ਸ਼ਰਾਬ ਦੇ ਨਸ਼ੇ ‘ਚ ਸਨ ਭਗਵੰਤ ਮਾਨ, ਪੰਜਾਬੀ ਹੋਏ ਸ਼ਰਮਿੰਦਾ, ਭਗਵੰਤ ਮਾਨ ਦੇਣ ਸਫ਼ਾਈ : ਸੁਖਬੀਰ ਬਾਦਲ
- ਕੈਬਨਿਟ ਮੰਤਰੀਆਂ ਦਾ ਦਾਅਵਾ, ਬਿਮਾਰ ਸਨ ਭਗਵੰਤ ਮਾਨ, ਕੋਈ ਵੀ ਹੋ ਸਕਦੈ ਵਿਦੇਸ਼ ’ਚ ਬਿਮਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਜਰਮਨੀ ਵਿੱਚ ਨਿਵੇਸ਼ ਲੈਣ ਲਈ ਗਏ ਭਗਵੰਤ ਮਾਨ ਸ਼ਨਿੱਚਰਵਾਰ ਨੂੰ ਦਿੱਲੀ ਲਈ ਫਲਾਈਟ ਹੀ ਨਹੀਂ ਲੈ ਪਾਏ, ਕਿਉਂਕਿ ਉਨਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਸਫ਼ਰ ਕਰਨ ਲਈ ਫਿੱਟ ਨਹੀਂ ਸਨ, ਜਿਸ ਕਾਰਨ ਹੀ ਉਨਾਂ ਨੂੰ ਆਪਣੀ ਪਹਿਲਾਂ ਤੋਂ ਤੈਅ ਫਲਾਈਟ ਨੂੰ ਛੱਡਣਾ ਪਿਆ। ਭਗਵੰਤ ਮਾਨ ਦੇ ਫਿੱਟ ਨਹੀਂ ਹੋਣ ‘ਤੇ ਵਿਰੋਧੀ ਧਿਰਾਂ ਨੇ ਸੁਆਲ ਚੁੱਕਦੇ ਹੋਏ ਦੋਸ਼ ਲਗਾ ਦਿੱਤਾ ਹੈ ਕਿ ਭਗਵੰਤ ਮਾਨ ਵਿਦੇਸ਼ ਵਿੱਚ ਵਾਪਸੀ ਮੌਕੇ ਸ਼ਰਾਬ ਦੇ ਨਸ਼ੇ ਵਿੱਚ ਸਨ, ਜਿਸ ਕਾਰਨ ਹੀ ਉਨਾਂ ਨੂੰ ਜਰਮਨੀ ਵਿੱਚ ਜਹਾਜ਼ ‘ਤੇ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। (Bhagwant Maan Flight Germany)
ਸੁਖਬੀਰ ਬਾਦਲ ਨੇ ਤਾਂ ਇਸ ਘਟਨਾ ਨੂੰ ਪੰਜਾਬੀਆ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਕਰਾਰ ਦਿੰਦੇ ਹੋਏ ਭਗਵੰਤ ਮਾਨ ਨੂੰ ਤੁਰੰਤ ਮੁਆਫ਼ੀ ਮੰਗਣ ਤੱਕ ਦੀ ਗੱਲ ਆਖ ਦਿੱਤੀ ਹੈ। ਇਥੇ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਿਦੇਸ਼ ਵਿੱਚ ਕੋਈ ਵੀ ਬਿਮਾਰ ਹੋ ਸਕਦਾ ਹੈ ਅਤੇ ਭਗਵੰਤ ਮਾਨ ਦੀ ਤਬੀਅਤ ਖ਼ਰਾਬ ਸੀ, ਜਿਸ ਕਾਰਨ ਹੀ ਉਹ ਸ਼ਨੀਵਾਰ ਨੂੰ ਜਹਾਜ਼ ਰਾਹੀਂ ਸਫ਼ਰ ਨਹੀਂ ਕਰ ਪਾਏ ਸਨ, ਇਸ ਵਿੱਚ ਵਿਰੋਧੀ ਧਿਰਾਂ ਨੂੰ ਹੰਗਾਮਾ ਨਹੀਂ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ
