ਪੁਲਿਸ ਨੇ ਬਰਾਮਦ ਕਰਵਾਇਆ ਇੱਕ ਏਸੀ, ਇਨਵੈਟਰ ਤੇ ਇੱਕ ਬੈਟਰਾ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਜ਼ਿਲ੍ਹਾ ਪੁਲਿਸ ਨੇ ਇੱਕ ਅਜਿਹੇ ਚੋਰ ਗਿਰੋਹ ਦੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ ਜੋ ਲੰਬੇ ਸਮੇਂ ਤੋਂ ਚੋਰੀਆਂ ਕਰਦੇ ਆ ਰਹੇ ਸਨ। ਮੁਲਜ਼ਮਾਂ ਕੋਲੋਂ ਪੁਲਿਸ ਨੇ ਬੀਤੇ ਦਿਨੀਂ ਪਿੰਡ ਚੱਕ ਅਤਰ ਸਿੰਘ ਵਾਲਾ ’ਚੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰਵਾਇਆ ਹੈ। ਇਹ ਜਾਣਕਾਰੀ ਅੱਜ ਇੱਥੇ ਡੀਐਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਦਿੱਤੀ। Bathinda News
ਡੀਐਸਪੀ ਨੇ ਦੱਸਿਆ ਕਿ ਸਬਡਵੀਜਨ ਦਿਹਾਤੀ ਅਧੀਨ ਪੈਂਦੇ ਥਾਣਾ ਨੰਦਗੜ੍ਹ ਵਿੱਚ 11 ਜੂਨ ਨੂੰ ਆਮ ਆਦਮੀ ਕਲੀਨਿਕ ਪਿੰਡ ਚੱਕ ਅਤਰ ਸਿੰਘ ਵਾਲਾ ਵਿੱਚੋਂ 1 ਏ.ਸੀ., 2 ਇੰਨਵੈਟਰ ਅਤੇ 1 ਬੈਟਰਾ ਚੋਰੀ ਹੋਣ ’ਤੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 24 ਧਾਰਾ 457, 380 ਤਹਿਤ ਥਾਣਾ ਨੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਉਕਤ ਚੋਰੀ ਦਾ ਮਾਮਲਾ 72 ਘੰਟੇ ਵਿੱਚ ਹੀ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। Bathinda News
ਉਹਨਾਂ ਅੱਗੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਥਾਣਾ ਨੰਦਗੜ੍ਹ ਵੱਲੋਂ ਪੁਲਿਸ ਕਰਮਚਾਰੀਆ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਗਈ। ਤਫਤੀਸ਼ ਦੌਰਾਨ ਸ਼ਿਕਾਇਤ ਕਰਤਾ ਦੇ ਬਿਆਨ ’ਤੇ ਮਨਪ੍ਰੀਤ ਸਿੰਘ ਉਰਫ ਬੀਲਾ ਪੁੱਤਰ ਜਗਤਾਰ ਸਿੰਘ, ਰਵੀ ਸਿੰਘ ਪੁੱਤਰ ਹਰਨੇਕ ਸਿੰਘ, ਸੇਵਕ ਸਿੰਘ ਉਰਫ ਗਾਗੀ ਵਾਸੀਆਨ ਪਿੰਡ ਚੱਕ ਅਤਰ ਸਿੰਘ ਵਾਲਾ ਨੂੰ ਨਾਮਜ਼ਦ ਕਰਨ ਉਪਰੰਤ ਪਿੰਡ ਚੱਕ ਅਤਰ ਸਿੰਘ ਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ
ਇਸ ਤੋਂ ਇਲਾਵਾ ਚੌਥੇ ਮੁਲਜ਼ਮ ਦੀ ਪਛਾਣ ਹੋ ਗਈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਰਵੀ ਸਿੰਘ ਬਾਰੇ ਵੱਖਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਆਪ ਨੂੰ ਸਮਾਜ ਸੇਵੀ ਪ੍ਰਧਾਨ ਅਖਵਾਉਂਦਾ ਹੈ ਅਤੇ ਸਮੇਂ-ਸਮੇਂ ਤੇ ਪ੍ਰਸ਼ਾਸ਼ਨ ਦੇ ਬਰਖਿਲਾਫ ਧਰਨੇ ਲਗਾਉਂਦਾ ਰਹਿੰਦਾ ਹੈ।
ਪਹਿਲਾਂ ਵੀ ਦਰਜ ਹਨ ਚੋਰੀ ਦੇ ਮੁਕੱਦਮੇ
ਮਨਪ੍ਰੀਤ ਸਿੰਘ ਉਰਫ ਬੀਲਾ ਖਿਲਾਫ ਇਸ ਤੋਂ ਪਹਿਲਾਂ ਖੇਤਾ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਅਤੇ ਰਵੀ ਸਿੰਘ ਤੇ ਸੇਵਕ ਸਿੰਘ ਖਿਲਾਫ ਪਾਣੀ ਵਾਲੀ ਸਮਰਸੀਬਲ ਮੋਟਰ ਅਤੇ ਧਾਰਮਿਕ ਸਥਾਨ ਦੀ ਗੋਲਕ ਤੋੜ ਕੇ ਚੋਰੀ ਕਰਨ ਦਾ ਮਾਮਲਾ ਦਰਜ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੇ ਚੋਰੀ ਦੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।