ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ’ਚ ਈਥਨੌਲ ਦੀ 20 ਫੀਸਦੀ ਮਾਤਰਾ ਵਾਲੇ ਪੈਟਰੋਲ ਦੀ ਵਿੱਕਰੀ ਸ਼ੁਰੂ ਕਰਵਾ ਦਿੱਤੀ ਹੈ। ਇਸ ਤੋਂ ਪਹਿਲਾਂ ਸਿਰਫ਼ 10 ਫੀਸਦੀ ਈਥਨੌਲ ਤੇਲ ’ਚ ਰਲਾਇਆ ਜਾਂਦਾ ਸੀ। ਸੰਨ 2014 ਤੱਕ ਈਥਨੌਲ (Ethanol) ਦੀ ਮਾਤਰਾ ਸਿਰਫ ਡੇਢ ਫੀਸਦੀ ਸੀ। ਬਿਨਾਂ ਸ਼ੱਕ ਇਹ ਬਹੁਤ ਵੱਡਾ ਫੈਸਲਾ ਹੈ ਤੇ ਇਸ ਦੀ ਅੱਜ ਖਾਸ ਜ਼ਰੂਰਤ ਸੀ ਦਰਅਸਲ ਈਥਨੌਲ ਦੀ ਵਰਤੋਂ ਨੂੰ ਇੱਕ ਕ੍ਰਾਂਤੀ ਵਾਂਗ ਲੈਣਾ ਪਵੇਗਾ ਦੇਸ਼ ਅੰਦਰ ਪਿਛਲੇ ਸਾਲ ਹੀ ਈਥਨੌਲ ਰਿਫਾਇਨਰੀ ਸਥਾਪਤ ਹੋ ਚੁੱਕੀ ਹੈ ਜੋ ਏਸ਼ੀਆ ਦੀ ਪਹਿਲੀ ਰਿਫਾਇਨਰੀ ਹੈ ਈਥਨੌਲ ਦੀ ਵਰਤੋਂ ਨਾਲ ਦੇਸ਼ ਨੂੰ ਵਿੱਤੀ ਫਾਇਦਾ ਹੋਣ ਦੇ ਨਾਲ-ਨਾਲ ਕਿਸਾਨਾਂ ਲਈ ਵੀ ਲਾਭਦਾਇਕ ਹੈ। ਈਥਨੌਲ ਦੋ ਤਰ੍ਹਾਂ ਬਣਾਇਆ ਜਾਂਦਾ ਹੈ, ਇੱਕ ਅਨਾਜ ਤੋਂ ਅਤੇ ਦੂਜਾ ਗੰਨੇ ਤੋਂ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਈਥਨੌਲ (Ethanol) ’ਚ 20 ਫੀਸਦੀ ਵਾਧੇ ਦਾ ਅਗਾਜ਼
ਇਸ ਨਾਲ ਗੰਨੇ ਦੀ ਬਿਜਾਈ ਨੂੰ ਉਤਸ਼ਾਹ ਮਿਲੇਗਾ ਦੂਜੇ ਪਾਸੇ ਬਾਹਰੋਂ ਕੱਚਾ ਤੇਲ ਮੰਗਵਾਉਣ ’ਚ ਵੀ ਗਿਰਾਵਟ ਆਵੇਗੀ। ਜਿਸ ਨਾਲ ਦੇਸ਼ ਦਾ ਪੈਸਾ ਬਾਹਰ ਘੱਟ ਜਾਵੇਗਾ ਅਤੇ ਵਿਦੇਸ਼ੀ ਮੁਦਰਾ ਵੀ ਬਚੇਗੀ ਭਾਰਤ ਆਪਣੀ ਜ਼ਰੂਰਤ ਦਾ 85 ਫੀਸਦੀ ਤੇਲ ਬਾਹਰੋਂ ਮੰਗਵਾਉਂਦਾ ਹੈ। ਜਿਸ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਘਟਦਾ ਹੈ ਦੁਨੀਆ ’ਚ ਅਮਰੀਕਾ ਤੇ ਚੀਨ ਤੋਂ ਬਾਅਦ ਭਾਰਤ ਤੇਲ ਦਾ ਸਭ ਤੋਂ ਵੱਡਾ ਖਪਤਕਾਰ ਹੈ। ਭਾਰਤ 6 ਲੱਖ ਕਰੋੜ ਰੁਪਏ ਕੱਚਾ ਤੇਲ ਮੰਗਵਾਉਣ ’ਤੇ ਖਰਚ ਕਰਦਾ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ’ਚ ਵੀ ਕਮੀ ਆਵੇਗੀ ਈਥਨੌਲ ਕਾਰਨ ਕਾਰਬਨਡਾਈਅਕਸਾਈਡ ਦੀ ਨਿਕਾਸੀ ’ਚ ਵੀ ਕਮੀ ਆਵੇਗੀ।
ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਟੀਚੇ ਸਾਲ 2030 ਤੋਂ 7 ਸਾਲ ਪਹਿਲਾਂ ਹੀ ਇਸ ਯੋਜਨਾ ਨੂੰ ਸਿਰੇ ਚਾੜ੍ਹ ਲਿਆ ਰਫ਼ਤਾਰ ਦੇ ਯੁੱਗ ’ਚ ਅਜਿਹਾ ਹੋਣਾ ਹੀ ਚਾਹੀਦਾ ਸੀ। ਜਿਸ ਤਰ੍ਹਾਂ ਦੇਸ਼ ਅੰਦਰ ਵਾਯੂ ਪ੍ਰਦੂਸ਼ਣ ਵਧ ਰਿਹਾ ਹੈ। ਉਸ ਨਾਲ ਕੈਂਸਰ ਤੇ ਹੋਰ ਬਿਮਾਰੀਆਂ ਵੀ ਵਧ ਰਹੀਆਂ ਹਨ ਫੇਫੜਿਆਂ ਦੇ ਕੈਂਸਰ ਦੀ ਮਾਰ ਵਧਣ ਲੱਗੀ ਹੈ। ਹਸਪਤਾਲਾਂ ’ਚ ਭੀੜ ਵਧ ਰਹੀ ਹੈ ਅਜਿਹੇ ਹਾਲਾਤਾਂ ’ਚ ਪ੍ਰਦੂਸ਼ਣ ਘਟਾਉਣ ਲਈ ਜੋ ਕੁਝ ਵੀ ਸੰਭਵ ਹੋਵੇ, ਉਹ ਹੋਣਾ ਚਾਹੀਦਾ ਹੈ। ਈਥਨੌਲ ਦੇ ਮਾਮਲੇ ’ਚ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ ਇੱਕ ਪੰਥ ਦੋ ਕਾਜ ਵਾਲੀ ਗੱਲ ਹੈ। ਵਾਤਾਵਰਨ ਦੀ ਬਿਹਤਰੀ ਦੇ ਨਾਲ-ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਹਾਲ ਦੀ ਘੜੀ ਇਹ ਤੇਲ ਦੇਸ਼ ਦੇ ਸੂਬਿਆਂ ਦੇ 15 ਸ਼ਹਿਰਾਂ ’ਚ ਵਿਕੇਗਾ। ਜਿੰਨਾ ਛੇਤੀ ਹੋ ਸਕੇਗਾ ਇਸ ਈਥਨੌਲ ਰਲੇ ਤੇਲ ਦੀ ਵਿੱਕਰੀ ਪੂਰੇ ਦੇਸ਼ ’ਚ ਸ਼ੁਰੂ ਕੀਤੀ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।