ਗ਼ਜ਼ਲ
ਇੱਕ ਦੂਜੇ ਲਈ ਠੰਢੀਆਂ ਛਾਵਾਂ ਵਰਗੇ ਨੇ,
ਉਹ ਜਿਨ੍ਹਾਂ ਦੇ ਦਿਲ ਦਰਿਆਵਾਂ ਵਰਗੇ ਨੇ
ਨਾ ਬਈ ਇਸ਼ਕਾ ਡਰ ਲੱਗਦਾ ਏ ਤੇਰੇ ਤੋਂ,
ਭਾਇਆ ਤੇਰੇ ਰੋਗ ਬਲਾਵਾਂ ਵਰਗੇ ਨੇ
ਸਭ ਕੁੱਝ ਸਿਰ ‘ਤੇ ਰੱਖਿਆਂ ਈ ਮਿਲ ਜਾਂਦਾ ਏ,
ਮੇਰੀ ਮਾਂ ਦੇ ਹੱਥ ਦੁਆਵਾਂ ਵਰਗੇ ਨੇ
ਤੂੰ ਮਾੜੇ ਦੀ ਕੇਸ ਖ਼ਤਾ ਨੂੰ ਰੋਨਾ ਏਂ,
ਇਹ ਕੜਮੇ ਤੇ ਆਪ ਖ਼ਤਾਵਾਂ ਵਰਗੇ ਨੇ
ਕਾਂ ਤੇ ਕਾਂ ਨੇ ਗੱਲ ਕੀ ਕਰਨੀ ਕਾਵਾਂ ਦੀ,
ਹੁਣ ਤਾਂ ਸ਼ੋਹਦੇ ਬਾਜ਼ ਵੀ ਕਾਵਾਂ ਵਰਗੇ ਨੇ
ਹੱਸ ਨਾ ਹੱਸਿਆਂ ਸੌ-ਸੌ ਫ਼ਤਵੇ ਲੱਗਦੇ ਨੇ
ਏਥੇ ਹਾਸੇ ਸਖ਼ਤ ਗੁਨਾਹਾਂ ਵਰਗੇ ਨੇ
ਮਾੜੇ ਘਰ ਵਿੱਚ ਖ਼ੁਸ਼ੀ ਵੀ ਮਰਗਾਂ ਵਰਗੀ ਏ,
ਤਗੜੇ ਘਰ ਵਿੱਚ ਸੋਗ ਵਿਆਹਵਾਂ ਵਰਗੇ ਨੇ
ਮੂਲ: ਇਰਸ਼ਾਦ ਸੰਧੂ, ਪਾਕਿਸਤਾਨ
ਲਿੱਪੀਅੰਤਰਨ: ਨਵਦੀਪ ਝੁਨੀਰ
ਝੁਨੀਰ (ਮਾਨਸਾ)
ਮੋ. 98769-68193
ਆਨੰਦ-ਘੜੀ
ਕੰਮ ਬੜਾ ਸੀ ਮੈਨੂੰ ਐਪਰ,
ਆਉਂਦੀ ਵੀ ਪਈ ਨੀਂਦ ਬੜੀ ਸੀ।
ਪਹਿਲਾਂ ਕੰਮ ਮੁਕਾ, ਫਿਰ ਸੌਵਾਂ,
ਮਨ ਦੀ ਵੀ ਕਿਆ ਅਜ਼ਬ ਅੜੀ ਸੀ!
ਊਂਘਦਿਆਂ ਫਿਰ ਕੰਮ ਮੁਕਾ ਕੇ,
ਖ਼ੂਬ ਸੌਣ ਦੀ ਖ਼ੁਸ਼ੀ ਚੜ੍ਹੀ ਸੀ।
ਪਰ ਹੁਣ ਨੀਂਦਰ ਪਤਾ ਨਹੀਂ ਭੱਜ ਕੇ,
ਕਿਹੜੇ ਜਾ ਅਸਮਾਨ ਚੜ੍ਹੀ ਸੀ।
ਕੰਮ ਵੀ ਮੁੱਕਿਆ, ਨੀਂਦ ਵੀ ਹੈ ਨਾ,
ਹੁਣ ਸਾਂ ਮੈਂ ਬੱਸ ਵਿਹਲਾ-ਵਿਹਲਾ,
ਬੇ-ਫ਼ਿਕਰੀ ਦਾ ਆਲਮ ਸੀ ਬੱਸ,
ਅਜਬ ਖ਼ੁਸ਼ੀ ਆਨੰਦ-ਘੜੀ ਸੀ।
ਡਾ. ਬਲਵੀਰ ਮੰਨਣ
ਮੁੱਲ
ਮੁੱਲ ਨਹੀਂ ਏ ਬੰਦੇ ਦਾ
ਬੱਸ ਫੂਕ ਈ ਏ,
ਜੋ ਟਿਕਣ ਨਹੀਂ ਦਿੰਦੀ।
ਮਨੁੱਖ ਫੂਕ ਦੇ ਸਹਾਰੇ ਉੱਡਦਾ ਹੈ।
ਸਗੋਂ ਵਸਤਾਂ ਦਾ ਮੁੱਲ ਹੈ।
ਉਨ੍ਹਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ,
ਆਸ ਹੁੰਦੀ ਹੈ।
ਪਰ ਮਨੁੱਖ ਦਾ ਮੌਤ ਤੋਂ ਬਾਅਦ
