ਸਾਰਾਗੜ੍ਹੀ ਦੀ ਲੜਾਈ : ਫੌਜੀਆਂ ਦੀ ਬਹਾਦਰੀ ਦੀ ਅਦੁੱਤੀ ਦਾਸਤਾਨ
ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ’ਤੇ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬਿ੍ਰਟਿਸ-ਭਾਰਤੀ ਫੌਜ (36 ਸਿੱਖ ਰੈਜਮੈਂਟ) ਜੋ ਹੁਣ 4 ਸਿੱਖ ਰੈਜੀਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਅਤੇ ਅਫਗਾਨੀ ਪਠਾਣਾਂ ’ਤੇ ਅਫਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ .। ਇਹ ਇਲਾਕਾ ਵਜ਼ੀਰਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ, ਜਿਸ ਦੇ ਪਹਾੜ ਬਿ੍ਰਟਿਸ਼ ਫਰੰਟੀਅਰ ਤੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ।
ਸਾਰਾਗੜ੍ਹੀ ਸਮਾਨਾ ਘਾਟੀ ‘ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿੱਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ‘ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਕਿਲ੍ਹਾ ਸਥਿਤ ਹੈ।
ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਕਿਨਾਰਾ ਕਰ ਲਿਆ ਅਤੇ ਇਹ ਲੋਕ ਅੰਗਰੇਜਾਂ ਖਿਲਾਫ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ।
ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜਾਂ ਲਈ ਵੀ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲੱਗਦਾ, ਪਠਾਣ, ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਹੁਣ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ’ਤੇ ਅੰਗਰੇਜ਼ 5 ਸਾਲ ਤੋਂ ਕਬਜਾ ਜਮਾਈ ਬੈਠੇ ਸਨ।
31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ’ਤੇ ਕਬਜਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ’ਤੇ ਕਬਜਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜੁਕ ਥਾਂਵਾਂ ’ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ’ਤੇ ਕਬਜਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ ’ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ।
ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ’ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ’ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸਵਰਾ ਕਰਕੇ ਸਾਰਾਗੜ੍ਹੀ ’ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਂਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ।
ਉਨ੍ਹਾਂ ਇਸ ਚੌਂਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ।
ਇਸ ਹਮਲੇ ਨਾਲ ਇਸ ਚਂੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚਂੌਕੀ ਦੀ ਕਮਾਂਡ ਬਾਬਾ ਈਸਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸਮਣਾਂ ਨੇ ਬਾਬਾ ਈਸਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ।
ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ।
ਉਸ ਨੇ ਹੋਰ ਫੌਜੀ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।9.30 ਵਜੇ ਸੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸਹੀਦ ਹੋ ਗਏ ਸਨ।
ਗੋਲੀ ਸਿੱਕਾ ਵੀ ਕਿਨਾਰੇ ’ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸਮਣ ਨੇ ਇੱਕ ਪਾਸੇ ਕੰਧ ’ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸਹੀਦ ਹੋ ਚੁੱਕੇ ਹਨ।
ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਭਾਰਤੀ ਫੌਜੀਆਂ ਨੇ ਦੁਸਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ’ਚ ਦਮ ਕਰ ਰੱਖਿਆ।
ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ। ਦੀ ਇਹ ਖਬਰ ਜਦੋਂ ਲੰਦਨ ਬਿ੍ਰਟਿਸ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ’ਤੇ ਸਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖਬਰਾਂ ਪ੍ਰਕਾਸ਼ਤਿ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂ ਵਿਸਵ ਭਰ ਵਿੱਚ ਪੈ ਗਈਆਂ। ਇੰਗਲੈਂਡ ਦੀ ਰਾਣੀ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ।
ਬਰਤਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ’ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਡਰ ਆਫ ਮੈਰਿਟ ਹਰ ਇੱਕ ਸਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸਹੀਦ ਦੇ ਪਰਿਵਾਰ ਨੂੰ ਦੋ-ਦੋ ਮਰੱਬੇ ਜਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ, ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇੰਡੀਅਨ ਆਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰੌਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਮੰਨਿਆ ਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ। ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ।
ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸਾਮਿਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।12 ਸਤੰਬਰ ਨੂੰ ਹਰ ਸਾਲ ਮਜੂਦਾ ਫੌਜ਼ੀ ਜਰਨੈਲ ਤੇ ਸਾਬਕਾ ਸੈਨਿਕ ਵੀ ਫਿਰੋਜ਼ਪੁਰ ਵਿਖੇ ਬਣੀ ਸਾਰਾਗੜ੍ਹੀ ਯਾਦਗਰ ਤੇ ਗੁਰੂਦਵਾਰਾ ਸਾਹਿਬ ਵਿਖੇ ਨਕਮਸਤਕ ਹੋ ਕੇ ਸ਼ਰਧਾ ਫੁੱਲ ਭੇਟ ਕਰਦੇ ਹਨ
ਭੁਲੇਰੀਆ ਮਮਦੋਟ
ਫਿਰੋਜ਼ਪੁਰ 75891-55501
ਸੂਬੇਦਾਰ ਜਸਵਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