ਛੇ ਵਾਰ ਕੌਂਸਲਰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹੇ ਹਨ ਜਗਰੂਪ ਗਿੱਲ
- ਹਰਪਾਲ ਸਿੰਘ ਚੀਮਾ ਅਤੇ ਜਰਨੈਲ ਸਿੰਘ ਸਮੇਤ ‘ਆਪ’ ਵਿਧਾਇਕਾਂ ਨੇ ਕੀਤਾ ਜ਼ੋਰਦਾਰ ਸਵਾਗਤ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਮਾਲਵਾ ਖੇਤਰ ਵਿੱਚ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਗੁਰਮੀਤ ਸਿੰਘ ਖੁੱਡੀਆਂ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਾਥੀ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਸਾਬਕਾ ਆਗੂ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਵਿਧਾਇਕਾਂ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਰਸਮੀ ਤੌਰ ’ਤੇ ਸਵਾਗਤ ਕੀਤਾ।
ਜਿਹੜੇ ਲੋਕ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ : ਹਰਪਾਲ ਸਿੰਘ ਚੀਮਾ
ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਦਾ ਸਵਾਗਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਵਿੱਚ ਸਵਾਗਤ ਹੈ। ਚੀਮਾ ਨੇ ਕਿਹਾ ਕਿ ਖੁੱਡੀਆਂ ਅਤੇ ਗਿੱਲ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਬਠਿੰਡਾ ਸਮੇਤ ਪੂਰੇ ਮਾਲਵੇ ’ਚ ਕਾਂਗਰਸ ਪਾਰਟੀ ਦਾ ਲੱਕ ਟੁੱਟ ਗਿਆ ਹੈ। ਜਗਰੂਪ ਸਿੰਘ ਗਿੱਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਸ ਤੋਂ ਇਲਵਾ ਜਗਰੂਪ ਸਿੰਘ ਗਿੱਲ 1979 ਤੋਂ ਕੌਂਸਲਰ ਬਣਦੇ ਆ ਰਹੇ ਹਨ ਅਤੇ ਹੁਣ 7 ਵਾਰ ਕੌਂਸਲਰ ਹਨ।ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਬਾਦਲਾਂ ਅਤੇ ਕਾਂਗਰਸ ਦੇ ਮਾਫ਼ੀਆ ਰਾਜ ਤੋਂ ਅੱਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਉਜਵਲ ਭਵਿੱਖ ਵਜੋਂ ਦੇਖ ਰਹੇ। ਇਸ ਲਈ ‘ਆਪ’ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
‘ਆਪ’ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਗਿੱਲ ਨੇ ਕਿਹਾ, ‘ਪੰਜਾਬ ਤਬਦੀਲੀ ਦੀ ਕਰਵਟ ਲੈ ਰਿਹਾ ਹੈ। ਅਸੀਂ ਮਾਲਵੇ ਸਮੇਤ ਸਮੁੱਚੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਵਾਂਗੇ ਕਿਉਂਕਿ ਪੰਜਾਬ ‘ਆਪ’ ਦੀ ਸਰਕਾਰ ਦੀ ਉਡੀਕ ਕਰ ਰਿਹਾ ਹੈ।’ ਉਨ੍ਹਾਂ ਅੱਗੇ ਕਿਹਾ ਕਿ ਉਹ ਸਿਆਸਤ ਕਰਨ ਦੀ ਥਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਤਾਂ ਜੋ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਅਤੇ ਬੰਦ ਫ਼ੈਕਟਰੀਆਂ ਮੁੱੜ ਚਾਲੂ ਹੋ ਜਾਣ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਮਾਲਵਾ ਖੇਤਰ ’ਚ ਕਾਂਗਰਸ ਨੂੰ ਕਰਾਰਾ ਝਟਕਾ ਲੱਗਿਆ ਸੀ, ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਦੇ ਹਲਕਾ ਲੰਬੀ ਤੋਂ ਕਵਰਿੰਗ ਉਮੀਦਵਾਰ ਰਹੇ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ‘ਆਪ’ ’ਚ ਸ਼ਾਮਲ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