ਬਿਕਰਮ ਮਜੀਠੀਆ ਦੀ ਵਾਇਰਲ ਹੋ ਰਹੀ ਤਸਵੀਰ ਨੇ ਸਿਆਸਤ ’ਚ ਲਿਆਂਦਾ ਭੂਚਾਲ, ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਤੇਜ਼

bikrm majitha

‘ਆਪ’ ਨੇ ਦੱਸਿਆ ਚੋਣ ਸਟੰਟ, CM ਚੰਨੀ ਤੇ ਸੁਖਬੀਰ ਵਿਚਾਲੇ ਗੁਪਤ ਡੀਲ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਡਰੱਗ ਮਾਮਲੇ ਵਿੱਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨਵੇਂ ਸਾਲ ਮੌਕੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮਜੀਠੀਆ ਦੀਆਂ ਤਸਵੀਰਾਂ ਸਾਹਮਣੇ ਆਉਂਦਿਆਂ ਹੀ ਪੰਜਾਬ ਪੁਲਿਸ ‘ਚ ਹੜਕੰਪ ਮਚ ਗਿਆ ਹੈ।

ਪੰਜਾਬ ਪੁਲਿਸ ਮਜੀਠੀਆ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜਿਸ ਨੂੰ ਲੈ ਕੈ ਵਿਰੋਧੀਆਂ ਪਾਰਟੀਆਂ ਨੇ ਚੰਨੀ ਸਰਕਾਰ ਨੂੰ ਨਿਸਾਨੇ ’ਤੇ ਲਿਆ। ਆਮ ਆਦਮੀ ਪਾਰਟੀ ਨੇ ਇਸ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਅਕਾਲੀ ਮੁਖੀ ਸੁਖਬੀਰ ਬਾਦਲ ਵਿਚਾਲੇ ਗੁਪਤ ਡੀਲ ਹੋ ਚੁੱਕੀ ਹੈ।

ਪੰਜਾਬ ਵਿੱਚ ਗ੍ਰਹਿ ਮੰਤਰਾਲਾ ਸੰਭਾਲ ਰਹੇ ਉਪ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਫੋਟੋ ਪੁਰਾਣੀ ਲੱਗ ਰਹੀ ਹੈ। ਮਜੀਠੀਆ ਨੇ ਸੱਚਖੰਡ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਸਿਰ ਕਿਉਂ ਨਹੀਂ ਝੁਕਾਇਆ? ਉਨ੍ਹਾਂ ਕਿਹਾ ਕਿ ਪੁਲਿਸ ਕਦੇ ਵੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਵੇਗੀ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਵੀ ਦੱਸਦੀ ਹੈ ਤਾਂ ਉਹ ਸੋਚ ਕੇ ਅੰਦਰ ਜਾਣਗੇ।

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਕੇ ਇਹ ਦਿਖਾਇਆ ਜਾ ਰਿਹਾ ਹੈ ਕਿ ਸਰਕਾਰ ਨਸ਼ਿਆਂ ਖ਼ਿਲਾਫ਼ ਲੜਾਈ ਜਿੱਤ ਚੁੱਕੀ ਹੈ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਸੁਖਬੀਰ ਤੇ ਸੀਐਮ ਚੰਨੀ ਦਾ ਪੁਰਾਣਾ ਰਿਸ਼ਤਾ ਹੈ। ਉਨਾਂ ਇੱਕ ਪੁਰਾਣੇ ਮਾਮਲੇ ਦਾ ਜਿਕਰ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲੇ ‘ਚ CM ਚੰਨੀ ਦਾ ਭਰਾ ਦੋਸ਼ੀ ਸੀ, ਜਿਸ ਨੂੰ ਛੁਡਾਉਣ ਲਈ CM ਨੇ ਬਾਦਲਾਂ ਦਾ ਸਹਾਰਾ ਲਿਆ। ਜਿਸ ਕਾਰਨ ਇਹ ਫਿਕਸ ਮੈਚ ਖੇਡਿਆ ਗਿਆ ਹੈ। ਇਸੇ ਕਰਕੇ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਜਿਕਰਯੋਗ ਹੈ ਕਿ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੇ ਜਾਣ ਤੋਂ ਬਾਅਦ ਪੰਜਾਬ-ਹਰਿਆਣਾ ਹਾਈ ਕੋਰਟ ਹੁਣ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ 5 ਜਨਵਰੀ ਨੂੰ ਸੁਣਵਾਈ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