਕੈਨੇਡਾ ’ਚ ਵੱਡੀ ਗਿਣਤੀ ’ਚ ਭਾਰਤੀ ਪ੍ਰਵਾਸੀ ਰਹਿੰਦੇ ਹਨ, ਜੋ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ। ਅਜਿਹੇ ’ਚ, ਜੇਕਰ ਰਿਸ਼ਤਿਆਂ ’ਚ ਹੋਰ ਕੁੜੱਤਣ ਆਉਂਦੀ ਹੈ, ਤਾਂ ਇਹ ਪ੍ਰਵਾਸੀਆਂ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਦੋਵਾਂ ਦੇਸ਼ਾਂ ਲਈ ਚਿੰਤਾਜਨਕ ਹੈ। ਅਜਿਹੇ ਸਮੇਂ ’ਚ ਜਦੋਂ ਸੰਸਾਰਿਕ ਰਾਜਨੀਤੀ ’ਚ ਸਥਿਰਤਾ ਅਤੇ ਸਹਿਯੋਗ ਦੀ ਲੋੜ ਹੈ, ਇਸ ਤਰ੍ਹਾਂ ਦੇ ਦੋਸ਼ ਅਤੇ ਪ੍ਰਤੀਕਿਰਿਆਵਾਂ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਉਚਿਤ ਹੈ ਕਿ ਦੋਵੇਂ ਦੇਸ਼ ਗੱਲਬਾਤ ਦੇ ਜ਼ਰੀਏ ਆਪਸੀ ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰਨ, ਤਾਂ ਕਿ ਆਪਸੀ ਸਬੰਧ ਫਿਰ ਤੋਂ ਆਮ ਹੋ ਸਕਣ।