ਚੰਡੀਗੜ੍ਹ (ਸੱਚ ਕਹੂੰ ਨਿਊਜ਼). ਪੰਜਾਬ ਦੇ ਕਿਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ ਨਾਲ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਬੈਂਕ ਡਿਫਾਲਟਰਾਂ ਦੀ ਲਿਸਟ ਵਿੱਚ ਸ਼ਾਮਲ ਹੋਣ ਵਾਲੇ ਹਨ, ਕਿਉਂਕਿ ਕਿਸਾਨ ਕਰਜ਼ੇ ਦੀ ਅਦਾਇਗੀ ਕਰਨ ਦੀ ਥਾਂ ‘ਤੇ ਬੈਂਕਾਂ ਨੂੰ ਅਮਰਿੰਦਰ ਸਿੰਘ ਦੀ ਕੋਠੀ ਦਾ ਰਸਤਾ ਦੱਸ ਰਹੇ ਹਨ ਅਤੇ ਕਰਜ਼ਾ ਵਾਪਸ ਨਹੀਂ ਕਰ ਰਹੇ ਹਨ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦਾ। (Sampla)
ਵਿਜੇ ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਖੇਤੀਬਾੜੀ ਕਰਜ਼ੇ ਨੂੰ ਪੂਰਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਲਈ ਜਦੋਂ ਤੋਂ ਉਹ ਸੱਤਾ ਵਿਚ ਆਏ ਹਨ, ਉਦੋਂ ਤੋਂ ਪੰਜਾਬ ਦੇ ਕਿਸਾਨ ਆਪਣੇ ਕਰਜ਼ੇ ਦੀ ਅਦਾਇਗੀ ਨਹੀਂ ਕਰ ਰਹੇ ਹਨ। ਵਿਜੇ ਸਾਂਪਲਾ ਕਿਸਾਨਾਂ ਦੇ ਲਈ ਆਰਥਿਕ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਗਵਰਨਰ ਨੂੰ ਮੰਗ ਪੱਤਰ ਸੌਂਪਣ ਆਏ ਸਨ। ਆਪਣੇ ਮੰਗ ਪੱਤਰ ਵਿਚ ਸੂਬਾ ਭਾਜਪਾ ਨੇ ਹਾਲ ਹੀ ਵਿਚ ਮੌਸਮ ਦੀ ਮਾਰ ਨਾਲ ਨੁਕਸਾਨ ਝੱਲ ਰਹੇ ਕਿਸਾਨਾਂ ਦੇ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਮੁਆਵਜ਼ਾ ਦੇਣ ਲਈ ਕਿਹਾ। ਸਾਂਪਲਾ ਦੇ ਨਾਲ ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸੂਬਾ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗ੍ਰੇਵਾਲ, ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਨੰਨੂ, ਸੂਬਾ ਭਾਜਪਾ ਦੇ ਜਨਰਲ ਸਕੱਤਰ ਮੰਜੀਤ ਸਿੰਘ ਰਾਏ ਅਤੇ ਜੀਵਨ ਗੁਪਤਾ ਅਤੇ ਸੂਬਾ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨਾਲ ਸਨ।
ਅਦਾਇਗੀ ਨਹੀਂ ਕਰ ਰਹੇ ਹਨ
ਸਾਂਪਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਦੇ ਵਾਅਦੇ, ‘ਕਰਜ਼ਾ ਕੁਰਕੀ ਖਤਮ-ਫਸਲ ਦੀ ਪੂਰੀ ਰਕਮ’ ‘ਤੇ ਭਰੋਸਾ ਕਰਦੇ ਹੋਏ ਕਿਸਾਨਾਂ ਨੇ ਉਨ੍ਹਾਂ ਨੂੰ ਵੋਟ ਦੇ ਕੇ ਸੱਤਾ ਵਿਚ ਲਿਆਂਦਾ ਅਤੇ ਹੁਣ ਕਰਜ਼ੇ ਦੀ ਅਦਾਇਗੀ ਨਹੀਂ ਕਰ ਰਹੇ ਹਨ। ਕਿਸਾਨਾਂ ਨੇ ਜੇਕਰ 30 ਅਪਰੈਲ ਤੋਂ ਪਹਿਲਾਂ ਹਾੜ੍ਹੀ ਦੀ ਫਸਲ ਦੇ ਲਈ ਲਿਆ ਗਿਆ ਬੈਂਕ ਕਰਜ਼ ਨਹੀਂ ਚੁਕਾਇਆ ਤਾਂ ਨਿਯਮਾਂ ਦੇ ਮੁਤਾਬਿਕ ਕਿਸਾਨਾਂ ਨੂੰ ਚਾਰ ਫੀਸਦੀ ਦੀ ਥਾਂ 12 ਫੀਸਦੀ ਦੀ ਦਰ ਨਾਲ ਕਰਜ਼ ਵਾਪਸੀ ਕਰਨੀ ਪਵੇਗੀ ਅਤੇ ਹੁਣ ਸਾਉਣੀ ਦੀਆਂ ਫਸਲਾਂ ਦੇ ਲਈ ਬੈਂਕ ਕਰਜ਼ਾ ਨਹੀਂ ਦੇ ਸਕਣਗੇ। (Sampla)
ਸਾਂਪਲਾ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਟੇਟ ਲੈਵਲ ਬੈਂਕਰਸ ਕਮੇਟੀ ਦੇ ਮੁਤਾਬਿਕ 31 ਦਸੰਬਰ 2017 ਤੱਕ 77,684 ਕਰੋੜ ਰੁਪਏ ਦੀ ਰਾਸ਼ੀ ਦਾ ਕਰਜ਼ ਕਿਸਾਨਾਂ ਨੇ 30.23 ਲੱਖ ਬੈਂਕ ਖਾਤਿਆਂ ਦੇ ਜਰੀਏ ਲਿਆ ਹੈ ਅਤੇ ਐਨਪੀਏ ਸਿਰਫ਼ 5150 ਕਰੋੜ ਰੁਪਏ ਹੈ, ਜੋ 6.63 ਫੀਸਦੀ ਹੈ। ਇਹ ਪੰਜਾਬ ਦੇ ਵਪਾਰੀਆਂ ਦੇ ਐਨਪੀਏ 14.50 ਫੀਸਦੀ ਤੋਂ ਕਾਫ਼ੀ ਬਿਹਤਰ ਹੈ। ਪੰਜਾਬ ਦੇ ਕਿਸਾਨ ਕਰਜ਼ ਮਾਫ਼ੀ ਦੀ ਆਸ ਵਿਚ ਭੁਗਤਾਨ ਬੰਦ ਕਰ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦਾ ਐਨਪੀਏ ਅੰਕੜਾ 6.63 ਫੀਸਦੀ ਤੋਂ ਵੱਧ ਕੇ 100 ਫੀਸਦੀ ਹੋ ਜਾਵੇਗਾ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ ਨੂੰ ਪੂਰਾ ਮਾਫ਼ ਨਹੀਂ ਕੀਤਾ, ਤਾਂ ਪੰਜਾਬ ਦੀ ਸਥਿਤੀ ਦੂਜੇ ਸੂਬਿਆਂ ਤੋਂ ਵੀ ਕਾਫ਼ੀ ਬੁਰੀ ਹੋ ਜਾਵੇਗੀ। (Sampla)