Bathinda Police News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਨੇੜਲੇ ਇੱਕ ਪਿੰਡ ਦੇ ਵਿਅਕਤੀ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਬਠਿੰਡਾ ਪੁਲਿਸ ਨੇ ਅੱਜ ਇਨਕਾਊਂਟਰ ਦੌਰਾਨ ਜਖਮੀ ਕਰਕੇ ਗ੍ਰਿਫਤਾਰ ਕਰ ਲਿਆ । ਇਹ ਇਨਕਾਊਂਟਰ ਪਿੰਡ ਕੋਟਸ਼ਮੀਰ ਤੋਂ ਕਟਾਰ ਸਿੰਘ ਵਾਲਾ ਨੂੰ ਜਾਂਦੇ ਕੱਚੇ ਰਸਤੇ ਵਿੱਚ ਹੋਇਆ ਹੈ ।
ਇਸ ਇਨਕਾਊਂਟਰ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਡਾ. ਜਯੋਤੀ ਯਾਦਵ ਨੇ ਦੱਸਿਆ ਕਿ 9-10 ਜਨਵਰੀ ਨੂੰ ਮੋਹਾਲੀ ਅਤੇ ਦੁਬਈ ਵਿੱਚ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਬੇਅੰਤ ਸਿੰਘ ਵਾਸੀ ਗੁਲਾਬਗੜ੍ਹ ਨੂੰ ਇੱਕ ਬਾਹਰੀ ਨੰਬਰ ਤੋਂ ਧਮਕੀਆਂ ਆਈਆਂ ਸਨ । ਫੋਨ ਕਰਨ ਵਾਲੇ ਵਿਅਕਤੀ ਨੇ ਬੇਅੰਤ ਸਿੰਘ ਤੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਹ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਬੇਅੰਤ ਸਿੰਘ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ । Bathinda Police News

ਉਹਨਾਂ ਦੱਸਿਆ ਕਿ ਸੂਚਨਾ ਮਿਲਣ ਤੇ ਹੀ ਪੁਲਿਸ ਨੇ ਪਰਚਾ ਦਰਜ ਕਰਕੇ ਆਧੁਨਿਕ ਢੰਗ ਦੇ ਨਾਲ ਕਾਲ ਕਰਨ ਵਾਲੇ ਵਿਅਕਤੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ।ਪੁਲਿਸ ਵੱਲੋਂ ਆਪਣੀ ਤਕਨੀਕੀ ਵਿੰਗ ਦੇ ਮਾਹਰਾਂ ਦੀ ਮਦਦ ਨਾਲ ਬੇਅੰਤ ਸਿੰਘ ਨੂੰ ਫੋਨ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਸੇਵਕ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਕੀਤੀ। ਪੁਲਿਸ ਨੂੰ ਮੁਲਜ਼ਮ ਦੀ ਇਸ ਇਲਾਕੇ ਵਿੱਚ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤਹਿਤ ਕੋਟਸ਼ਮੀਰ ਕੋਲ ਨਾਕਾ ਲਗਾਇਆ ਹੋਇਆ ਸੀ।
Read Also : ਪ੍ਰਧਾਨ ਮੰਤਰੀ ਮੋਦੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਲਈ ਆਖੀ ਇਹ ਗੱਲ
ਇਸ ਦੌਰਾਨ ਮੁਲਜਮ ਉੱਥੋਂ ਦੀ ਲੰਘਣ ਲੱਗਿਆ ਤਾਂ ਉਸ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਐਸਐਸਪੀ ਨੇ ਦੱਸਿਆ ਕਿ ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਸੇਵਕ ਸਿੰਘ ਦੇ ਲੱਤ ਉੱਤੇ ਲੱਗੀ ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮ ਖਿਲਾਫ਼ ਪਹਿਲਾਂ ਵੀ ਚੋਰੀ ਤੇ ਨਸ਼ਾ ਵੇਚਣ ਦਾ ਮੁਕੱਦਮਾ ਦਰਜ਼ ਹੈ।ਹੋਰ ਖੁਲਾਸਿਆਂ ਸਬੰਧੀ ਪੁੱਛੇ ਜਾਣ ਉੱਤੇ ਐਸਐਸਪੀ ਨੇ ਦੱਸਿਆ ਕਿ ਮੁਲਜਮ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਉਸ ਨਾਲ ਸੰਬੰਧਿਤ ਹੋਰ ਵਿਅਕਤੀਆਂ ਜਾਂ ਗੈਂਗ ਬਾਰੇ ਜਾਣਕਾਰੀ ਮਿਲ ਸਕੇਗੀ।












