ਗੈਂਗਸਟਰ ਦਿਓਲ ਦੇ ਅਕਾਲੀ ਆਗੂਆਂ ‘ਤੇ ਲਾਏ ਦੋਸ਼ਾਂ ਪਿੱਛੋਂ ਰਾਜਨੀਤੀ ਗਰਮਾਈ
- ‘ਅਮਨਵੀਰ ਚੈਰੀ ਪਰਮਿੰਦਰ ਢੀਂਡਸਾ ਦਾ ਓਐਸਡੀ ਨਹੀਂ’
ਸੰਗਰੂਰ (ਗੁਰਪ੍ਰੀਤ ਸਿੰਘ)। ਬੀਤੇ ਦਿਨੀਂ ਸੰਗਰੂਰ ਅਦਾਲਤ ‘ਚ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੇ ਅਦਾਲਤ ‘ਚ ਪੇਸ਼ੀ ਦੌਰਾਨ ਪ੍ਰੈਸ ਨਾਲ ਗੱਲਬਾਤ ਦੌਰਾਨ ਦੋਸ਼ ਲਾਏ ਸਨ ਕਿ ਉਸ ਨੂੰ ਗੈਂਗਸਟਰ ਬਣਾਉਣ ਪਿੱਛੇ ਪਰਮਿੰਦਰ ਢੀਂਡਸਾ ਦੇ ਓਐਸਡੀ ਤੇ ਇੱਕ ਹੋਰ ਆਗੂ ਦਾ ਹੱਥ ਹੈ। ਇਸ ਬਿਆਨ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਿਹਾ ਹੈ ਕਿ ਇਹ ਢੀਂਡਸਾ ਪਰਿਵਾਰ ਨਾਲ ਸਾਜਿਸ਼ ਹੋ ਰਹੀ ਹੈ।
ਇਹ ਵੀ ਪੜ੍ਹੋ : ‘ਆਪ ਪੰਜਾਬ’ ’ਚ ਮਿਲੀਆਂ ਨਵੀਆਂ ਅਹੁਦੇਦਾਰੀਆਂ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਜਿਸ ਨੂੰ ਕੁਝ ਕਾਂਗਰਸੀਆਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਨਵੀਰ ਚੈਰੀ ਉਨ੍ਹਾਂ ਦੇ ਲੜਕੇ ਪਰਮਿੰਦਰ ਢੀਂਡਸਾ ਦਾ ਕਦੇ ਵੀ ਓਐਸਡੀ ਨਹੀਂ ਰਿਹਾ ਅਤੇ ਨਾ ਹੀ ਉਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੈਰੀ ਸਿਰਫ਼ ਪਰਮਿੰਦਰ ਦੀ ਮਾਸੀ ਦਾ ਲੜਕਾ ਹੈ ਤੇ ਕਿਸੇ ਦਾ ਰਿਸ਼ਤੇਦਾਰ ਹੋਣਾ ਕੋਈ ਗੁਨਾਹ ਤਾਂ ਨਹੀਂ। ਚੈਰੀ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੈ ਜਾਂ ਨਹੀਂ ਇਸ ਬਾਰੇ ਕਾਨੂੰਨ ਦੇਖੇਗਾ ਪਰ ਢੀਂਡਸਾ ਪਰਿਵਾਰ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਪਰਮਿੰਦਰ ਦੀ ਰੱਤੀ ਭਰ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਹ ਸਿਆਸਤ ਤੋਂ ਕਿਨਾਰਾ ਕਰ ਲੈਣਗੇ।
ਉਨ੍ਹਾਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਲੜਕੇ ਰਾਹੁਲਇੰਦਰ ਸਿੱਧੂ ਤੇ ਸੁਨਾਮ ਦੇ ਇੱਕ ਹੋਰ ਕਾਂਗਰਸੀ ਬਾਜਵਾ ‘ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਹੀ ਇੱਕ ਗਿਣੀ ਮਿਥੀ ਸਾਜਿਸ਼ ਨਾਲ ਇਸ ਮਾਮਲੇ ਵਿੱਚ ਢੀਂਡਸਾ ਪਰਿਵਾਰ ਦਾ ਨਾਂਅ ਸ਼ਾਮਲ ਕਰਵਾਇਆ ਹੈ ਕਿਉਂਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਰਾਜਿੰਦਰ ਕੌਰ ਭੱਠਲ ਸੰਗਰੂਰ ਤੋਂ ਲੋਕ ਸਭਾ ਚੋਣਾਂ ਵਿੱਚ ਉਤਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਤੇ ਗੈਂਗਸਟਰ ਦਿਓਲ ਵਿੱਚ ਚੱਲ ਰਹੀ ਗੱਲਬਾਤ ਦੀ ਵੀਡੀਓ ਵੀ ਹੈ। ਕਾਂਗਰਸੀਆਂ ਨੇ ਹੀ ਦਿਓਲ ਦਾ ਆਤਮ ਸਮਰਪਣ ਕਰਵਾਇਆ ਹੈ।
ਢੀਂਡਸਾ ਨੇ ਕਿਹਾ ਕਿ ਮੈਂ ਆਪਣੇ ਦਹਾਕਿਆਂ ਤੋਂ ਸਿਆਸੀ ਜੀਵਨ ‘ਚ ਕਦੇ ਵੀ ਇਸ ਤਰ੍ਹਾਂ ਦੀ ਸਿਆਸਤ ਨਹੀਂ ਖੇਡੀ ਪਰ ਕਾਂਗਰਸੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਹਰ ਹੱਥਕੰਡੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਹ ਪਾਰਟੀ ਹਾਈਕਮਾਂਡ ਤੱਕ ਲੈ ਜਾਣਗੇ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕਰਨਗੇ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਗੋਬਿੰਦ ਸਿੰਘ ਕਾਂਝਲਾ, ਰਾਜਿੰਦਰ ਸਿੰਘ ਕਾਂਝਲਾ, ਰਿਪਦਮਨ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸੰਗਰੂਰ, ਸੰਦੀਪ ਦਾਨੀਆ, ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਢੀਂਡਸਾ ਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।














