
ਇਸ ਹਫਤੇ ਸੜਕ ਬਣਨ ਦਾ ਕੰਮ ਹੋ ਜਾਵੇਗਾ ਸ਼ੁਰੂ- ਚੇਅਰਮੈਨ ਜਤਿੰਦਰ ਭੱਲਾ
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਵਿਧਾਨ ਸਭਾ ਹਲਕਾ ਦਿਹਾਤੀ ਦੇ ਪਿੰਡ ਮਹਿਤਾ ਦੇ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜਿਥੇ ਹੁਣ ਪਿੰਡ ਮਹਿਤਾ ਦੀ ਲਿੰਕ ਸੜਕ ਨੂੰ 18 ਫੁੱਟ ਚੌੜੀ ਬਣਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਈ ਸਾਲਾਂ ਤੋਂ ਖੇਰੂੰ ਖੇਰੂੰ ਹੋ ਚੁੱਕੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਡੱਬਵਾਲੀ ਨੈਸ਼ਨਲ ਹਾਈਵੇ ’ਤੇ ਪੈਂਦੇ ਗੁਰੂਸਰ ਸੈਣੇ ਪਿੰਡ ਤੋਂ ਮਹਿਤਾ ਨੂੰ ਜਾਂਦੀ ਲਿੰਕ ਸੜਕ ਦਾ ਕਈ ਸਾਲਾਂ ਤੋਂ ਬਹੁਤ ਮਾੜਾ ਹਾਲ ਹੈ। ਇਸ ਸੜਕ ’ਤੇ ਥਾਂ-ਥਾਂ ’ਤੇ ਖੱਡੇ ਪੈਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਤਾਂ ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ। ਇਸ ਸੜਕ ’ਤੇ ਕਾਫੀ ਸ਼ੈਲਰ ਹਨ ਜਿਸ ਕਰਕੇ ਬਹੁਤ ਜਿਆਦਾ ਆਵਾਜਾਈ ਰਹਿੰਦੀ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਅਤੇ ਸਕੂਲ ਵੈਨਾਂ ਵੀ ਲੰਘਦੀਆਂ ਹਨ। ਲੋਕਾਂ ਨੇ ਦੱਸਿਆ ਕਿ ਇਸ ਸੜਕ ਕਾਰਨ ਤਾਂ ਪਿੰਡ ਵਿੱਚ ਲੱਗੀ ਸਿਟੀ ਬੱਸ ਵੀ ਪੀਆਰਟੀਸੀ ਵੱਲੋਂ ਬੰਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Yudh Nashe Virudh: ਪੰਜਾਬ ਅੰਦਰ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ: ਤਰੁਨਪ੍ਰੀਤ ਸਿੰਘ ਸੌਂਦ
ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਬਣਾਇਆ ਜਾਵੇ। ਓਧਰ ਇਸ ਸੜਕ ਨੂੰ ਬਣਾਉਣ ਲਈ ਸਮਾਜ ਸੇਵੀ ਲੋਕਾਂ ਅਤੇ ਗਰਾਮ ਪੰਚਾਇਤ ਵੱਲੋਂ ਕਾਫੀ ਪੈਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ। ਪਿੰਡ ਦੇ ਸਰਪੰਚ ਜਗਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕਰੀਬ ਦੋ ਸਾਲ ਤੋਂ ਇਸ ਸੜਕ ਨੂੰ ਬਣਾਉਣ ਲਈ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲ ਰਹੇ ਸਨ ਹੁਣ ਇਹ ਸੜਕ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਡਿਪਟੀ ਕਮਿਸਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਯਤਨਾਂ ਸਦਕਾ 18 ਫੁੱਟ ਸੜਕ ਪਾਸ ਹੋ ਚੁੱਕੀ ਹੈ। Bathinda News
ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਮੰਨਜੂਰ ਕਰਵਾਉਣ ਲਈ ਉਹ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਸਮੇਤ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲੇ ਸਨ ਜਿਨ੍ਹਾਂ ਨਾਲ ਅਨਿਲ ਭੋਲਾ, ਜਗਜੀਤ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ ਅਤੇ ਰਘਵੀਰ ਸਿੰਘ ਸਰਾਂ ਤੋਂ ਇਲਾਵਾ ਸ਼ੈਲਰ ਯੂਨੀਅਨ ਦੇ ਨੁਮਾਇੰਦੇ ਵੀ ਮੌਕੇ ’ਤੇ ਹਾਜ਼ਰ ਸਨ । ਸਰਪੰਚ ਜਗਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ , ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਹੁਣ ਸੜਕ ਬਣਨ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲ ਜਾਵੇਗੀ ਉਥੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਵਪਾਰੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ।

ਆਉਂਦੇ ਦਿਨਾਂ ’ਚ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ-ਚੇਅਰਮੈਨ ਭੱਲਾ
ਨਗਰ ਸੁਧਾਰ ਟਰਸਟ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾ ਰਹੀ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਨੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਵਿੱਚ ਇਸ ਸੜਕ ਨੂੰ 18 ਫੁੱਟ ਚੌੜੀ ਕਰਕੇ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਸੜਕ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਬਠਿੰਡਾ ਦਿਹਾਤੀ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਇੱਥੇ ਹੋਰ ਵੀ ਕਈ ਪ੍ਰੋਜੈਕਟ ਦਿੱਤੇ ਹਨ ਅਤੇ ਇਹ ਇਲਾਕਾ ਪਹਿਲਾਂ ਵਿਕਾਸ ਪੱਖੋਂ ਕਾਫੀ ਪਿੱਛੇ ਸੀ। Bathinda News