‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਉਰਫ ‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸਬੰਧਤ ਲਫਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ੁਬਾਨ ਦਾ ਵੀ ਗਿਆਨ ਕੋਸ਼ ਹੈ।
‘ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਦੀ ਭੂਮਿਕਾ ’ਚ ਭਾਈ ਕਾਨ੍ਹ ਸਿੰਘ ਦੱਸਦੇ ਹਨ ਕਿ ਪੰਡਿਤ ਤਾਰਾ ਸਿੰਘ ਨਰੋਤਮ ਦੇ ‘ਗੁਰੂ ਗਿਰਾਰਥ ਕੋਸ਼’ ਤੇ ਭਾਈ ਹਜ਼ਾਰਾ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਕੋਸ਼’ ਨੂੰ ਪੜ੍ਹਨ ਉਪਰੰਤ ਫੁਰਨਾ ਫੁਰਿਆ ਕਿ ਸਿੱਖ ਸਾਹਿਤ ਦਾ ਵੀ ਇੱਕ ਅਜਿਹਾ ਕੋਸ਼ ਹੋਣਾ ਚਾਹੀਦੈ, ਜਿਸ ਵਿੱਚ ਸਾਰੇ ਸਿੱਖ ਮੱਤ ਸਬੰਧੀ ਗ੍ਰੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗਜ ਰੀਤੀ ਨਾਲ ਨਿਰਣਾ ਕੀਤਾ ਹੋਵੇ। ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਦੇ ਵਿਚਾਰ ਨੂੰ ਲੱਗਾ ਫਲ ਹੈ।
Bhai Kahan Singh Nabha
20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ ‘ਮਹਾਨ ਕੋਸ਼’ ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਇਹ ਮਹਾਨ ਕੋਸ਼ 6 ਫਰਵਰੀ 1926 ਵਿੱਚ ਪੂਰਾ ਹੋਇਆ।
ਇਸ ਦੀ ਛਪਾਈ 26 ਅਕਤੂਬਰ 1927 ਨੂੰ ਆਰੰਭ ਹੋ ਕੇ ਲਗਭਗ ਢਾਈ ਸਾਲਾਂ ਮਗਰੋਂ ਵਿਸਾਖੀ ਵਾਲੇ ਦਿਨ 13 ਅਪਰੈਲ 1930 ਨੂੰ ਸਮਾਪਤ ਹੋਈ। ਇਸ ਦੀ ਛਪਾਈ ਬਾਬਤ ਗੱਲ ਕਰਦਿਆਂ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ ਚਾਤਿ੍ਰਕ ਜੀ ਨੇ ਮੇਰੀ ਇੱਛਾ ਅਨੁਸਾਰ ਨਵੇਂ ਟਾਈਪ ਤਿਆਰ ਕਰਕੇ ‘ਮਹਾਨ ਕੋਸ਼’ ਨੂੰ ਵਪਾਰੀਆਂ ਵਾਂਗਰ ਨਹੀਂ ਬਲਕਿ ਪ੍ਰੇਮੀ ਗੁਣੀਆਂ ਦੀ ਤਰ੍ਹਾਂ ਵੱਡੀ ਮਿਹਨਤ ਨਾਲ ਉੱਤਮ ਛਾਪਿਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ।
ਇਸ ਦਾ ਸਾਰਾ ਖਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿੱਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿੱਤੀ ਅਤੇ ਪੂਰਾ ਸਟਾਫ ਵੀ ਦਿੱਤਾ ਜਿਸ ਦਾ ਖਰਚਾ ਪਟਿਆਲਾ ਰਿਆਸਤ ਦਿੰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵੱਲੋਂ ਹੀ ਕੀਤੀ ਗਈ ਸੀ। ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।
Also Read : ਮਨੁੱਖੀ ਚਮੜੀ ਹੈ ਸੂਰਜ ਦੀ ਤਪਸ਼ ਤੋਂ ਬਚਣ ਲਈ ਸਮਰੱਥ
