‘ਸੁਨਾਮ ’ਚ ਦੜਾ ਸੱਟਾ ਤੇ ਲਾਟਰੀ ਸਿਸਟਮ ਦਾ ਧੰਦਾ ਜ਼ੋਰਾਂ ’ਤੇ’

ਲੋਕਾਂ ਨੂੰ ਘੱਟ ਮਿਹਨਤ ਕਰਕੇ ਜਿਆਦਾ ਪੈਸਾ ਕਮਾਉਣ ਦੀ ਲਾਲਸਾ ਹੈ: ਪੰਕਜ ਅਰੋੜਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ’ਚ ਦੜਾ ਸੱਟਾ ਦਾ ਕੰਮ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ। ਸ਼ਾਇਦ ਹੀ ਕੋਈ ਗਲੀ ਮੁਹੱਲਾ ਇਸ ਤੋਂ ਵਾਂਝਾ ਰਿਹਾ ਹੋਵੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਆਮ ਸ਼ਹਿਰੀ ਨੂੰ ਹਰ ਇੱਕ ਦਾੜਾ ਸੱਟਾ ਲਵਾਉਣ ਵਾਲੇ ਦਾ ਪਤਾ ਹੈ ਤਾਂ ਇਹ ਪ੍ਰਸ਼ਾਸਨ ਦੀ ਨਜ਼ਰ ’ਚ ਕਿਉਂ ਨਹੀਂ ਆਉਂਦਾ। ਇੱਥੋਂ ਤੱਕ ਕਿ ਸਮੇਂ ਸਮੇਂ ਸਿਰ ਇਸ ਦਾ ਰਿਜਲਟ ਵੀ ਇੰਟਰਨੈੱਟ ਸਾਈਟਾਂ ’ਤੇ ਆਉਂਦਾ ਹੈ।

ਅੱਜ-ਕੱਲ੍ਹ ਹਰ ਇੱਕ ਦੇ ਹੱਥ ’ਚ ਮੋਬਾਇਲ ਹੈ ਤੇ ਇੰਟਰਨੈਟ ਸੁਵਿਧਾ ਵੀ ਹੈ। ਭਾਵੇਂ ਬੱਚਾ ਤੇ ਭਾਵੇਂ ਨੌਜਵਾਨ ਅੱਜ ਦੀ ਤਾਰੀਖ ’ਚ ਪੈਸੇ ਕਮਾਉਣ ਲਈ ਸ਼ਾਰਟਕੱਟ ਰਸਤਾ ਲੱਭ ਰਿਹਾ ਹੈ। ਇਸ ਕਾਰਨ ਲਾਲਚਵੱਸ ਉਹ ਇਨ੍ਹਾਂ ਦੜੇ ਸੱਟੇ ਵਾਲਿਆਂ ਦੇ ਝਾਂਸੇ ’ਚ ਆ ਜਾਂਦੇ ਹਨ। ਦੂਜੇ ਪਾਸੇ ਸ਼ਹਿਰ ’ਚ ਕਮੇਟੀਆਂ ਬਣਾ ਕੇ ਲਾਟਰੀ ਸਿਸਟਮ ਤੇ ਸੇਲ ਪ੍ਰਮੋਸ਼ਨ ਦੇ ਨਾਂਅ ’ਤੇ ਲਾਟਰੀ ਸਿਸਟਮ ਜੋ ਕਿ ਪੂਰਨ ਰੂਪ ’ਚ ਗੈਰ ਕਾਨੂੰਨੀ ਹੈ ਪਰ ਸ਼ਹਿਰ ’ਚ ਸ਼ਰ੍ਹੇਆਮ ਧੜੱਲੇ ਨਾਲ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਇਹ ਸ਼ਹਿਰ ’ਚ ਗੈਰ ਸਮਾਜਿਕ ਤੱਤਾਂ ਨੂੰ ਸ਼ਹਿ ਮਿਲਦੀ ਹੈ ਦੂਜੇ ਪਾਸੇ ਸਰਕਾਰੀ ਖਜਾਨੇ ਨੂੰ ਵੀ ਚੂਨਾ ਲੱਗਦਾ ਹੈ। ਸਾਸ਼ਨ ਤੇ ਪ੍ਰਸ਼ਾਸਨ ਨੂੰ ਇਸ ’ਤੇ ਗੌਰ ਕਰਦੇ ਹੋਏ ਠੱਲ੍ਹ ਪਾਉਣੀ ਬਹੁਤ ਜਰੂਰੀ ਹੈ।

