ਪੰਜਾਬ ‘ਚ ਹੁਣ ‘ਆਪ’ ਦਾ ਰਾਜ: ਭਗਵੰਤ ਮਾਨ ਨੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
Bhagwant Mann sworn-in as the Chief Minister of Punjab, in Khatkar Kalan. pic.twitter.com/mrRVRNX9ab
— ANI (@ANI) March 16, 2022
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ (Bhagwant Mann) ਅੱਜ ਦੁਪਹਿਰ ਕਰੀਬ 12:30 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਭਗਤ ਸਿੰਘ ਦੇ ਜੱਦੀ ਪਿੰਡ ਨਵਾਂਸ਼ਹਿਰ ਦੇ ਖਟਕੜ ਕਲਾਂ ਵਿੱਚ ਹੋਵੇਗਾ। ਅੱਜ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਿਆਂ ਹੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਧਿਆਏ ਜੁੜ ਜਾਵੇਗਾ।
ਸ਼ਹੀਦ ਭਗਤ ਸਿੰਘ ਦੇ ਸਮਾਰਕ ‘ਤੇ ਚੁੱਕੀ ਸਹੁੰ
ਪਹਿਲਾ ਅਧਿਆਏ ਇਹ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਹੁਣ ਤੱਕ ਸੂਬੇ ਵਿੱਚ ਸਿਰਫ਼ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹੀ ਸਰਕਾਰ ਰਹੀ ਹੈ। ਦੂਜਾ, ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਪਹਿਲੀ ਵਾਰ ਰਾਜਧਾਨੀ ਚੰਡੀਗੜ੍ ਦੇ ਗਵਰਨਰ ਹਾਊਸ ਤੋਂ ਬਾਹਰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ‘ਤੇ ਸਹੁੰ ਚੁੱਕਣ ਜਾ ਰਹੇ ਹਨ। ਅਜਿਹਾ ਸੂਬੇ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ।
‘ਆਪ’ ਦੇ 69 ਫੀਸਦੀ ਵਿਧਾਇਕ ਕਰੋੜਪਤੀ
ਪੰਜਾਬ ਵਿਧਾਨ ਸਭਾ ‘ਚ ਭਾਰੀ ਬਹੁਮਤ ਨਾਲ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ 92 ਨਵੇਂ ਚੁਣੇ ਗਏ ਵਿਧਾਇਕਾਂ ‘ਚੋਂ 69 ਫੀਸਦੀ ਭਾਵ 63 ਵਿਧਾਇਕ ਕਰੋੜਪਤੀ ਹਨ । ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਆਫ ਡੈਮੋਕੇ੍ਰਟਿਕ ਰਿਫਾਰਮਜ਼ ਦੀ ਅੱਜ ਜਾਰੀ ਰਿਪੋਰਟ ਅਨੁਸਾਰ ਉਂਜ ਤਾਂ ਪੰਜਾਬ ਵਿੱਚੋਂ ਜਿੱਤਣ ਵਾਲੇ ਵਿਧਾਇਕਾਂ ਵਿੱਚੋਂ 87 ਵਿਧਾਇਕ ਭਾਵ 74 ਫੀਸਦੀ ਵਿਧਾਇਕ ਕਰੋੜਪਤੀ ਹਨ। ਹੋਰ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਦੇ 18 ਵਿੱਚੋਂ 17 (94 ਫ਼ੀਸਦੀ) ਵਿਧਾਇਕ, ਅਕਾਲੀ ਦਲ ਦੇ ਤਿੰਨ ਵਿੱਚੋਂ ਤਿੰਨ (100 ਫ਼ੀਸਦੀ), ਭਾਜਪਾ ਦੇ ਦੋ ਵਿੱਚੋਂ ਦੋ (100 ਫ਼ੀਸਦੀ) ਅਤੇ ਬਸਪਾ ਦੇ ਇੱਕ ਵਿੱਚੋਂ ਇੱਕ (100 ਫ਼ੀਸਦੀ) ਵਿਧਾਇਕ ਕਰੋੜਪਤੀ ਹਨ। ਸਭ ਤੋਂ ਅਮੀਰ ਵਿਧਾਇਕ ਵੀ ‘ਆਪ’ ਦੇ ਐਸਏਐਸ ਨਗਰ (ਮੁਹਾਲੀ) ਤੋਂ ਕੁਲਵੰਤ ਸਿੰਘ ਹਨ, ਜਿਨ੍ਹਾਂ ਕੋਲ 238 ਕਰੋੜ ਰੁਪਏ ਦੀ ਜਾਇਦਾਦ ਹੈ। ਅਪਰਾਧਿਕ ਮਾਮਲਿਆਂ ਦੀ ਗੱਲ ਕਰੀਏ ਤਾਂ ਕੁੱਲ ਵਿਧਾਇਕਾਂ ‘ਚੋਂ 50 ਫੀਸਦੀ ‘ਤੇ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ 23 ਫੀਸਦੀ ‘ਤੇ ਗੰਭੀਰ ਅਪਰਾਧਿਕ ਮਾਮਲੇ ਹਨ, ਜਦੋਂ ਕਿ ਪਿਛਲੀਆਂ ਚੋਣਾਂ ‘ਚ ਇਹ ਫੀਸਦੀ ਕ੍ਰਮਵਾਰ 14 ਅਤੇ 9 ਸੀ।
‘ਆਪ’ ਦੇ 57% ਵਿਧਾਇਕਾਂ ‘ਤੇ ਅਪਰਾਧਿਕ ਮਾਮਲੇ ਦਰਜ
ਪਾਰਟੀ ਲਾਈਨ ‘ਤੇ ਗੱਲ ਕਰੀਏ ਤਾਂ ‘ਆਪ’ ਦੇ 57 ਫੀਸਦੀ ਵਿਧਾਇਕਾਂ ‘ਤੇ ਅਪਰਾਧਿਕ ਮਾਮਲੇ ਹਨ, ਜਿਨ੍ਹਾਂ ‘ਚੋਂ 25 ਫੀਸਦੀ ‘ਤੇ ਗੰਭੀਰ ਅਪਰਾਧਿਕ ਮਾਮਲੇ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ 67 ਫੀਸਦੀ, ਭਾਜਪਾ ਦੇ 50 ਫੀਸਦੀ ਅਤੇ ਕਾਂਗਰਸ ਦੇ 17 ਫੀਸਦੀ ਵਿਧਾਇਕਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਗੰਭੀਰ ਅਪਰਾਧਿਕ ਮਾਮਲਿਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀ ਪ੍ਰਤੀਸ਼ਤਤਾ ਕ੍ਰਮਵਾਰ 67, ਜ਼ੀਰੋ ਅਤੇ 11 ਹੈ। 117 ਮੈਂਬਰੀ ਵਿਧਾਨ ਸਭਾ ਵਿੱਚ ‘ਆਪ ਨੇ 92, ਕਾਂਗਰਸ ਨੇ 18, ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਅਤੇ ਇਸ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ ਨੇ ਇੱਕ, ਭਾਰਤੀ ਜਨਤਾ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਅਤੇ ਇੱਕ ਸੀਟ ‘ਤੇ ਇੱਕ ਆਜ਼ਾਦ ਉਮੀਦਵਾਰ ਚੁਣਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