‘ਮਹਾਨ ਕੋਸ਼’ ਨੂੰ ਤਿਆਰ ਕਰਨ ਲਈ ਜਿਨ੍ਹਾਂ ਕਿਤਾਬਾਂ ਤੋਂ ਸ਼ਬਦ-ਸੰਗ੍ਰਹਿ ਕੀਤਾ, ਉਹ ਸਨ- ਬਾਣੀ ਭਾਈ ਗੁਰਦਾਸ, ਰਚਨਾ ਭਾਈ ਨੰਦ ਲਾਲ ਗੁਰ ਸੋਭਾ, ਸਰਬ ਲੋਹ ਪ੍ਰਕਾਸ਼, ਗੁਰ ਬਿਲਾਸ, ਦਸਮ ਗ੍ਰੰਥ, ਗੁਰੂ ਪ੍ਰਤਾਪ ਸੂਰਜ, ਜਨਮ ਸਾਖੀਆਂ, ਰਹਿਤਨਾਮੇ ਅਤੇ ਹੋਰ ਵੀ ਬਹੁਤ ਇਤਿਹਾਸਕ ਤੇ ਸਾਹਿਤਕ ਗ੍ਰੰਥ। ਇਨ੍ਹਾਂ ਕਿਤਾਬਾਂ ਵਿੱਚੋਂ ਪਹਿਲਾ ਕੰਮ ਸ਼ਬਦ ਇਕੱਤਰ ਕਰਨੇ- ਉਨ੍ਹਾਂ ਨੂੰ ਵਰਨ-ਮਾਲਾ ਅਨੁਸਾਰ ਰੱਖਣਾ-ਸ਼ਬਦਾਂ ਦੇ ਅਰਥ ਦੱਸਣੇ- ਸ਼ਬਦਾਂ ਦੇ ਸਮਾਨਾਰਥ ਸ਼ਬਦ ਲਿਖਣੇ ਤੇ ਵਿਆਖਿਆ ਕਰਨੀ। ਇਹੋ ਸਭ ਕੁਝ ‘ਗੁਰ ਸ਼ਬਦ- ਰਤਨਾਕਰ ਮਹਾਨ ਕੋਸ਼’ ਦੀ ਇੱਕ ਪੂੰਜੀ ਬਣੀ। ਇਸ ਕਿ੍ਰਤ ਨੇ ਹੀ ਭਾਈ ਕਾਨ੍ਹ ਸਿੰਘ ਨੂੰ ਸਾਹਿਤ ਦੀ ਦੁਨੀਆਂ ਵਿੱਚ ਇਕ ਨਿਵੇਕਲਾ ਨਾਂਅ ਦਿੱਤਾ- ‘ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ।’’ ਇਹ ਮਹਾਨ ਕੋਸ਼ ਸਿੱਖ ਸਾਹਿਤ ਅਤੇ ਇਤਿਹਾਸ ਦਾ ਇਕ ‘ਵਿਸ਼ਵਕੋਸ਼’ ਹੈ।
Bhai Kahan Singh Nabha
ਸਵਰਗਵਾਸੀ ਪ੍ਰੋਫੈਸਰ ਤੇਜਾ ਸਿੰਘ ਅਨੁਸਾਰ ਇਸ ਮਹਾਨ ਕੋਸ਼ ਵਿੱਚ 64263 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। ਓਰੀਐਂਟਲ ਕਾਲਜ ਲਾਹੌਰ ਦੇ ਪਿ੍ਰੰਸੀਪਲ, ਏਸੀ ਵੂਲਨਰ ਨੇ ਕੋਸ਼ ਨੂੰ ‘ਸਿੱਖ ਧਰਮ ਦਾ ਐਨਸਾਈਕਲੋਪੀਡੀਆ’ ਅਤੇ ‘ਸਿੱਖ ਸਾਹਿਤ ਦੀ ਡਿਕਸ਼ਨਰੀ’ ਕਿਹਾ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਇਹ ਇਸ ਦਾ ਮੁੱਖ ਉਦੇਸ਼ ਨਹੀਂ, ਤਾਂ ਵੀ ਇਹ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਇੱਕ ਸ਼ਬਦਕੋਸ਼ ਵਜੋਂ ਵੀ ਬਹੁਤ ਮੁੱਲਵਾਨ ਰਹੇਗਾ।
ਮਹਾਨ ਕੋਸ਼ ਤੋਂ ਪਹਿਲਾਂ ਦੇ ਛਪੇ ਅਲੱਗ-ਅਲੱਗ ਕੋਸ਼ਾਂ ਵਿੱਚ ਊੜਾ ਪੱਟੀ ਦੇ ਤਿੰਨ ਸੌ (300) ਤੋਂ ਵੱਧ ਸ਼ਬਦ ਨਹੀਂ ਮਿਲਦੇ ਪਰ ਮਹਾਨ ਕੋਸ਼ ਵਿੱਚ ਊੜਾ ਪੱਟੀ ਦੇ 1442 ਸ਼ਬਦ ਮਿਲਦੇ ਹਨ। ਪ੍ਰੋ. ਪ੍ਰੀਤਮ ਸਿੰਘ ਮੁਤਾਬਕ ਇਹ ਭਾਈ ਸਾਹਿਬ ਦੀ ਸਭ ਤੋਂ ਵੱਡੀ ਸਾਹਿਤਕ ਪ੍ਰਾਪਤੀ ਹੈ। ਖੁਸ਼ਵੰਤ ਸਿੰਘ ਨੇ ‘ਗੁਰ ਸ਼ਬਦ- ਰਤਨਾਕਾਰ ਮਹਾਨ ਕੋਸ਼’ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚ ਗਿਣਿਆ। ਡਾ. ਵਾਸਦੇਵ ਸ਼ਰਣ ਦਾ ਵਿਚਾਰ ਹੈ ਕਿ ‘ਭਾਈ ਕਾਨ੍ਹ ਸਿੰਘ ਦੀ ਇਹ ਰਚਨਾ ਆਪਣੀ ਕਿਸਮ ਦੀ ਭਾਰਤ ਭਰ ਵਿੱਚ ਇਕੱਲੀ ਹੈ। ਕਿਉਂਕਿ ਇਸ ਮਹਾਨ ਕੋਸ਼ ਵਿੱਚ ਸ਼ਬਦਾਂ ਦੇ ਅਰਥ ਹੀ ਨਹੀਂ ਦੱਸੇ ਹੋਏ ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਤੇ ਵਿਸਤਿ੍ਰਤ ਵਿਆਖਿਆ ਵੀ ਹੈ।’
ਸ. ਸੁਖਚੈਨ ਸਿੰਘ ਕੁਰੜ, ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)