ਭਾਜਪਾ ਦੇ ਕੌਮੀ ਕਿਸਾਨ ਆਗੂ ਸਤਵੰਤ ਪੂਨੀਆ ਦੇ ਘਰ ਪੁੱਜੇ ਵੱਡੀ ਗਿਣਤੀ ਭਾਜਪਾ ਆਗੂ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਭਾਰਤੀ ਜਨਤਾ ਪਾਰਟੀ ਨੂੰ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰਕੇ ਸਰਕਾਰ ਬਣਾ ਕੇ ਸਫ਼ਲਤਾ ਪੂਰਵਕ ਚਲਾਉਣ ਦਾ ਪੂਰਾ ਤਜ਼ਰਬਾ ਹੈ ਇਹ ਪ੍ਰਗਟਾਵਾ ਭਾਜਪਾ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਰਦਿਆਂ ਕਿਹਾ ਕਿ ਹੋਰਨਾਂ ਸੂਬਿਆਂ ਵਾਂਗ ਭਾਜਪਾ ਦੀ ਮਜਬੂਤ ਸਰਕਾਰ ਬਣੇਗੀ ਜੋ ਕਿ ਭਵਿੱਖ ਵਿੱਚ ਸੂਬਾ ਪੰਜਾਬ ਲਈ ਲਾਭਦਾਇਕ ਸਾਬਿਤ ਹੋਵੇਗੀ ਅਵਿਨਾਸ਼ ਰਾਏ ਖੰਨਾ ਨੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਉਹਨਾਂ ਨਾਲ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਹਾਜਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਜਪਾ ਹਮੇਸ਼ਾ ਆਪਣਾ ਰਾਜਨੀਤਿਕ ਗਠਬੰਧਨ ਧਰਮ ਨਿਭਾਉਂਦੀ ਹੈ ਤੇ ਹਰ ਭਾਈਵਾਲ ਪਾਰਟੀ ਨਾਲ ਦਿਲੋਂ ਨਿਭਦੀ ਹੈ ਪਰੰਤੂ ਪੰਜਾਬ ਵਿੱਚ ਅਕਾਲੀ ਦਲ ਨੇ ਆਪ ਹੀ ਭਾਜਪਾ ਨਾਲੋਂ ਆਪਣਾ ਗਠਜੋੜ ਤੋੜਿਆ ਸੀ ਅਤੇ ਅਕਾਲੀ ਦਲ ਦੇ ਗਠਬੰਧਨ ਖਤਮ ਕਰਨ ਨਾਲ ਭਾਜਪਾ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਭਾਜਪਾ ਹਰ ਹਲਕੇ ’ਚ ਆਪਣੇ ਆਪ ਨੂੰ ਮਜਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕਰ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਚਰਚਾਵਾਂ ’ਤੇ ਉਹਨਾਂ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਅਜਿਹਾ ਕਰਦੀਆਂ ਹਨ ਤਾਂ ਇਸ ਤੋਂ ਸਿੱਧ ਹੋ ਜਾਵੇਗਾ ਕਿ ਕਿਸਾਨੀ ਅੰਦੋਲਨ ਪਿੱਛੇ ਰਾਜਨੀਤਕ ਲੋਕ ਤੇ ਰਾਜਨੀਤਿਕ ਹਿੱਤ ਹੀ ਸਨ।
ਬਿਕਰਮ ਮਜੀਠੀਆ ਦੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਬਦਲੀਆਂ ਅਤੇ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਲਦ ਪੰਜਾਬ ਦਾ ਦੌਰਾ ਕਰਨਗੇ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਐਲਾਨ ਕਰਨਗੇ ਅਤੇ ਉਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਹੁਤ ਆਸਾਂ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗੱਠਜੋੜ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਡੀ ਰਾਸਟਰੀ ਕਾਰਜਕਾਰਨੀ ਕਰੇਗੀ। ਇਸ ਮੌਕੇ ਅਮਨਦੀਪ ਸਿੰਘ ਪੂਨੀਆ, ਰਣਦੀਪ ਸਿੰਘ ਦਿਓਲ, ਸਰਜੀਵਨ ਜਿੰਦਲ, ਜਤਿੰਦਰ ਕਾਲੜਾ ,ਵਿਕਰਮ ਪਾਲੀ ਸੈਣੀ, ਵਿਸ਼ਾਲ ਗਰਗ ਸੋਨੂੰ, ਰੋਮੀ ਗੋਇਲ, ਹਾਜਰ, ਮਾਸਟਰ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