ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ | Rishabh Pant
- ਪੈਰ ਦਾ ਅੰਗੂਠਾ ਟੁੱਟਿਆ, 6 ਹਫ਼ਤੇ ਆਰਾਮ
ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਪੰਤ ਚੌਥੇ ਟੈਸਟ ਦੇ ਪਹਿਲੇ ਦਿਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਅੰਗੂਠੇ ’ਚ ਫਰੈਕਚਰ ਹੈ ਤੇ ਉਨ੍ਹਾ ਨੂੰ 6 ਹਫ਼ਤੇ ਦਾ ਆਰਾਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਕੈਨ ਰਿਪੋਰਟ ’ਚ ਫਰੈਕਚਰ ਦਿਖਾਈ ਦਿੰਦਾ ਹੈ ਤੇ ਡਾਕਟਰਾਂ ਅਨੁਸਾਰ, ਪੰਤ ਨੂੰ ਘੱਟੋ-ਘੱਟ ਛੇ ਹਫ਼ਤੇ ਆਰਾਮ ਕਰਨਾ ਪਵੇਗਾ। ਮੈਡੀਕਲ ਟੀਮ ਇਹ ਵੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਦਰਦ ਨਿਵਾਰਕ ਦਵਾਈਆਂ ਲੈਣ ਤੋਂ ਬਾਅਦ ਬੱਲੇਬਾਜ਼ੀ ਲਈ ਵਾਪਸ ਆ ਸਕਦੇ ਹਨ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਨੂੰ ਅਜੇ ਵੀ ਤੁਰਨ ਲਈ ਸਹਾਇਤਾ ਦੀ ਲੋੜ ਹੈ ਤੇ ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦੇ ਮੌਕੇ ਬਹੁਤ ਘੱਟ ਹਨ।
ਜਖਮੀ ਹੋਣ ਤੋਂ ਬਾਅਦ ਰਿਟਾਇਰਡ ਹਰਟ ਹੋਏ ਸਨ ਰਿਸ਼ਭ | Rishabh Pant
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਨਚੈਸਟਰ ਟੈਸਟ ਦੇ ਪਹਿਲੇ ਦਿਨ 68ਵੇਂ ਓਵਰ ’ਚ ਜ਼ਖਮੀ ਹੋ ਗਏ ਸਨ। ਕ੍ਰਿਸ ਵੋਕਸ ਨੇ ਓਵਰ ਦੀ ਚੌਥੀ ਗੇਂਦ ’ਤੇ ਹੌਲੀ ਯਾਰਕਰ ਸੁੱਟੀ। ਪੰਤ ਰਿਵਰਸ ਸਵੀਪ ਖੇਡਣ ਗਏ, ਪਰ ਗੇਂਦ ਉਨ੍ਹਾਂ ਦੇ ਬੱਲੇ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੇ ਜੁੱਤੇ ’ਤੇ ਜਾ ਲੱਗੀ। ਇੰਗਲੈਂਡ ਨੇ ਡੀਆਰਐੱਸ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਨਾਟ ਆਊਟ ਦਾ ਫੈਸਲਾ ਦਿੱਤਾ। ਪੰਤ ਦਰਦ ਨਾਲ ਕੁਰਲਾਉਂਦੇ ਹੋਏ ਦਿਖਾਈ ਦਿੱਤੇ। ਫਿਜ਼ੀਓ ਟੀਮ ਉਨ੍ਹਾਂ ਦੀ ਜਾਂਚ ਕਰਨ ਲਈ ਮੈਦਾਨ ’ਚ ਆਈ। ਪੰਤ ਦਾ ਦਰਦ ਘੱਟ ਨਹੀਂ ਹੋਇਆ, ਜਦੋਂ ਉਨ੍ਹਾਂ ਨੇ ਆਪਣਾ ਜੁੱਤਾ ਉਤਾਰਿਆ ਤਾਂ ਉਨ੍ਹਾਂ ਦੇ ਪੈਰ ’ਚ ਸੋਜ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟਰੈਚਰ ਵੈਨ ’ਚ ਬਾਹਰ ਕੱਢਿਆ ਗਿਆ। ਉਹ 37 ਦੌੜਾਂ ਦੇ ਸਕੋਰ ’ਤੇ ਰਿਟਾਇਰਡ ਹਰਟ ਹੋ ਗਏ ਸਨ। ਉਨ੍ਹਾਂ ਸਾਈ ਸੁਦਰਸ਼ਨ ਨਾਲ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ।