ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਭਗਵੰਤ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ

ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ 10 ਕੀਟਨਾਸ਼ਕਾਂ ਦੀ ਵਰਤੋਂ ’ਤੇ ਲਾਈ ਪਾਬੰਦੀ

ਫਾਜ਼ਿਲਕਾ ਜ਼ਿਲ੍ਹੇ ਦੇ ਬਾਸਮਤੀ ਦੀ ਹੈ ਵਿਦੇਸ਼ਾ ਤੱਕ ਧਾਕ, ਇਸ ਫੈਸਲੇ ਨਾਲ ਨਿਰਯਾਤ ਨੂੰ ਮਿਲੇਗਾ ਹੋਰ ਹੁੰਗਾਰਾ

ਫਾਜ਼ਿਲਕਾ, (ਰਜਨੀਸ਼ ਰਵੀ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ ਕੁਝ ਕੀਟਨਾਸ਼ਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਨਾਲ ਫਾਜ਼ਿਲਕਾ ਜ਼ਿਲ੍ਹੇ ਦੀ ਜਿਸ ਬਾਸਮਤੀ ਦੀ ਧਾਕ ਅਰਬ ਮੁਲਕਾਂ ਤੱਕ ਹੈ, ਉਸ ਦੀ ਹੋਰ ਕੌਮਾਂਤਰੀ ਮੰਡੀਆਂ ਤੱਕ ਪਹੁੰਚ ਹੋਵੇਗੀ ਅਤੇ ਨਤੀਜੇ ਵਜੋਂ ਸਾਡੇ ਕਿਸਾਨਾਂ ਨੂੰ ਹੋਰ ਚੰਗੇ ਦਾਮ ਮਿਲਣ ਦੀ ਆਸ ਬੱਝੀ ਹੈ।

ਜਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਹਿਲਾਂ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਅਤੇ ਘਟੀਆ ਦਰਜੇ ਦੇ ਕੀਟਨਾਸ਼ਕਾਂ ਦੀ ਵਿਕਰੀ ’ਤੇ ਨਜ਼ਰ ਰੱਖਣ ਅਤੇ ਅਜਿਹੀਆਂ ਕਾਰਵਾਈਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਨਾਲ ਇਸਦਾ ਸਿੱਧਾ ਲਾਭ ਕਿਸਾਨਾਂ ਦੀ ਆਮਦਨ ਵਾਧੇ ਵਜੋਂ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਚੌਲ ਉਤਪਾਦਕਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕੀਟਨਾਸਕਾਂ ਕਾਰਨ ਨਿਰਯਾਤ ਵਿਚ ਦਿੱਕਤ ਆਉਂਦੀ ਹੈ।

ਉਨ੍ਹਾਂ ਕਿਹਾ ਐਸੀਫੇਟ, ਬੁਪਰੋਫੇਜ਼ਿਨ, ਕਲੋਰੋਪਾਈਰੀਫੋਸ, ਮੈਥਾਮਾਈਡੋਫੋਸ, ਪ੍ਰੋਪੀਕੋਨਾਜ਼ੋਲ ਥਿਆਮੈਥੋਕਸਮ, ਪ੍ਰੋਫੈਨੋਫੋਸ, ਆਈਸੋਪ੍ਰੋਥੀਓਲੇਨ, ਕਾਰਬੈਂਡਾਜ਼ਿਮ ਟ੍ਰਾਈਸਾਈਕਲਾਜ਼ੋਲ ਵਰਗੇ ਕੀਟਨਾਸ਼ਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ਚੌਲਾਂ ਖਾਸ ਕਰਕੇ ਬਾਸਮਤੀ ਚੌਲਾਂ ਦੀ ਬਰਾਮਦ ਅਤੇ ਖਪਤ ਵਿੱਚ ਸੰਭਾਵੀ ਰੁਕਾਵਟਾਂ ਬਣ ਰਹੇ ਸਨ। ਗੁਰਮੀਤ ਸਿੰਘ ਪੌਦ ਸੁਰੱਖਿਆ ਅਫ਼ਸਰ ਅਬੋਹਰ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਪਰੋਕਤ ਕੀਟਨਾਸ਼ਕਾਂ ’ਤੇ ਪੰਜਾਬ ਵਿੱਚ 60 ਦਿਨਾਂ ਦੀ ਮਿਆਦ ਲਈ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਿਨਾਂ ਕਿਸੇ ਰਹਿੰਦ-ਖੂੰਹਦ ਦੇ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮਾਹਿਰਾਂ ਅਨੁਸਾਰ ਇਨ੍ਹਾਂ ਖੇਤੀ ਰਸਾਇਣਾਂ ਦੀ ਵਰਤੋਂ ਕਾਰਨ ਬਾਸਮਤੀ ਚੌਲਾਂ ਵਿੱਚ ਸਮਰੱਥ ਅਥਾਰਟੀ ਦੁਆਰਾ ਨਿਰਧਾਰਤ ਮੈਕਸੀਅਮ ਰੈਜ਼ੀਡਿਊਲ ਲੈਵਲ (ਐਮਆਰਐਲ) ਤੋਂ ਵੱਧ ਕੀਟਨਾਸ਼ਕ ਰਹਿੰਦ-ਖੂੰਹਦ ਹੋਣ ਦਾ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਕੀਟਨਾਸ਼ਕਾਂ ਦੀ ਰਹਿੰਦ ਖੁੰਹਦ ਦਾਣਿਆਂ ਵਿਚ ਆਉਣ ਕਾਰਨ ਵਿਦੇਸਾਂ ਵਿਚ ਸਾਡੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਹੈ। ਜਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਬਾਸਮਤੀ ਵੱਡੀ ਮਾਤਰਾ ਵਿਚ ਨਿਰਯਾਤ ਹੁੰਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਨੇ ਬਾਸਮਤੀ ਚੌਲਾਂ ਦੇ ਕੀੜਿਆਂ ਨੂੰ ਕੰਟਰੋਲ ਕਰਨ ਲਈ ਘੱਟ ਰਹਿੰਦ-ਖੂੰਹਦ ਵਾਲੇ ਖੇਤੀ ਰਸਾਇਣਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਬਜ਼ਾਰ ਵਿੱਚ ਉਪਲਬਧ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here