ਕੋਰੋਨਾ ਫੰਡ ਦੇ ਨਾਂਅ ’ਤੇ ਲੋਕ ਸਭਾ ਮੈਂਬਰਾਂ ਦੇ ਅਖਤਿਆਰੀ ਕੋਟੇ ’ਤੇ ਲਗਾਈ ਪਾਬੰਦੀ ਤੁਰੰਤ ਹਟਾਈ ਜਾਵੇ : ਭਗਵੰਤ ਮਾਨ

ਕਿਹਾ, ਨਗਰ ਕੌਂਸਲ ਚੋਣਾਂ ਪਾਰਟੀ ਚੋਣ ਨਿਸਾਨ ’ਤੇ ਹੀ ਲੜਾਂਗੇ ਤੇ ਸਾਫ਼-ਸੁਥਰੇ ਅਕਸ਼ ਵਾਲੇ ਉਮੀਦਵਾਰ ਉਤਾਰਾਂਗੇ ਚੋਣ ਮੈਦਾਨ ’ਚ

ਬਰਨਾਲਾ, (ਜਸਵੀਰ ਸਿੰਘ ਗਹਿਲ) ਕੇਂਦਰ ਸਰਕਾਰ ਵੱਲੋਂ ਕੋਰੋਨਾ ਫੰਡ ਦੇ ਨਾਂਅ ’ਤੇ ਲੋਕ ਸਭਾ ਮੈਂਬਰਾਂ ਦੇ ਅਖਤਿਆਰੀ ਕੋਟੇ ੳੱਪਰ ਦੋ ਸਾਲ ਲਈ ਪਾਬੰਦੀ ਲਾਉਣ ਕਾਰਨ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਪ੍ਰੰਤੂ ਕੇਂਦਰ ਸਰਕਾਰ ਦਾ ਇਹ ਮੰਦਭਾਗਾ ਪੱਖ ਹੈ ਕਿ ਇਸ ਸਬੰਧੀ ਵਾਰ- ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਨਹੀਂ ਕਰ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਐਮਪੀ ਲੈਂਡ ਫੰਡ ਕਮੇਟੀ ਦੀ ਮੀਟਿੰਗ ਉਪਰੰਤ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਉਕਤ ਮਸਲੇ ਸਬੰਧੀ ਲੋਕਸਭਾ ਸੈਸ਼ਨ ਦੌਰਾਨ ਇਹ ਮੰਗ ਰੱਖੀ ਗਈ ਸੀ ਕਿ ਸਰਕਾਰ ਭਾਵੇਂ ਕੋਰੋਨਾ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਲਈ ਫੰੰਡ ਜ਼ਾਰੀ ਕਰਨ ਸਬੰਧੀ ਨਵੀਂਆਂ ਹਦਾਇਤਾਂ ਬਣਾ ਦੇਵੇ ਪ੍ਰੰਤੂ ਲੋਕ ਸਭਾ ਮੈਂਬਰਾਂ ਦਾ ਬੰਦ ਕੀਤਾ ਅਖ਼ਤਿਆਰੀ ਕੋਟਾ ਪੂਰਾ ਲਾਗੂ ਕੀਤਾ ਜਾਵੇ ਤਾਂ ਜੋ ਪਿੰਡਾਂ ਅੰਦਰ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾ ਸਕੇ। ਅਗਾਮੀ ਨਗਰ ਕੌਂਸਲ ਚੋਣਾਂ ਸਬੰਧੀ ਗੱਲ ਕਰਦਿਆਂ ‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਬਿਨਾ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕੀਤੇ ਸੂਬੇ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਪਾਰਟੀ ਦੇ ਚੋਣ ਨਿਸਾਨ ’ਤੇ ਹੀ ਲੜੀਆਂ ਜਾਣਗੀਆਂ ਤੇ ਸਾਫ਼- ਸੁਥਰੀ ਦਿੱਖ ਵਾਲੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਜਾਣਗੇ।

ਉਨ੍ਹਾਂ ਕਿਹਾ ਕਿ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਸਬੰਧੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਮਾੜੀ ਪਹੁੰਚ ਦੇ ਕਾਰਨ ਲੋਕ ਇੰਨਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਸਬੰਧੀ ਚੱਲ ਰਹੇ ਸੰਘਰਸ਼ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦਾ ਹੀ ਨਹੀਂ ਬਲਕਿ ਲੋਕ ਸੰਘਰਸ਼  ਹੈ ਅਤੇ ਲੋਕਾਂ ਦੀ ਸ਼ਕਤੀ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ।

ਉਨਾਂ ਮੰਗ ਕੀਤੀ ਕਿ ਪੰਜਾਬ ਤੋਂ ਇਲਾਵਾ ਬਹੁਤੇ ਸੂਬਿਆਂ ਦੇ ਕਿਸਾਨਾਂ, ਮਜਦੂਰਾਂ ਦੀ ਮੰਗ ਅਨੁਸਾਰ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਦਿੱਲੀ ਵੱਡੀ ਗਿਣਤੀ ’ਚ ਪੁੱਜੇ ਟਰੈਕਟਰ ਪੰਜਾਬ ਦੇ ਖੇਤਾਂ ’ਚ ਮੁੜ ਪਰਤਣ ਅਤੇ ਪੰਜਾਬ ਦੀ ਖੇਤੀ ਤਰੱਕੀ ਦੀਆਂ ਰਾਹਾਂ ’ਤੇ ਚੱਲੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਕਿਸਾਨ ਵਿੰਗ ਦੇ ਨਿਰਮਲ ਸਿੰਘ ਜਾਗਲ, ਸੀਨੀਅਰ ਆਗੂ ਮਾ. ਪ੍ਰੇਮ ਕੁਮਾਰ ਅਤੇ ਪੀਏ ਟੂ ਵਿਧਾਇਕ ਮੀਤ ਹੇਅਰ ਰੋਹਿਤ ਕੁਮਾਰ ਤੇ ਪਾਰਟੀ ਵਰਕਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.