Ayodhya Ram Mandir : ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੁਨਹਿਰੀ ਮੌਕਾ

Ayodhya Ram Mandir

ਅਯੁੱਧਿਆ ਦੇ ਨਾਂਅ ਨਾਲ ਇੱਕ ਹੋਰ ਅਧਿਆਏ ਜੁੜਨ ਜਾ ਰਿਹਾ ਹੈ। ਸਾਰਾ ਅਯੁੱਧਿਆ ਸੱਜ ਰਿਹਾ ਹੈ, ਅਯੁੱਧਿਆ ਵਿੱਚ ਸ੍ਰੀ ਰਾਮ, ਸ੍ਰੀ ਰਾਮ ਹੋ ਰਹੀ ਹੈ। ਰੂਹਾਨੀਅਤ ਨਾਲ ਭਰਪੂਰ ਰਾਮਨਗਰੀ ਹੁਣ ਸਫ਼ਲਤਾ ਦਾ ਨਵਾਂ ਅਧਿਆਏ ਲਿਖਣ ਜਾ ਰਹੀ ਹੈ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (pran pratishtha) ਤੋਂ ਪਹਿਲਾਂ ਅਯੁੱਧਿਆ ਦੀ ਤਕਦੀਰ ਤੇ ਤਸਵੀਰ ਬਦਲ ਗਈ ਹੈ। (Ayodhya Ram Mandir)

ਗਲੋਬਲ ਨਿਵੇਸ਼ਕ ਸੰਮੇਲਨ ਵਿੱਚ ਉੱਤਰ ਪ੍ਰਦੇਸ਼ ਨੂੰ 40 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਇਸ ਦੇ ਨਾਲ ਹੀ ਅਯੁੱਧਿਆ ਆਰਥਿਕ ਵਿਕਾਸ ਦੇ ਨਵੇਂ ਪੱਧਰ ’ਤੇ ਵੀ ਪਹੁੰਚਿਆ ਹੈ। ਅਯੁੱਧਿਆ, ਉੱਤਰ ਪ੍ਰਦੇਸ਼ ਦਾ ਪਵਿੱਤਰ ਸ਼ਹਿਰ, ਭਗਵਾਨ ਰਾਮ ਜੀ ਦੇ ਜਨਮ ਸਥਾਨ ਵਜੋਂ ਬਹੁਤ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਦਾ ਜ਼ਿਕਰ ਰਾਮਾਇਣ ਤੇ ਮਹਾਂਭਾਰਤ ਵਰਗੇ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ। ਇਸ ਕਾਰਨ ਅਯੁੱਧਿਆ ਇੱਕ ਮਹੱਤਵਪੂਰਨ ਤੀਰਥ ਅਸਥਾਨ ਵੀ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਸ ਬਾਰੇ ਜਾਣਨਾ ਹਰ ਭਾਰਤੀ ਲਈ ਬਹੁਤ ਦਿਲਚਸਪ ਸਾਬਤ ਹੋਵੇਗਾ।

