ਵਾਰਨਰ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਬਾਹਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਸਟ੍ਰੇਲੀਆ ਦੇ ਡੇਵਿਡ ਵਾਰਨਰ (David Warner ) ਕੂਹਣੀ ‘ਚ ਫ੍ਰੈਕਚਰ ਕਾਰਨ ਭਾਰਤ ਖਿਲਾਫ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਹ ਇਲਾਜ ਲਈ ਸਿਡਨੀ ਜਾਵੇਗਾ ਅਤੇ ਮਾਰਚ ਦੇ ਅਖੀਰ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ ਪਰਤਣ ਦੀ ਉਮੀਦ ਹੈ। ਦਿੱਲੀ ‘ਚ ਦੂਜੇ ਟੈਸਟ ਦੀ ਪਹਿਲੀ ਪਾਰੀ ਦੌਰਾਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਹੱਥੋਂ ਵਾਰਨਰ ਦੀ ਖੱਬੀ ਕੂਹਣੀ ‘ਤੇ ਸੱਟ ਲੱਗੀ ਸੀ। ਐਕਸ-ਰੇ ਰਿਪੋਰਟ ’ਚ ਕੂਹਣੀ ਵਿੱਚ ਹੇਅਰਲਾਇਨ ਦੇ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ।
ਵਾਰਨਰ ਦੀ ਕੂਹਣੀ ’ਚ ਵੱਜੀ ਸੱਟ
ਟੀਮ ਮੈਨੇਜਮੈਂਟ ਮੁਤਾਬਿਕ ਸ਼ੁਰੂਆਤ ‘ਚ ਅਜਿਹਾ ਲੱਗ ਰਿਹਾ ਸੀ ਕਿ ਵਾਰਨਰ (David Warner ) ਦੀ ਕੂਹਣੀ ਦੀ ਸੱਟ ਮਾਮੂਲੀ ਹੈ ਅਤੇ ਉਹ ਭਾਰਤ ਖਿਲਾਫ ਇੰਦੌਰ ਟੈਸਟ ਖੇਡ ਸਕਦਾ ਹੈ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਅਣਫਿੱਟ ਕਰਾਰ ਦਿੱਤਾ। ਸੋਮਵਾਰ ਰਾਤ ਤੱਕ ਵਾਰਨਰ ਤੀਜੇ ਟੈਸਟ ‘ਚ ਖੇਡਣ ਲਈ ਖੁਦ ਨੂੰ ਤਿਆਰ ਕਰ ਰਿਹਾ ਸੀ ਪਰ ਬੇਹੱਦ ਦਰਦ ਅਤੇ ਟੈਸਟ ‘ਚ ਹੋਣ ਕਾਰਨ ਉਸ ਨੂੰ ਅਧਿਕਾਰਤ ਤੌਰ ‘ਤੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਰਹਿਣ ਲਈ ਘਰ ਪਰਤਣਗੇ।
ਟੀਮ ‘ਚ ਵਾਰਨਰ ਦੀ ਜਗ੍ਹਾ ਟ੍ਰੈਵਿਸ ਹੇਡ ਲੈ ਸਕਦੇ ਹਨ। ਹੇਡ ਨੇ 2018 ਵਿੱਚ ਵੋਰਸੇਸਟਰਸ਼ਾਇਰ ਲਈ ਕਾਉਂਟੀ ਚੈਂਪੀਅਨਸ਼ਿਪ ਮੈਚ ਵਿੱਚ ਇੱਕ ਸਲਾਮੀ ਬੱਲੇਬਾਜ਼ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ। ਹਾਲਾਂਕਿ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸਿਰਫ ਦੋ ਵਾਰ ਓਪਨਿੰਗ ਕੀਤੀ ਹੈ। ਦੂਜੇ ਪਾਸੇ ਕੈਮਰਨ ਗ੍ਰੀਨ ਦੇ ਇੰਦੌਰ ‘ਚ ਖੇਡਣ ਦੀ ਪੂਰੀ ਸੰਭਾਵਨਾ ਹੈ, ਜਦੋਂਕਿ ਦੂਜੇ ਟੈਸਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਤੀਜੇ ਟੈਸਟ ‘ਚ ਬਾਹਰ ਕੀਤਾ ਜਾ ਸਕਦਾ ਹੈ।
ਆਸਟਰੇਲੀਆ ਪਹਿਲਾਂ ਹੀ ਜੋਸ਼ ਹੇਜ਼ਲਵੁੱਡ ਨੂੰ ਦੌਰੇ ਤੋਂ ਬਾਹਰ ਕਰ ਚੁੱਕਿਆ ਹੈ ਪਰ ਤੀਜੇ ਟੈਸਟ ਲਈ ਫਿੱਟ ਹੋਣ ਤੋਂ ਬਾਅਦ ਮਿਸ਼ੇਲ ਸਟਾਰਕ ਦੀ ਵਾਪਸੀ ਲਗਭਗ ਤੈਅ ਹੈ। ਹਾਲਾਂਕਿ ਪਹਿਲੀ ਵਾਰ ਪਿਤਾ ਬਣਨ ਵਾਲੇ ਮਿਸ਼ੇਲ ਸਵੈਪਸਨ ਵੀ ਦੇਸ਼ ਪਰਤਣਗੇ। ਕਪਤਾਨ ਪੈਟ ਕਮਿੰਸ ਪਰਿਵਾਰਕ ਕਾਰਨਾਂ ਕਰਕੇ ਦਿੱਲੀ ਟੈਸਟ ਤੋਂ ਤੁਰੰਤ ਬਾਅਦ ਘਰ ਰਵਾਨਾ ਹੋ ਗਏ ਸਨ ਪਰ ਫਿਲਹਾਲ ਇਸ ਹਫਤੇ ਦੇ ਅੰਤ ਵਿੱਚ ਵਾਪਸ ਆਉਣਗੇ ਅਤੇ ਇੰਦੌਰ ਵਿੱਚ ਖੇਡਣ ਦੀ ਉਮੀਦ ਹੈ। ਆਸਟਰੇਲੀਆ ਘਰੇਲੂ ਕ੍ਰਿਕਟ ਲਈ ਦੇਸ਼ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਕੁਝ ਟੀਮ ਮੈਂਬਰਾਂ ਨੂੰ ਰਿਲੀਜ਼ ਕਰ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।