ਅੰਤਰ-ਰਾਜੀ ਗੈਰ-ਕਾਨੂੰਨੀ ਓਪੀਔਡਜ਼ ਮੈਨੂਫੈਕਚਰਿੰਗ ਨੈੱਟਵਰਕ ਦਾ ਕੀਤਾ ਪਰਦਾਫਾਸ਼ | Intelligence-Based Operation
- 6 ਲੱਖ ਬਿਨਾਂ ਲੇਬਲ ਵਾਲੇ ਟੀਕਿਆਂ, 3.24 ਲੱਖ ਫਾਰਮਾ ਓਪੀਔਡਜ਼ ਅਤੇ 2.20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਨੇ ਦਿੱਲੀ ਤੇ ਹਰਿਆਣਾ ਸਥਿਤ ਫਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਔਡਜ਼ ਮੈਨੂਫੈਕਚਰਿੰਗ ਅਤੇ ਸਪਲਾਈ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਹ ਕਾਰਵਾਈ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਅੰਬਾਲਾ, ਹਰਿਆਣਾ ਦੇ ਸਥਾਨਕ ਨਸ਼ਾ ਤਸਕਰ ਗੌਰਵ ਸਿੰਘ ਉਰਫ ਕਾਲਾ, ਜਿਸਨੂੰ 44 ਲੀਗੇਸਿਕ ਅਤੇ 44 ਐਵਿਲ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਦੀ ਗ੍ਰਿਫ਼ਤਾਰੀ ਉਪਰੰਤ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਤਿੰਨ ਮਹੀਨਿਆਂ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। (Intelligence-Based Operation)
ਇਹ ਵੀ ਪੜ੍ਹੋ : ਸਾਡੇ ਸਮਾਜਿਕ ਤਿਉਹਾਰ ਆਪਣਾ ਰੰਗ ਗੁਆ ਰਹੇ ਹਨ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਪਲਾਇਰ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ, ਫਤਹਿਗੜ੍ਹ ਪੁਲਿਸ ਦੀਆਂ ਟੀਮਾਂ ਨੇ ਦਿੱਲੀ ਦੇ ਗੈਰ-ਕਾਨੂੰਨੀ ਫਾਰਮਾ ਨਿਰਮਾਤਾ ਸੁਮਿਤ ਅਗਰਵਾਲ, ਜੋ ਕਿ ਪੈਕਸਨਜ਼ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਦਾ ਮਾਲਕ ਹੈ ਅਤੇ ਜਿਸ ਦੀਆਂ ਯੂਨਿਟਾਂ ਦਿੱਲੀ ਦੇ ਰੋਹਿਣੀ ਅਤੇ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਹਨ, ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ। ਉਨ੍ਹਾਂ ਦੱਸਿਆ ਕਿ ਸੀਆਈਏ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਲਾਜ਼ਮਾਂ ਅਤੇ ਦੋ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਆਪਣੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜ਼ੂਦਗੀ ਵਿੱਚ ਬਹਾਦਰਗੜ੍ਹ ਸਥਿਤ ਫਾਰਮਾ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਫੈਕਟਰੀ ਵਿੱਚੋਂ ਲਗਭਗ 6 ਲੱਖ ਬਿਨਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ-ਕਾਨੂੰਨੀ ਵਪਾਰਕ, ਵਿੱਤੀ, ਟਰਾਂਸਪੋਰਟ ਦਸਤਾਵੇਜ਼ ਬਰਾਮਦ ਕੀਤੇ। (Intelligence-Based Operation)
ਇਹ ਬਰਾਮਦੀ ਇਸ ਮਾਮਲੇ ਵਿੱਚ ਪਹਿਲਾਂ ਹੋਈ 3.24 ਲੱਖ ਗੋਲੀਆਂ/ਕੈਪਸੂਲ/ ਟੀਕੇ/ਸ਼ੀਸ਼ੀਆਂ ਅਤੇ 2.20 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦੀ ਤੋਂ ਇਲਾਵਾ ਹੈ। ਇਸ ਮਾਮਲੇ ’ਚ ਹੁਣ ਤੱਕ ਪੁਲਿਸ ਟੀਮਾਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ, ਮੁਹੰਮਦ ਸਾਹਬੇਜ਼, ਰਾਕੇਸ਼ ਕੁਮਾਰ ਅਤੇ ਘਨਸ਼ਿਆਮ ਸ਼ਰਮਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਸਪਲਾਇਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਗਰਾ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦਦਾਰੀ ਕਰ ਰਹੇ ਸਨ। ਪੁਲਿਸ ਟੀਮਾਂ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜਿਸ ਦਾ ਆਗਰਾ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਗੋਦਾਮ ਹੈ। (Intelligence-Based Operation)