ਧਰਨੇ ’ਚ ਹਜ਼ਾਰਾਂ ਟਰਾਲੀਆਂ ਲੈ ਕੇ ਪਹੁੰਚਣਗੇ ਕਿਸਾਨ : ਆਗੂ
Chandigarh Dharna: (ਗੁਰਪ੍ਰੀਤ ਸਿੰਘ) ਬਰਨਾਲਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਤਰਕਸੀਲ ਭਵਨ ਬਰਨਾਲਾ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਸ਼ੁਰੂਆਤੀ ਦੌਰ ਵਿੱਚ ਬਰਨਾਲਾ ਬਲਾਕ ਤੋਂ ਵਿੱਛੜੇ ਪੁਰਾਣੇ ਸਾਥੀ ਮੇਜਰ ਸਿੰਘ ਸੰਘੇੜਾ ਅਤੇ ਨਾਭਾ ਬਲਾਕ ਦੇ ਸਾਬਕਾ ਬਲਾਕ ਪ੍ਰਧਾਨ ਬਲਜੀਤ ਸਿੰਘ ਘਣੀਵਾਲ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਹ ਵੀ ਪੜ੍ਹੋ: Benefits Of Raisins: ਭਿੱਜੀ ਕਿਸ਼ਮਿਸ਼ ਖਾਓ, ਹਮੇਸ਼ਾ ਸਿਹਤਮੰਦ ਰਹੋ
ਇਸ ਤੋਂ ਬਾਅਦ ਅੱਗੇ ਵੱਖ-ਵੱਖ ਜ਼ਿਲ੍ਹਿਆਂ ਤੋਂ 5 ਮਾਰਚ ਨੂੰ ਚੰਡੀਗੜ੍ਹ ਲੱਗ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ ਅਤੇ ਤਿਆਰੀਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚੰਡੀਗੜ੍ਹ ਧਰਨੇ ਦੀਆਂ ਪ੍ਰਮੁੱਖ ਮੰਗਾਂ ਭਾਵੇਂ ਪੰਜਾਬ ਸਰਕਾਰ ਨਾਲ ਸਬੰਧਿਤ ਹਨ ਪਰ ਇਹਨਾਂ ਤੋਂ ਇਲਾਵਾ ਦਿੱਲੀ ਘੋਲ ਦੀਆਂ ਰਹਿੰਦੀਆਂ ਮੰਗਾਂ ਅਤੇ ਮੁੱਖ ਮੰਤਰੀ ਪੰਜਾਬ ਨਾਲ 19 ਦਸੰਬਰ 2023 ਨੂੰ ਹੋਈ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣਾ ਸ਼ਾਮਲ ਹੈ।
ਦੱਸਣਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇ ਨੂੰ ਮੀਟਿੰਗ ਲਈ 3 ਤਰੀਕ ਦਾ ਸਮਾਂ ਦਿੱਤਾ ਹੈ ਪਰ ਮੰਗਾਂ ਦੇ ਫੌਰੀ ਹੱਲ ਨਾ ਹੁੰਦੇ ਨੂੰ ਭਾਪਦਿਆਂ ਸਰਕਾਰ ਖਿਲਾਫ਼ ਕਿਸਾਨ ਹਜ਼ਾਰਾਂ ਟਰਾਲੀਆਂ ਲੈ ਕੇ ਧਰਨੇ ਵਿੱਚ ਸ਼ਾਮਲ ਹੋਣਗੇ। ਇਸ ਸਮੇਂ ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈਸ ਸਕੱਤਰ ਇੰਦਰ ਪਾਲ ਸਿੰਘ ਬਰਨਾਲਾ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਸੂਬਾ ਆਗੂ ਲਛਮਣ ਸਿੰਘ ਚੱਕ ਅਲੀਸੇਰ ਆਦਿ ਆਗੂ ਹਾਜ਼ਰ ਸਨ। Chandigarh Dharna