ਇਸ ਤਰ੍ਹਾਂ ਦੇ ਸ਼ਾਰਟਕੱਟ ਨਹੀਂ ਅਪਣਾਉਣੇ ਚਾਹੀਦੇ: ਸਮਾਜ ਸੇਵੀ

Sunam

ਉੱਘੇ ਸਮਾਜ ਸੇਵੀ ਪੰਕਜ ਅਰੋੜਾ ਨੇ ਕਿਹਾ ਕਿ ਸ਼ਹਿਰ ਅੰਦਰ ਲੰਮੇ ਸਮੇਂ ਤੋਂ ਲਾਟਰੀ ਸਿਸਟਮ ਤੇ ਦੜੇ ਸੱਟੇ ਦਾ ਧੰਦਾ ਚੱਲ ਰਿਹਾ ਹੈ, ਜਗ੍ਹਾ ਜਗ੍ਹਾ ’ਤੇ ਲਾਟਰੀ ਤੇ ਦੜਾ ਸੱਟਾ ਲਵਾਉਣ ਵਾਲੇ ਤੁਹਾਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚਿੱਟ ਫੰਡ ਕੰਪਨੀਆਂ ਆਈਆਂ ਉਨ੍ਹਾਂ ’ਚ ਲੋਕਾਂ ਦਾ ਬਹੁਤ ਪੈਸਾ ਬਰਬਾਦ ਹੋ ਚੁੱਕਿਆ ਹੈ। ਲੋਕੀ ਥੋੜੇ੍ਹ ਸਮੇਂ ’ਚ ਵਾਧੂ ਪੈਸੇ ਕਮਾਉਣ ਦੇ ਲਾਲਚ ’ਚ ਜੋ ਪੈਸੇ ਉਨ੍ਹਾਂ ਕੋਲ ਹੁੰਦੇ ਹਨ ਉਹ ਵੀ ਗਵਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਮਿਹਨਤ ਦਾ ਕੰਮ ਕਰਕੇ ਹੀ ਆਪਣਾ ਪਰਿਵਾਰ ਚਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸਾਰਟ ਕੱਟ ਨਹੀਂ ਅਪਣਾਉਣੇ ਚਾਹੀਦੇ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਗੌਰ ਕਰਨ ਦੀ ਅਪੀਲ ਕੀਤੀ ਹੈ।

ਸਰਕਾਰ ਧਿਆਨ ਦੇਵੇ ਤਾਂ ਜੋ ਲੋਕਾਂ ਦੀ ਲੁੱਟ ਖਸੁੱਟ ਬਚ ਸਕੇ: ਐਡਵੋਕੇਟ

Sunam

ਅਮਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਲਾਟਰੀ ਸਿਸਟਮ ਤੇ ਦੜੇ ਸੱਟੇ ਦਾ ਧੰਦਾ ਗੈਰ ਕਾਨੂੰਨੀ ਹੈ ਉਨ੍ਹਾਂ ਕਿਹਾ ਕਿ ਲੋਕ ਵੀ ਹੁਣ ਲਾਲਚੀ ਹੋ ਗਏ ਹਨ, ਬਹੁਤ ਲੋਕਾਂ ਨੂੰ ਘੱਟ ਮਿਹਨਤ ਕਰਕੇ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ਹੈ। ਪਰੰਤੂ ਇਸ ਤਰ੍ਹਾਂ ਹਰਗਿਜ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਕਰਨ ਨਾਲ ਜਿੱਥੇ ਉਹਨਾਂ ਦੇ ਮਿਹਨਤ ਦਾ ਪੈਸਾ ਬਰਬਾਦ ਹੁੰਦਾ ਹੈ ਦੂਜੇ ਪਾਸੇ 420 ਧਾਰਾ ਤਹਿਤ ਮਾਮਲਾ ਵੀ ਦਰਜ ਹੋ ਸਕਦਾ ਹੈ। ਅਜਿਹੇ ਮਾਮਲੇ ਪਹਿਲਾ ਵੀ ਦਰਜ ਹੋ ਚੁੱਕੇ ਹਨ। ਪਰੰਤੂ ਸਰਕਾਰ ਵੱਲੋਂ ਇਸ ਤਰਫ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਲੋਕਾਂ ਦੀ ਲੁੱਟ ਖਸੁੱਟ ਤੋਂ ਬਚਾਇਆ ਜਾ ਸਕਦਾ ਹੈ।