(Bhagwant Mann) ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਅਸਤੀਫਾ ਦੇਣ ਦੀ ਜਾਣਕਾਰੀ ਨਾਲ ਸੰਗਰੂਰ ਵਾਸੀਆਂ ਨੂੰ ਦਿੱਤਾ ਭਰੋਸਾ
(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਅਗਾਮੀ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਹੋਣ ਜਾ ਰਹੇ ਆਪਣੇ ਸਹੁੰ ਚੁੱਕ ਸਮਾਰੋਹ ਲਈ ਸਮੂਹ ਪੰਜਾਬੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਹੈ। ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਟਵਿੱਟਰ ’ਤੇ ਟਵੀਟ ਕਰਕੇ ਪੂਰੇ ਪੰਜਾਬੀਆਂ ਨੂੰ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਪੱਤਰ ਦਿੰਦਿਆਂ ਕਿਹਾ ਕਿ ‘ਆਓ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ, 16 ਮਾਰਚ, ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ’ਚ ਪਹੁੰਚ ਦਾ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ।’ ਇਸ ਤੋਂ ਦੋ ਘੰਟੇ ਪਹਿਲਾਂ ਟਵਿੱਟਰ ’ਤੇ ਕੀਤੇ ਟਵੀਟ ਰਾਹੀਂ ਅਗਾਮੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਉਹ ਅੱਜ ਦਿੱਲੀ ਜਾ ਕੇ ਸੰਗਰੂਰ ਦੇ ਐੱਮ ਪੀ ਪਦ ਤੋਂ ਅਸਤੀਫ਼ਾ ਦੇ ਰਹੇ ਹਨ।
ਉਨ੍ਹਾਂ ਨੇ ਸੰਗਰੂਰ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਉਨ੍ਹਾਂ ਨੂੰ ਇੰਨਾ ਸਮਾਂ ਪਿਆਰ ਦਿੱਤਾ, ਇਸ ਲਈ ਬਹੁਤ ਧੰਨਵਾਦ। ਉਹ ਅੱਗੇ ਕਹਿੰਦੇ ਹਨ ਕਿ ਹੁਣ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਐਮ ਪੀ ਅਹੁਦਾ ਛੱਡਣ ਸਬੰਧੀ ਉਨ੍ਹਾਂ ਨੇ ਸੰਗਰੂਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੁਝ ਮਹੀਨਿਆਂ ਵਿੱਚ ਸੰਗਰੂਰ ਦੀ ਆਵਾਜ਼ ਫਿਰ ਲੋਕ ਸਭਾ ਵਿੱਚ ਗੂੰਜੇਗੀ।
ਦੱਸਣਯੋਗ ਹੈ ਕਿ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਜੇਤੂ ਰਹਿ ਕੇ ਭਗਵੰਤ ਮਾਨ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ। ਲੋਕ ਸਭਾ ’ਚ ਹਲਕਾ ਸੰਗਰੂਰ ਅਤੇ ਖੇਤੀ ਕਾਨੂੰਨਾਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਸ਼ਾਨਦਾਰ ਤਰੀਕੇ ਨਾਲ ਚੁੱਕਣ ਨਾਲ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਨਾਲ ਭਿੜਨ ਸਮੇਤ ਸਰਕਾਰ ਦੀਆਂ ਵਰਤੀਆਂ ਜਾਦੀਆਂ ਕਥਿਤ ਅਣਗਹਿਲੀਆਂ ਖਿਲਾਫ ਆਵਾਜ ਬੁਲੰਦ ਕਰਦੇ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