ਅਯੁੱਧਿਆ ਨਗਰੀ ਭਗਵਾਨ ਰਾਮ ਜੀ ਦੀ ਹੈ | Ayodhya Ram Mandir

ਅਯੁੱਧਿਆ ਇੱਕ ਸ਼ਹਿਰ ਨਹੀਂ, ਇੱਕ ਆਸਥਾ ਹੈ, ਇੱਕ ਸਮੱਰਪਣ ਹੈ, ਇੱਕ ਵਿਸ਼ਵਾਸ ਹੈ। ਇਹ ਸ੍ਰੀ ਰਾਮ ਜੀ ਦੀ ਨਗਰੀ ਹੈ। ਇਹ ਅਟੁੱਟ ਵਿਸ਼ਵਾਸ ਦਾ ਸ਼ਹਿਰ ਹੈ। 1990 ਤੋਂ ਹੁਣ ਤੱਕ ਅਯੁੱਧਿਆ ਦੀ ਪੁਕਾਰ ਸੀ ਕਿ ਅਯੁੱਧਿਆ ਨਗਰੀ ਭਗਵਾਨ ਰਾਮ ਜੀ ਦੀ ਹੈ। ਉਦੋਂ ਤੋਂ ਰਾਮ ਜਨਮ ਭੂਮੀ ਅੰਦੋਲਨ ਹਿੰਦੂ ਸੱਭਿਅਤਾ ਦੇ ਹੋਏ ਵਿਨਾਸ਼ ਤੇ ਇਸ ਨੂੰ ਮੁੜ ਪ੍ਰਾਪਤ ਕਰਨ ਲਈ ਲੜੀ ਜਾ ਰਹੀਲੜਾਈ ਦਾ ਇੱਕ ਪ੍ਰਭਾਵਸ਼ਾਲੀ ਗਵਾਹ ਹੈ।

Ayodhya Ram Mandir

ਅਯੁੱਧਿਆ ਦੇ ਪ੍ਰਾਚੀਨ ਮੂਲ ਦੀ ਗੱਲ ਕਰੀਏ ਤਾਂ ਅਯੁੱਧਿਆ ਨੂੰ ਪਹਿਲਾਂ ਸਾਕੇਤ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਸ ਦੀ ਪੰਜਵੀਂ ਜਾਂ ਛੇਵੀਂ ਸਦੀ ਈਸਾ ਪੂਰਵ ਦੀ ਇੱਕ ਅਮੀਰ ਵਿਰਾਸਤ ਹੈ। ਸਰਯੂ ਨਦੀ ਦੇ ਕੰਢੇ ’ਤੇ ਸਥਿਤ ਅਯੁੱਧਿਆ ਨੇ ਹਮੇਸ਼ਾ ਸ਼ਰਧਾਲੂਆਂ, ਇਤਿਹਾਸਕਾਰਾਂ ਤੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ ਜੋ ਇਸ ਦੀਆਂ ਪੁਰਾਤਨ ਤੇ ਇਤਿਹਾਸਕ ਜੜ੍ਹਾਂ ਤੋਂ ਆਕਰਸ਼ਿਤ ਹੁੰਦੇ ਹਨ। ਹਿੰਦੂ ਪੁਰਾਤਨ ਕਥਾਵਾਂ ਅਨੁਸਾਰ, ਅਯੁੱਧਿਆ ਪ੍ਰਾਚੀਨ ਕੌਸ਼ਲ ਰਾਜ ਦੀ ਰਾਜਧਾਨੀ ਤੇ ਭਗਵਾਨ ਰਾਮ ਜੀ ਦਾ ਜਨਮ ਸਥਾਨ ਸੀ। ਇਸ ਸ਼ਹਿਰ ਨੂੰ ਇੱਕ ਖੁਸ਼ਹਾਲ ਤੇ ਸਦਭਾਵਨਾ ਵਾਲਾ ਰਾਜ ਦੱਸਿਆ ਗਿਆ ਸੀ, ਜਿਸ ’ਤੇ ਰਾਜਾ ਦਸ਼ਰਥ ਦਾ ਰਾਜ ਸੀ। ਇਸ਼ਵਾਕੂ, ਪ੍ਰਿਥੂ, ਮੰਧਾਤਾ, ਹਰੀਸ਼ਚੰਦਰ, ਸਾਗਰ, ਭਗੀਰਥ, ਰਘੂ, ਦਿਲੀਪ, ਦਸ਼ਰਥ ਤੇ ਸ੍ਰੀ ਰਾਮ ਪ੍ਰਸਿੱਧ ਸ਼ਾਸਕਾਂ ਵਿੱਚੋਂ ਸਨ ਜਿਨ੍ਹਾਂ ਨੇ ਕੌਸ਼ਲ (ਕੋਸਲ) ਦੇਸ਼ ’ਤੇ ਰਾਜ ਕੀਤਾ।

