ਮਾਲਵੇ ਦੇ ਪਿੰਡਾਂ ‘ਚ ਮਨਜੀਤ ਧਨੇਰ ਦੇ ਗੂੰਜਦੇ ਰਹੇ ਸਪੀਕਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ੀ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੀ ਪ੍ਰਵਾਨਗੀ ਤੋਂ ਬਾਅਦ 46 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਸੰਘਰਸ਼ ਨੂੰ ਕਿਸਾਨਾਂ ਅਤੇ ਕਿਰਤੀਆਂ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਇਸ ਲੋਕ ਪੱਖੀ ਸੰਘਰਸ਼ ‘ਤੇ 4 ਕਰੋੜ ਰੁਪਏ ਤੱਕ ਦਾ ਖਰਚਾ ਆ ਚੁੱਕਾ ਹੈ ਮਾਲਵੇ ਦੇ ਪਿੰਡਾਂ ਵਿੱਚ ਵੀ ਧਨੇਰ ਦੇ ਨਾਂਅ ਦੇ ਰੋਜਾਨਾ ਲਾਊਡ ਸਪੀਕਰ ਗੂੰਜ ਰਹੇ ਸਨ ਅਤੇ ਪਿੰਡਾਂ ‘ਚੋਂ ਕਾਫਲੇ ਬਰਨਾਲਾ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੇ ਸਨ।
ਜਾਣਕਾਰੀ ਅਨੁਸਾਰ ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਕੋਈ ਛੋਟਾ ਨਹੀਂ ਸੀ, ਕਿਉਂਕਿ ਮਨਜੀਤ ਸਿੰਘ ਧਨੇਰ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਾਲ ਰੱਖੀ ਸੀ ਅਤੇ ਸੁਪਰੀਮ ਕੋਰਟ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ। ਸਜ਼ਾ ਮੁਆਫ਼ੀ ਦੇ ਇਸ ਸੰਘਰਸ਼ ਨੂੰ ਪਹਿਲਾਂ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਭਖਾਇਆ ਗਿਆ ਅਤੇ ਇੱਥੇ 20 ਸਤੰਬਰ ਤੋਂ ਪੱਕਾ ਮੋਰਚਾ ਆਰੰਭ ਕੀਤਾ ਗਿਆ ਸੀ ਜੋ 27 ਸਤੰਬਰ ਤੱਕ ਚੱਲਿਆ। ਇਸ ਦੌਰਾਨ 26 ਸਤੰਬਰ ਨੂੰ ਇਨ੍ਹਾਂ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਸੀ ਜਿੱਥੇ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਭੇਜਣ ਦੀ ਗੱਲ ਕਹੀ ਗਈ।
ਪੈਰੋਲ ‘ਤੇ ਬਾਹਰ ਆਏ ਮਨਜੀਤ ਧਨੇਰ ਵੱਲੋਂ 30 ਸਤੰਬਰ ਨੂੰ ਵੱਡੇ ਲੋਕ ਕਾਫਲੇ ਰਾਹੀਂ ਬਰਨਾਲਾ ਜੇਲ੍ਹ ‘ਚ ਸਰੰਡਰ ਕੀਤਾ ਗਿਆ ਸੀ। ਇਸ ਦਿਨ ਤੋਂ ਇੱਥੇ ਪੱਕਾ ਮੋਰਚਾ ਜਾਰੀ ਸੀ।ਪੱਕੇ ਮੋਰਚੇ ਦੇ ਆਗੂਆਂ ਨਰੈਣ ਦੱਤ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਲੋਕਾਂ ਨੇ ਇਸ ਜੰਗ ਵਿੱਚ ਖੁੱਲ੍ਹਕੇ ਯੋਗਦਾਨ ਪਾਇਆ ਹੈ। ਉਨ੍ਹ੍ਹਾਂ ਦੱਸਿਆ ਕਿ ਅੱਜ ਤੱਕ ਇਸ ਮੋਰਚੇ ਨੂੰ 46 ਦਿਨ ਹੋ ਗਏ ਹਨ ਅਤੇ ਇਸ ਉੱਪਰ ਲਗਭਗ ਚਾਰ ਕਰੋੜ ਰੁਪਏ ਖਰਚਾ ਆ ਚੁੱਕਾ ਹੈ। ਇਹ ਖਰਚਾ ਲੰਗਰ, ਚਾਹ-ਪਾਣੀ, ਰਸਦ, ਗੱਡੀਆਂ, ਕਾਰਾਂ ਅਤੇ ਹੋਰ ਸਾਧਨਾਂ ਆਦਿ ‘ਤੇ ਹੋਇਆ ਹੈ। ਉਂਜ ਪਿੰਡਾਂ ਦੇ ਗੁਰਦੁਆਰਿਆ ਅੰਦਰ ਧਨੇਰ ਮਾਮਲੇ ਦੇ 46 ਦਿਨਾਂ ਤੋਂ ਹੋਕੇ ਗੂੰਜ ਰਹੇ ਸਨ ਅਤੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾ ਰਿਹਾ ਸੀ।