ਕੋਈ ਮੁੱਲ ਨਹੀਂ,
ਫੂਕ ਭਾਵੇਂ ਜ਼ਮੀਨ ‘ਤੇ ਨਿੱਕਲੇ ਜਾਂ ਅਸਮਾਨ ‘ਤੇ,
ਫਿਰ ਕੌਣ ਪੁੱਛਦਾ ਹੈ,
ਕਿੰਨਾ ਕੁ ਯਾਦ ਕਰਦਾ ਹੈ,
ਕਿਸੇ ਕੋਲ ਸਮਾਂ ਨਹੀਂ।
ਬੱਸ ਅੱਜ-ਕੱਲ੍ਹ ਬੰਦੇ ਦੀ ਫੂਕ ਦਾ ਮੁੱਲ ਹੈ
ਸ਼ੋ ਸਦ, ੍ਰੀਫ
ਬੱਸ ਮੁੱਲ ਏਨਾ ਈ ਏ।
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ, ਤਰਨ ਤਾਰਨ।
ਮੋ. 97816-93300
ਜਦੋਂ ਮੈਂ ਜੰਮਿਆ
ਮਾਂ ਮੇਰੀ ਜਦ ਜੰਮਿਆ ਮੈਨੂੰ,
ਜੰਮਿਆ ਸੀ ਬੜੇ ਚਾਵਾਂ ਨਾਲ
ਪਿਓ ਮੇਰੇ ਨੇ ਪਾਰਟੀ ਕੀਤੀ,
ਬਹਿ ਕੇ ਜੱਟਾਂ-ਰਾਵਾਂ ਨਾਲ
ਦਾਦੀ ਮੇਰੀ ਨੇ ਜਪੁਜੀ ਪੜ੍ਹਿਆ,
ਕਹਿੰਦੀ ਆ ਸੁਣਾਵਾਂ ਲਾਲ
ਭੈਣਾਂ ਨੇ ਵੀ ਸ਼ਗਨ ਮਨਾਏ,
ਚੂਰੀ ਖਾਧੀ ਕਾਵਾਂ ਨਾਲ
ਵੀਰਾਂ ਨੇ ਵੀ ਖੁਸ਼ੀ ਮਨਾਈ,
ਮੈਂ ਵੀ ਹੱਸ ਮਨਾਵਾਂ ਨਾਲ
ਦਾਦਾ ਆਣ ਬੁਲਾਉਂਦਾ ਮੈਨੂੰ,
ਵੱਖਰੇ-ਵੱਖਰੇ ਨਾਵਾਂ ਨਾਲ
ਵੱਡਾ ਹੋਇਆ ਮਦਰੱਸੇ ਜਾਂਦਾ,
ਰਲ਼ਕੇ ਭੈਣ-ਭਰਾਵਾਂ ਨਾਲ
ਸਾਧਾਂ ਦਾ ਵੀ ਸੰਗ ਮੈਂ ਕੀਤਾ,
ਸੁਖਮਣੀ ਕੀਰਤਨ ਗਾਵਾਂ ਨਾਲ
ਚੜ੍ਹੀ ਜਵਾਨੀ ਮੁੱਛਾਂ ਫੁੱਟੀਆਂ,
ਅੱਗੇ ਕੀ ਸੁਣਾਵਾਂ ਹਾਲ
ਕਿਹੜਾ ਐਬ ਜੋ ਨਹੀਂ ਮੇਰੇ ਵਿਚ,
ਯਾਰੀ ਪੁੱਠੇ ਰਾਹਵਾਂ ਨਾਲ
ਬਾਪ ਮੇਰਾ ਸੀ ਸੁੱਖਾਂ ਸੁੱਖਦਾ,
ਮਾਂ ਵੀ ਲਏ ਬਲਾਵਾਂ ਨਾਲ
ਬਾਬਾ ਮੇਰਾ ਪੁੱਤ ਸੁਧਰ ਜਏ,
ਦੇਗ ਦੇ ਪਾਠ ਕਰਾਵਾਂ ਨਾਲ
ਵਿਆਹ ਮਗਰੋਂ ਵੀ ਰਿਹਾ ਕੁਰਾਹੇ,
ਫਿਰ ਹੋ ਗਿਆ ਇੱਕ ਸੁਹਾਵਾਂ ਬਾਲ
ਆਖ਼ਰ ਜੋ ਸੁਖ ਆਪਣੇ ਘਰ ਵਿਚ,
ਨਹੀਂ ਮਿਲਦਾ ਬੱਦਲ ਛਾਵਾਂ ਨਾਲ
ਕਰਾਂ ਦੁਆਵਾਂ ਤੋੜ ਨਿਭਾਵਾਂ,
ਜੀਹਦੇ ਲਈਆਂ ਲਾਵਾਂ ਨਾਲ
ਗੁਰਵਿੰਦਰ ਸਿੰਘ ‘ਗੁੱਲੂ’ ਕਟਾਰੀਆ
ਮੋ. 98968-12309
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
punjabi literature