ਸੂਰੀਆਵੰਸ਼ੀਆਂ ਦੇ ਸਾਮਰਾਜ | pran pratishtha

ਅਯੁੱਧਿਆ ਦੀ ਸੰਸਕ੍ਰਿਤੀ ਤੇ ਵਿਰਾਸਤ ਅਤੀਤ ਵਿੱਚ ਸੂਰੀਆਵੰਸ਼ੀਆਂ ਦੇ ਸਾਮਰਾਜ ’ਚੋਂ ਉਪਜੀ ਹੈ। ਰਾਜਾ ਰਘੂ ਸੂਰੀਆਵੰਸ਼ੀ ਕਸ਼ੱਤਰੀਆਂ ਦੇ ਵੰਸ਼ ’ਚ ਇੱਕ ਤੇਜੱਸਵੀ ਚਰਿੱਤਰ ਸਨ, ਜਿਨ੍ਹਾਂ ਤੋਂ ਬਾਅਦ ਸੂਰੀਆਵੰਸ਼ ਰਘੂਵੰਸ਼ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਰਾਜਾ ਰਘੂ ਦੀ ਤੀਜੀ ਪੀੜ੍ਹੀ ਵਿੱਚ ਸ੍ਰੀ ਰਾਮ ਜੀ ਦਾ ਜਨਮ ਹੋਇਆ, ਜਿਨ੍ਹਾਂ ਦੀ ਮੂਰਤ ਅੱਜ ਵੀ ਸਭ ਦੇ ਦਿਲਾਂ ’ਚ ਭਗਵਾਨ ਦੇ ਰੂਪ ਵਿੱਚ ਮੌਜੂਦ ਹੈ। ਰਾਮਾਇਣ ਦਾ ਦੌਰ ਸ਼ਾਇਦ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਦੌਰ ਸੀ। ਅਸਲ ਵਿੱਚ, ਇਸ ਯੁੱਗ ਵਿੱਚ ਨਾ ਸਿਰਫ਼ ਸਭ ਤੋਂ ਪਵਿੱਤਰ ਧਾਰਮਿਕ ਗ੍ਰੰਥਾਂ, ਵੇਦਾਂ ਤੇ ਹੋਰ ਪਵਿੱਤਰ ਸਾਹਿਤ ਦੀ ਰਚਨਾ ਹੋਈ, ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਨੀਂਹ ਰੱਖੀ, ਸਗੋਂ ਇਹ ਯੁੱਗ ਕਾਨੂੰਨ ਤੇ ਸੱਚ ਦੇ ਰਾਜ ਵਿੱਚ ਵੀ ਮਿਸਾਲੀ ਸੀ।

ਰਾਜ ਤੇ ਸਮਾਜ ਦੇ ਵੱਕਾਰ ਨਾਲ ਸਬੰਧਤ ਮਾਮਲਿਆਂ ਵਿੱਚ ਰਾਜਾ ਆਪਣੀ ਪਰਜਾ ਨੂੰ ਜਵਾਬਦੇਹ ਸੀ। ਤੱਥਾਂ ਦੀ ਸੱਚਾਈ ਤਿੰਨ ਹਜ਼ਾਰ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਮਹਾਂਕਾਵਿ ਵਿੱਚ ਨਿਹਿੱਤ ਹੋਈ ਹੈ। ਭਗਵਾਨ ਰਾਮ ਰਾਮਾਇਣ ਦੇ ‘ਆਦਰਸ਼ ਪੁਰਸ਼’ ਸਨ। ਉਨ੍ਹਾਂ ਦੇ ਚੌਦਾਂ ਸਾਲ ਦੇ ਬਨਵਾਸ ਨੇ ਮਨੁੱਖੀ ਮਨ ਨੂੰ ਉਨ੍ਹਾਂ ਦੇ ਜੀਵਨ ਦੇ ਹੋਰ ਦੌਰਾਂ ਨਾਲੋਂ ਵਧੇਰੇ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕੀਤਾ ਕਿਉਂਕਿ ਉਨ੍ਹਾਂ ਨੇ ਐਸ਼ੋ ਆਰਾਮ ਨੂੰ ਤਿਆਗ ਦਿੱਤਾ ਸੀ ਅਤੇ ਜੰਗਲਾਂ ਵਿਚ ਵਾਸ ਕੀਤਾ, ਸਿਰਫ਼ ਆਪਣੇ ਪਿਤਾ ਦੇ ਬਚਨ ਦਾ ਸਤਿਕਾਰ ਕਾਇਮ ਰੱਖਣ ਲਈ।
ਇਸ ਤੋਂ ਇਲਾਵਾ ਅਯੁੱਧਿਆ ਦਾ ਭਾਰਤੀ ਇਤਿਹਾਸ ਵਿੱਚ ਵੀ ਵਿਸ਼ੇਸ਼ ਸਥਾਨ ਰਿਹਾ ਹੈ।