ਸੁਖਬੀਰ ਬਾਦਲ ਨੇ ਟਵਿੱਟ ਕਰਦੇ ਹੋਏ ਕਿਹਾ ਕਿ ਫ੍ਰੈਕਫਰੰਟ ਏਅਰਪੋਰਟ ’ਚ ਲੁਫਥਾਂਸਾ ਏਅਰਲਾਈਨਜ਼ ਵੱਲੋਂ ਭਗਵੰਤ ਮਾਨ ਨੂੰ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹੋਏ ਹੇਠਾਂ ਉਤਾਰ ਦਿੱਤਾ ਗਿਆ ਸੀ, ਕਿਉਂਕਿ ਉਸ ਕਾਫ਼ੀ ਜਿਆਦਾ ਨਸ਼ੇ ਵਿੱਚ ਸਨ। ਜਿਸ ਕਾਰਨ ਉਨਾਂ ਦੀ ਫਲਾਈਟ ਹੀ 4 ਘੰਟੇ ਤੱਕ ਲੇਟ ਹੋ ਗਈ। ਸੁਖਬੀਰ ਬਾਦਲ ਨੇ ਕਿਹਾ ਕਿ ਉਸੇ ਜਹਾਜ਼ ਵਿੱਚ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਤਰਾਂ ਦੀ ਘਟਨਾ ਵਾਪਰੀ ਹੈ। ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਵੀ ਦਖ਼ਲ ਦੇਣਾ ਚਾਹੀਦਾ ਹੈ, ਕਿਉਂਕਿ ਇਹ ਪੰਜਾਬ ਅਤੇ ਦੇਸ਼ ਦੇ ਮਾਣ ਸਨਮਾਨ ਦਾ ਮਾਮਲਾ ਹੈ।
ਇਹ ਵੀ ਪੜ੍ਹੋ : ਗੈਂਗਸ਼ਟਰ ਸੰਦੀਪ ਬਿਸ਼ਨੋਈ ਦਾ ਕੋਰਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਵਿਦੇਸ਼ ਸਫ਼ਰ ਦੌਰਾਨ ਕਿਸੇ ਦੀ ਵੀ ਤਬੀਅਤ ਖ਼ਰਾਬ ਹੋ ਸਕਦੀ ਹੈ : ਮੀਤ ਹੇਅਰ
ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਵਿਰੋਧੀਆਂ ਵਲੋਂ ਚੁੱਕੀ ਜਾ ਰਹੀ ਉਂਗਲ ’ਤੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪਹਿਲੇ 6 ਮਹੀਨੇ ਵਿੱਚ ਹੀ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ, ਜਿਸ ਕਾਰਨ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਹੀ ਨਹੀਂ ਹੈ। ਇਸੇ ਕਰਕੇ ਬੇਫਜ਼ੂਲ ਦੀ ਗੱਲਾਂ ਕੀਤੀ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜਰਮਨੀ ਵਿੱਚ ਹਵਾ ਪਾਣੀ ਬਦਲਣ ਕਰਕੇ ਭਗਵੰਤ ਮਾਨ ਦੀ ਤਬੀਅਤ ਖ਼ਰਾਬ ਹੋ ਗਈ ਸੀ ਅਤੇ ਵਿਦੇਸ਼ ਸਫ਼ਰ ਦੌਰਾਨ ਕਿਸੇ ਦੀ ਵੀ ਤਬੀਅਤ ਖ਼ਰਾਬ ਹੋ ਸਕਦੀ ਹੈ ਪਰ ਇਸ ਵਿੱਚ ਗਲਤ ਤਰੀਕੇ ਨਾਲ ਪ੍ਰਚਾਰ ਵਿੱਚ ਵਿਰੋਧੀ ਧਿਰਾਂ ਦੀ ਬੌਖਲਾਹਟ ਦਿਖਾਈ ਦੇ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