ਪਿੰਡਾਂ ਵਿੱਚੋਂ ਲੋਕ ਲੰਗਰ, ਚਾਹ ਪਾਣੀ ਅਤੇ ਹੋਰ ਰਸਦ ਲੈ ਕੇ ਆਉਂਦੇ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਦੀ ਜਿੱਤ ਪੰਜਾਬ ਦੇ ਸੰਘਰਸ਼ਸੀਲ ਅਤੇ ਹੱਕਾਂ ਲਈ ਜੂੰਝਣ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਕੱਲੀ ਉਨ੍ਹਾਂ ਦੀ ਯੂਨੀਅਨ ਵੱਲੋਂ ਹੀ ਇਸ ਸੰਘਰਸ਼ ਵਿੱਚ ਲਗਭਗ 2 ਕਰੋੜ ਰੁਪਏ ਦਾ ਖਰਚਾ ਆਇਆ ਹੈ ਜਦਕਿ ਪਿੰਡਾਂ ਵਿੱਚ ਰੋਜਾਨਾਂ ਆਉਣ ਵਾਲੀ ਰਸਦ ਇਸਤੋਂ ਵੱਖਰੀ ਹੈ।ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਰਾਤ ਵੇਲੇ ਸੈਂਕੜੇ ਲੋਕ ਰੁਕਦੇ ਸਨ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਵੱਡਾ ਕੰਮ ਸੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸਮ ਦਾ ਪਹਿਲਾ ਮੋਰਚਾ ਸੀ, ਜਿਸ ‘ਤੇ ਰੋਜਾਨਾ ਲੱਖਾਂ ਰੁਪਏ ਦਾ ਖਰਚਾ ਆ ਰਿਹਾ ਸੀ, ਪਰ ਸੰਘਰਸ਼ੀ ਲੋਕਾਂ ਦੇ ਏਕੇ ਨੇ ਹੱਕ ਦੀ ਜੰਗ ਵਿੱਚ ਖਰਚੇ ਨੂੰ ਨਹੀਂ ਦੇਖਿਆ। ਇਸ ਲਾ ਮਿਸਾਲ ਸੰਘਰਸ਼ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਵੱਲੋਂ ਵੱਡੀ ਦਰਿਆ ਦਿਲੀ ਦਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰਿਹਾਈ ਨਹੀਂ ਹੋ ਸਕੀ ਸੀ ਅਤੇ ਕੱਲ੍ਹ 15 ਨਵੰਬਰ ਨੂੰ ਰਿਹਾਈ ਦੀ ਪੂਰੀ ਆਸ ਹੈ ਅਤੇ ਰਿਹਾਈ ਦੌਰਾਨ ਇਸ ਮੋਰਚੇ ਨੂੰ ਫਤਿਹ ਕਰ ਦਿੱਤਾ ਜਾਵੇਗਾ।
ਮਾਮਲਾ ਤੇ ਇਸ ਤਰ੍ਹਾਂ ਚੱਲਿਆ ਸੰਘਰਸ਼
ਦੱਸਣਯੋਗ ਹੈ ਕਿ ਮਨਜੀਤ ਸਿੰਘ ਧਨੇਰ ਮਹਿਲ ਕਲਾਂ ‘ਚ 1997 ‘ਚ ਵਾਪਰੇ ਕਿਰਨਜੀਤ ਕੌਰ ਸਮੂਹਿਕ ਜਬਰ ਜਨਾਹ/ਕਤਲ ਕਾਂਡ ਦੇ ਵਿਰੋਧ ‘ਚ ਚੱਲੇ ਜ਼ੋਰਦਾਰ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਮੁੱਖ ਆਗੂ ਹਨ। ਕਿਰਨਜੀਤ ਦੇ ਕਾਤਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ 2003 ਵਿੱਚ ਦੋਸ਼ੀਆਂ ਦੇ ਪਰਿਵਾਰ ਨਾਲ ਸਬੰਧਿਤ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ, ਜਿਸ ‘ਚ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਮਨਜੀਤ ਸਿੰਘ ਧਨੇਰ, ਨਰੈਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਨਾਮਜ਼ਦ ਕਰ ਲਿਆ ਸੀ ਅਤੇ ਬਰਨਾਲਾ ਦੀ ਸ਼ੈਸ਼ਨ ਅਦਾਲਤ ਨੇ 2005 ਨੂੰ ਤਿੰਨਾਂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਤਿੰਨਾਂ ਲੋਕ ਆਗੂਆਂ ਦੀ ਰਿਹਾਈ ਸਬੰਧੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਲੜੇ ਗਏੇ ਸਾਂਝੇ ਸੰਘਰਸ਼ ਦੇ ਸਦਕਾ ਗਵਰਨਰ ਪੰਜਾਬ ਨੇ ਤਿੰਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ ਪਰ ਹਾਈਕੋਰਟ ਨੇ ਗਵਰਨਰ ਦਾ ਇਹ ਹੁਕਮ ਰੱਦ ਕਰਕੇ ਦੋ ਆਗੂਆਂ ਨੂੰ ਬਰੀ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਹਾਈਕੋਰਟ ਦੇ ਫ਼ੈਸਲੇ ਖ਼ਿਲਾਫ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ, ਸੁਪਰੀਮ ਕੋਰਟ ਵੱਲੋਂ ਮਨਜੀਤ ਸਿੰਘ ਧਨੇਰ ਦਾ ਕੇਸ ਪੰਜਾਬ ਦੇ ਗਵਰਨਰ ਪਾਸ ਦੁਬਾਰਾ ਵਿਚਾਰ ਕਰਨ ਲਈ ਭੇਜਿਆ ਸੀ। ਸੱਤ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਗਵਰਨਰ ਪੰਜਾਬ ਨੇ ਕੋਈ ਫੈਸਲਾ ਨਹੀਂ ਦਿੱਤਾ ਸੀ । ਸੁਪਰੀਮ ਕੋਰਟ ਵਿੱਚ 2 ਸਤੰਬਰ ਨੂੰ ਸੁਣਵਾਈ ਹੋਣ ‘ਤੇ ਸਜ਼ਾ ਬਰਕਰਾਰ ਰੱਖੀ ਗਈ ਸੀ। ਇਸ ਤੋਂ ਬਾਅਦ ਸ਼ਜਾ ਮੁਆਫ਼ੀ ਲਈ ਇਹ ਲੋਕ ਸੰਘਰਸ ਵਿੱਢਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।