ਅਯੁੱਧਿਆ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇੱਥੇ ਆਉਣ ਵਾਲੇ ਸੈਲਾਨੀਆਂ ਤੇ ਨਿਵਾਸੀਆਂ ਦੀ ਸਹੂਲਤ ਲਈ ਇਸ ਧਾਰਮਿਕ ਸ਼ਹਿਰ ਨੂੰ ਮੁੜ-ਸੁਰਜੀਤ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਯੁੱਧਿਆ ਦਾ ਨਾਂਅ ਸੁਣਦਿਆਂ ਹੀ ਮਨ ਰਾਮਾਇਣ ਦੇ ਪੰਨਿਆਂ ਵਿੱਚ ਗੁਆਚ ਜਾਂਦਾ ਹੈ।

ਵਿਦਵਾਨਾਂ ਲਈ ਵਿਸ਼ਵਾਸ ਦਾ ਕੇਂਦਰ

ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਰਾਮ ਜੀ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। ਸਦੀਆਂ ਤੋਂ, ਅਯੁੱਧਿਆ ਸ਼ਰਧਾਲੂਆਂ ਤੇ ਵਿਦਵਾਨਾਂ ਲਈ ਵਿਸ਼ਵਾਸ ਦਾ ਕੇਂਦਰ ਰਿਹਾ ਹੈ, ਜਿੱਥੇ ਮੰਦਿਰ ਤੇ ਆਸ਼ਰਮ ਗਿਆਨ ਅਤੇ ਅਧਿਆਤਮਿਕਤਾ ਦਾ ਪ੍ਰਕਾਸ਼ ਕਰਦੇ ਹਨ। ਮੁਗਲ ਕਾਲ ਦਾ ਇੱਕ ਅਧਿਆਏ ਅਯੁੱਧਿਆ ਦੇ ਇਤਿਹਾਸ ਵਿੱਚ ਖੂਨੀ ਧੱਬੇ ਛੱਡ ਗਿਆ। ਰਾਮ ਜਨਮ ਭੂਮੀ ’ਤੇ ਮਸਜਿਦ ਦੀ ਉਸਾਰੀ ਨੇ ਵਿਵਾਦ ਦੇ ਬੀਜ ਬੀਜੇ। 1992 ਵਿੱਚ ਤਣਾਅਪੂਰਨ ਘਟਨਾਵਾਂ ਤੋਂ ਬਾਅਦ, ਵਿਵਾਦ ਸੁਪਰੀਮ ਕੋਰਟ ਤੱਕ ਪਹੁੰਚ ਗਿਆ।

