Bathinda News: ਨਹਿਰ ’ਚ ਕੁੱਦੀ ਭਾਣਜੀ ਨੂੰ ਬਚਾਉਂਦੇ ਮਾਮੇ ਦੀ ਡੁੱਬਣ ਨਾਲ ਮੌਤ

Bathinda News
Bathinda News: ਨਹਿਰ ’ਚ ਕੁੱਦੀ ਭਾਣਜੀ ਨੂੰ ਬਚਾਉਂਦੇ ਮਾਮੇ ਦੀ ਡੁੱਬਣ ਨਾਲ ਮੌਤ

Bathinda News: ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੀ ਲੰਘਦੀ ਸਰਹਿੰਦ ਨਹਿਰ ’ਚ ਅੱਜ ਦੋ ਭੈਣ-ਭਰਾਵਾਂ ਨੇ ਆਪਸ ’ਚ ਲੜ ਕੇ ਛਾਲ ਮਾਰ ਦਿੱਤੀ। ਇਸੇ ਦੌਰਾਨ ਉਨ੍ਹਾਂ ਨੂੰ ਬਚਾਉਣ ਖਾਤਰ ਨਹਿਰ ’ਚ ਕੁੱਦੇ ਇੱਕ ਵਿਅਕਤੀ ਦੀ ਡੁੱਬ ਕੇ ਮੌਤ ਹੋ ਗਈ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਰਹਿੰਦ ਨਹਿਰ ਦੇ ਨੇੜੇ ਵਸੀ ਨੈਸ਼ਨਲ ਕਲੋਨੀ ’ਚ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਭੈਣ-ਭਰਾਵਾਂ ਦੀ ਆਪਸ ’ਚ ਲੜਾਈ ਹੋ ਗਈ। ਇਸ ਲੜਾਈ ਕਾਰਨ ਕਰੋਧ ’ਚ ਆਈ 14 ਸਾਲ ਦੀ ਲੜਕੀ ਕੋਮਲ ਨੇ ਨਹਿਰ ’ਚ ਛਾਲ ਮਾਰ ਦਿੱਤੀ। ਉਸ ਵੱਲੋਂ ਛਾਲ ਮਾਰਨ ਦਾ ਪਤਾ ਲੱਗਦਿਆਂ ਹੀ ਲੜਕੀ ਦੇ ਮਾਮੇ ਪੰਕਜ ਦਾਸ (35) ਨੇ ਉਸ ਨੂੰ ਬਚਾਉਣ ਖਾਤਰ ਛਾਲ ਮਾਰ ਦਿੱਤੀ।

Read Also : ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ‘ਚ ਕਰੱਸ਼ਰ-ਓਨਰ ਮਾਈਨਿੰਗ ਸਾਈਟਾਂ ਦੀ ਸ਼ੁਰੂਆਤ

ਇਸ ਦੌਰਾਨ ਪੰਕਜ ਦਾਸ ਨਹਿਰ ’ਚ ਡੁੱਬ ਗਿਆ। ਮੌਕੇ ’ਤੇ ਮੌਜੂਦ ਲੋਕਾਂ ’ਚੋਂ ਇੱਕ ਜਣੇ ਨੇ ਦੋਵਾਂ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰੀ ਜਿਸ ਨੇ ਕੋਮਲ ਨੂੰ ਤਾਂ ਬਚਾ ਲਿਆ ਪਰ ਪੰਕਜ ਦਾਸ ਪਾਣੀ ’ਚ ਰੁੜ ਗਿਆ। ਪੰਕਜ ਦਾਸ ਨੂੰ ਬਚਾਉਣ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ’ਤੇ ਪੁੱਜੀਆਂ ਪਰ ਜ਼ਿਆਦਾ ਦੇਰੀ ਹੋਣ ਕਾਰਨ ਪੰਕਜ ਦਾਸ ਦੀ ਡੁੱਬਣ ਕਾਰਨ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਦੇਰ ਸ਼ਾਮ ਨਹਿਰ ’ਚੋਂ ਕੱਢਿਆ ਗਿਆ।

ਥਾਣਾ ਥਰਮਲ ਦੇ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਹੁੰਚਾ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਤਹਿਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।