ਨਿਰਪੱਖ ਤੇ ਭੈਅ ਮੁਕਤ ਚੋਣ ਅਮਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਤਿਆਰ : ਐਸ. ਕਰੁਣਾ ਰਾਜੂ | Shahkot Ground Election
- ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ
- 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 1ਲੱਖ 72676 ਵੋਟਰ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵਿਧਾਨ ਸਭਾ ਹਲਕਾ 32 ਸ਼ਾਹਕੋਟ (Shahkot Ground Election) ਜ਼ਿਮਨੀ ਚੋਣ ਲਈ ਭਲਕੇ 28 ਮਈ ਨੂੰ ਪੈਣ ਵਾਲੀਆ ਵੋਟਾਂ ਨੂੰ ਨਿਰਪੱਖ, ਭੈਅ ਮੁਕਤ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਖੁਲਾਸਾ ਮੁੱਖ ਚੋਣ ਅਫਸਰ ਡਾ. ਐਸ.ਕਰੁਣਾ ਰਾਜੂ ਨੇ ਅੱਜ ਮੁੱਖ ਚੋਣ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਡਾ. ਰਾਜੂ ਨੇ ਦੱਸਿਆ ਕਿ ਸ਼ਾਂਤਮਈ ਤੇ ਅਮਨ-ਆਮਾਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਚੋਣ ਅਮਲ ਨੂੰ ਨੇਪਰੇ ਚਾੜਨ ਲਈ 1416 ਪੋਲਿੰਗ ਮੁਲਾਜ਼ਮ ਅਤੇ 1022 ਪੰਜਾਬ ਪੁਲਿਸ ਅਤੇ ਨੀਮ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹਲਕੇ ਵਿੱਚ 236 ਪੋਲਿੰਗ ਸਟੇਸ਼ਨ ਹਨ ਜਿਨਾਂ ਵਿੱਚੋਂ 103 ਵਿੱਚ ਵੈਬ ਕਾਸਟਿੰਗ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖਦ ਖ਼ਬਰ : ਪਤੀ-ਪਤਨੀ ਨੂੰ ਸੁੱਤਿਆਂ ਪਿਆਂ ਸੱਪ ਨੇ ਡੰਗਿਆ, ਮੌਤ
80 ਮਾਇਕਰੋ ਅਬਜਰਵਰ ਲਗਾਏ ਗਏ ਹਨ ਜੋ ਕਿ ਕੇਂਦਰ ਸਰਕਾਰ ਦੇ ਮੁਲਾਜਮ ਹਨ ਤੇ ਸਿੱਧੇ ਤੌਰ ‘ਤੇ ਇਲੈਕਸ਼ਨ ਕਮਿਸ਼ਨ ਦਾ ਅੱਖ ਅਤੇ ਕੰਨ ਬਣ ਕੇ ਕੰਮ ਕਰ ਰਹੇ ਹਨ। ਸਮੁੱਚੇ ਵਿਧਾਨ ਸਭਾ ਹਲਕੇ ਵਿਚ ਈ.ਵੀ.ਐਮ. ਮਸ਼ੀਨਾਂ ਦੇ ਨਾਲ ਵੀ.ਵੀ.ਪੈਟ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕੇ ਵਿੱਚ 2201 ਅਸਲਾ ਲਾਈਸੈਸ ਹਨ ਜਿਨਾਂ ਵਿੱਚੋਂ 2005 ਜਮਾ ਕਰਵਾਏ ਜਾ ਚੁਕੇ ਹਨ ਅਤੇ ਬਾਕੀ ਰਹਿੰਦੇ ਹਥਿਆਰ ਵੀ ਜਮਾ ਕਰਵਾ ਲਏ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ 17 ਲੱਖ 50 ਹਜਾਰ ਦੀ ਨਕਦੀ ਜ਼ਬਤ ਕਰਨ ਤੋਂ ਇਲਾਵਾ 45,750 ਐਮ.ਐਲ ਸ਼ਰਾਬ ਵੀ ਜਬਤ ਕੀਤੀ ਗਈ ਹੈ।
ਹਲਕੇ ਵਿੱਚ ਸਟਾਰ ਕੰਪੇਨਰ 1 ਲੱਖ ਤੱਕ ਦੀ ਰਾਸ਼ੀ ਨਗਦ ਲੈ ਕੇ ਜਾ ਸਕਦਾ ਹੈ ਜਦਕਿ ਸਾਧਾਰਨ ਵਿਅਕਤੀ 50 ਹਜਾਰ ਤੋਂ ਵੱਧ ਨਗਦੀ ਨਹੀਂ ਲੈ ਕੇ ਜਾ ਸਕਦਾ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸਚਿਤ ਕੀਤਾ ਗਿਆ ਹੈ ਅਤੇ ਸ਼ਾਮ 6 ਵਜੇ ਜੋ ਵਿਅਕਤੀ ਲਾਈਨ ਵਿੱਚ ਲੱਗਾ ਹੋਵੇਗਾ ਉਸਨੂੰ ਵੋਟ ਪਾਉਣ ਲਈ ਵਾਧੂ ਸਮਾਂ ਦਿੱਤਾ ਜਾਵੇਗਾ। ਉਨਾਂ ਦੱੱਸਿਆ ਕਿ 1ਲੱਖ 72676 ਵੋਟਰ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।