Ayodhya Ram Mandir

2019 ਵਿੱਚ ਇੱਕ ਇਤਿਹਾਸਕ ਫੈਸਲਾ ਆਇਆ, ਜਿਸ ਨੇ ਨਿਆਂ ਦੀ ਤੱਕੜੀ ਨੂੰ ਸਿੱਧਾ ਕਰ ਦਿੱਤਾ। ਸੁਪਰੀਮ ਕੋਰਟ ਨੇ ਵਿਵਾਦਿਤ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ, ਜਿਸ ਨਾਲ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਰਾਮ ਮੰਦਰ ਨਾ ਸਿਰਫ਼ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ ਸਗੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਵੀ ਪ੍ਰਤੀਕ ਹੈ। ਭਗਵਾਨ ਰਾਮ ਆਦਰਸ਼ਾਂ ਤੇ ਨੈਤਿਕਤਾ ਦੇ ਸਰੂਪ ਹਨ, ਜਿਨ੍ਹਾਂ ਦੇ ਗੁਣ ਭਾਰਤੀ ਸੰਸਕ੍ਰਿਤੀ ਦੀਆਂ ਜੀਵਨਦਾਤੀਆਂ ਨਦੀਆਂ ਵਾਂਗ ਦੇਸ਼ ਭਰ ਵਿੱਚ ਵਗ ਰਹੇ ਹਨ।

ਵਿਸ਼ਾਲ ਰਾਮ ਮੰਦਿਰ ਦਾ ਨਿਰਮਾਣ

ਕਰੋੜਾਂ ਸ਼ਰਧਾਲੂਆਂ ਲਈ ਰਾਮ ਮੰਦਰ ਜੀਵਨ, ਧਰਮ, ਕਰਮ ਅਤੇ ਸੱਚ ਦੀ ਝੀਲ ਵਿੱਚ ਲੀਨ ਹੋ ਕੇ ਪਵਿੱਤਰ ਬਣਨ ਦਾ ਸਾਧਨ ਹੈ। ਇੱਥੇ ਆ ਕੇ, ਉਹ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਜੀਉਂਦੇ ਹਨ, ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਨ ਅਤੇ ਜੀਵਨ ਦੀਆਂ ਹਕੀਕਤਾਂ ਦਾ ਸਾਹਮਣਾ ਕਰਨ ਦੀ ਤਾਕਤ ਪਾਉਂਦੇ ਹਨ। ਵਿਸ਼ਾਲ ਰਾਮ ਮੰਦਿਰ ਦਾ ਨਿਰਮਾਣ ਇਤਿਹਾਸ ਦਾ ਪੁਨਰ-ਲੇਖਣ ਹੈ। ਇਹ ਸਿਰਫ਼ ਇੱਕ ਮੰਦਰ ਹੀ ਨਹੀਂ, ਸਗੋਂ ਸੱਭਿਆਚਾਰਕ ਮੁੜ-ਸੁਰਜੀਤੀ ਅਤੇ ਰਾਸ਼ਟਰੀ ਏਕਤਾ ਦਾ ਸੁਨਹਿਰੀ ਅਧਿਆਏ ਹੈ। ਮੰਦਰ ਦਾ ਨਿਰਮਾਣ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ ਸਗੋਂ ਅਯੁੱਧਿਆ ਨੂੰ ਇੱਕ ਵਿਸ਼ਵ ਤੀਰਥ ਸਥਾਨ ਵਜੋਂ ਸਥਾਪਿਤ ਕਰੇਗਾ।

ਇਹ ਮੰਦਰ ਸਮਾਜਿਕ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰੇਰਨਾਦਾਇਕ ਮੰਤਰ ਵੀ ਹੈ। ਇਹ ਦਰਸਾਏਗਾ ਕਿ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ, ਅਤੇ ਵੱਖ-ਵੱਖ ਭਾਈਚਾਰੇ ਮਿਲ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਨ। ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਹਨ, ਪ੍ਰਾਰਥਨਾ ਕਰ ਸਕਦੇ ਹਨ ਅਤੇ ਅਧਿਆਤਮਕ ਊਰਜਾ ਦਾ ਅਨੁਭਵ ਕਰ ਸਕਦੇ ਹਨ।

ਪ੍ਰਿਅੰਕਾ ਸੌਰਭ

LEAVE A REPLY

Please enter your comment!
Please enter your name here