Sports News: (ਸੁਸੀਲ ਕੁਮਾਰ) ਭਾਦਸੋਂ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਭਾਦਸੋਂ ਵਿੱਚ ਸਥਿਤ ਦਸਮੇਸ਼ ਸੂਟਿੰਗ ਬਾਲ ਸਪੋਰਟਸ ਕਲੱਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਨਾ ਸਿਰਫ ਖੇਡਾਂ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ, ਸਗੋਂ ਸਮਾਜਿਕ ਅਤੇ ਪ੍ਰਸਾਸਕੀ ਖੇਤਰਾਂ ਵਿੱਚ ਵੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਸਮੇਂ-ਸਮੇਂ ’ਤੇ ਕਲੱਬ ਦੁਆਰਾ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ, ਇਸ ਕਲੱਬ ਨਾਲ ਜੁੜੇ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਹਾਸਲ ਕਰਕੇ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ’ਤੇ ਪਹੁੰਚ ਕੇ ਖੇਤਰ ਦਾ ਮਾਣ ਵਧਾਇਆ ਹੈ।
ਕਲੱਬ ਦੇ ਮੈਂਬਰਾਂ ਵਿੱਚੋਂ ਕਈ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਜਿਵੇਂ ਕਿ ਪੰਜਾਬ ਪੁਲਿਸ, ਸਿੱਖਿਆ ਵਿਭਾਗ ਅਤੇ ਹੋਰ ਪ੍ਰਸਾਸਕੀ ਅਹੁਦਿਆਂ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਸਥਾਨਕ ਪੱਧਰ ‘ਤੇ ਨੀਤੀ-ਨਿਰਮਾਣ ਅਤੇ ਵਿਕਾਸ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਕਲੱਬ ਦੇ ਪ੍ਰਧਾਨ, ਸੁਖਵਿੰਦਰ ਸਿੰਘ ਘੁੰਮਣ ਜੋ ਖੁਦ ਵੀ ਇਸ ਦੇ ਸਰਗਰਮ ਮੈਂਬਰ ਹਨ, ਨੇ ਦੱਸਿਆ ਕਿ, ਸਾਡਾ ਮਕਸਦ ਸਿਰਫ ਖੇਡਾਂ ਨੂੰ ਉਤਸਾਹਿਤ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਅਨੁਸਾਸਿਤ, ਸਵੈ-ਨਿਰਭਰ ਅਤੇ ਸਮਾਜ ਪ੍ਰਤੀ ਜਿੰਮੇਵਾਰੀ ਬਣਾਉਣਾ ਵੀ ਹੈ। ਸਾਡੇ ਮੈਂਬਰਾਂ ਦੀ ਸਫਲਤਾ ਸਾਡੇ ਇਸ ਮਿਸਨ ਦੀ ਪ੍ਰਤੀਕ ਹੈ।
ਇਹ ਵੀ ਪੜ੍ਹੋ: Aam Aadmi Clinic: ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬੁਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ
ਸਥਾਨਕ ਲੋਕਾਂ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਦਸਮੇਸ਼ ਸੂਟਿੰਗ ਬਾਲ ਸਪੋਰਟਸ ਕਲੱਬ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਕਲੱਬ ਦੀਆਂ ਗਤੀਵਿਧੀਆਂ ਵਿੱਚ ਸੂਟਿੰਗ ਦੇ ਨਾਲ-ਨਾਲ ਹੋਰ ਖੇਡਾਂ, ਸਮਾਜ ਸੇਵਾ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਸ਼ਾਮਲ ਹਨ, ਜੋ ਨੌਜਵਾਨਾਂ ਨੂੰ ਸਰਵਪੱਖੀ ਵਿਕਾਸ ਦਾ ਮੌਕਾ ਪ੍ਰਦਾਨ ਕਰਦੇ ਹਨ। ਇੱਕ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਮੈਬਰਾਂ ਨੇ ਕਿਹਾ ਕਲੱਬ ਨੇ ਸਾਨੂੰ ਅਨੁਸਾਸਨ ਅਤੇ ਮਿਹਨਤ ਦੀ ਮਹੱਤਤਾ ਸਿਖਾਈ। ਇਸ ਦੀ ਬਦੌਲਤ ਅਸੀਂ ਨਾ ਸਿਰਫ ਖੇਡਾਂ ਵਿੱਚ, ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫਲਤਾ ਹਾਸਲ ਕਰ ਸਕੇੇ।
ਸਥਾਨਕ ਪ੍ਰਸਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਕਲੱਬ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਕਲੱਬ ਨੌਜਵਾਨਾਂ ਨੂੰ ਸਹੀ ਦਿਸਾ ਪ੍ਰਦਾਨ ਕਰਕੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਦਸਮੇਸ਼ ਸੂਟਿੰਗ ਬਾਲ ਸਪੋਰਟਸ ਕਲੱਬ ਦੀਆਂ ਇਨ੍ਹਾਂ ਸਫਲਤਾਵਾਂ ਨੇ ਭਾਦਸੋਂ ਦੇ ਨੌਜਵਾਨਾਂ ਲਈ ਨਵੇਂ ਦਰਵਾਜੇ ਖੋਲ੍ਹੇ ਹਨ ਅਤੇ ਇਹ ਕਲੱਬ ਹੋਰ ਨੌਜਵਾਨਾਂ ਲਈ ਪ੍ਰੇਰਨਾ ਦਾ ਸੋਮਾ ਬਣਿਆ ਹੈ। Sports News