ਯੂਪੀਆਈ ਰਾਹੀਂ ਸਿੰਗਾਪੁਰ ’ਚ ਲੈਣ-ਦੇਣ ਦੀ ਸਹੂਲਤ ਸ਼ੁਰੂ | Online Transaction and UPI
ਨਵੀਂ ਦਿੱਲੀ (ਏਜੰਸੀ)। ਬੈਂਕ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਹੋਏ ਮੋਬਾਇਲ ਐਪ ਰਾਹੀਂ ਭਾਰਤ ਅਤੇ ਸਿੰਗਾਪੁਰ ਵਿਚਕਾਰ ਤਤਕਾਲ ਪੈਸੇ ਭੇਜਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਿੰਗਾਪੁਰ ਵੀ ਅੰਤਰਰਾਸ਼ਟਰੀ ਪੱਧਰ ’ਤੇ ਯੂਪੀਆਈ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਸੇਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਦੀ ਮੌਜੂਦਗੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂ ਕੀਤੀ ਗਈ। ਭਾਰਤ ਦੇ ‘ਯੂਪੀਆਈ’ ਅਤੇ ਸਿੰਗਾਪੁਰ ਦੇ ‘ਪੇ ਨਾਓ’ ਡਿਜੀਟਲ ਭੁਗਤਾਨ ਪ੍ਰਣਾਲੀਆ ਦੇ ਏਕੀਕਰਨ ਨੂੰ ਰਸਮੀ ਤੌਰ ’ਤੇ ਲਾਂਚ ਕੀਤਾ ਗਿਆ ਸੀ।
ਅੰਤਰਰਾਸ਼ਟਰੀ ਪੱਧਰ ’ਤੇ UPI ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸਿੰਗਾਪੁਰ
ਸੇਵਾ ਦਾ ਉਦਘਾਟਨ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਬੈਂਕਿੰਗ ਰੈਗੂਲੇਟਰ ਮੋਨੇਟਰੀ ਅਥਾਰਟੀ ਆਫ ਸਿੰਗਾਪੁਰ (MAS) ਦੇ ਪ੍ਰਬੰਧ ਨਿਰਦੇਸ਼ਕ ਰਵੀ ਮੇਨਨ ਨੇ ਕੀਤਾ। ਇਹ ਦੋ ਭੁਗਤਾਨ ਪ੍ਰਣਾਲੀਆਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਫੰਡਾਂ ਦੇ ਤੇਜ਼ ਅਤੇ ਘੱਟ ਲਾਗਤ ਦੇ ਤਬਾਦਲੇ ਨੂੰ ਸਮਰੱਥ ਬਣਾਉਣ ਲਈ ਜੋੜਿਆ ਗਿਆ ਹੈ। ਇਹ ਸਿੰਗਾਪੁਰ ਵਿੱਚ ਭਾਰਤੀ ਪ੍ਰਵਾਸੀਆਂ, ਖਾਸ ਤੌਰ ’ਤੇ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਸਿੰਗਾਪੁਰ ਤੋਂ ਭਾਰਤ ਅਤੇ ਭਾਰਤ ਤੋਂ ਸਿੰਗਾਪੁਰ ਨੂੰ ਜਲਦੀ ਅਤੇ ਘੱਟ ਲਾਗਤ ’ਤੇ ਪੈਸੇ ਟਰਾਂਸਫਰ ਕਰਨ ਵਿੱਚ ਵੀ ਮੱਦਦ ਕਰੇਗਾ। ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਕਰੀਬ ਪੌਨੇ ਚਾਰ ਲੱਖ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਰਤੀ ਰੁਜ਼ਗਾਰ, ਸਿੱਖਿਆ ਅਤੇ ਹੋਰ ਕੰਮਾਂ ਲਈ ਉੱਥੇ ਰਹਿ ਰਹੇ ਹਨ।
ਭਾਰਤ ਵਿੱਚ ਡਿਜੀਟਲ ਭੁਗਤਾਨ ਜਲਦੀ ਹੀ ਨਕਦ ਭੁਗਤਾਨਾਂ ਤੋਂ ਵੱਧ ਜਾਵੇਗਾ: ਮੋਦੀ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਰਵੀ ਮੇਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਦੀ ਮੌਜੂਦਗੀ ਵਿੱਚ ਆਪਣੇ ਮੋਬਾਇਲ ਫੋਨਾਂ ਤੋਂ ਇੱਕ ਦੂਜੇ ਨੂੰ ਪੈਸੇ ਟਰਾਂਸਫਰ ਕਰਕੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਇਸ ਮੌਕੇ ’ਤੇ ਬੋਲਦਿਆਂ ਮੋਦੀ ਨੇ ਕਿਹਾ ਕਿ ਜਲਦੀ ਹੀ ਦੇਸ਼ ’ਚ ਡਿਜੀਟਲ ਲੈਣ-ਦੇਣ ਦਾ ਆਕਾਰ ਨਕਦੀ ਤੋਂ ਵੱਧ ਜਾਵੇਗਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਦੀ ਦੋਸਤੀ ਬਹੁਤ ਪੁਰਾਣੀ ਹੈ ਅਤੇ ਹਮੇਸ਼ਾ ਸਮੇਂ ਦੀ ਕਸੌਟੀ ’ਤੇ ਖੜੀ ਰਹੀ ਹੈ।