ਪੰਜਾਬੀ ਯੂਨੀਵਰਸਿਟੀ ਵਿਖੇ ਵਧੀਆਂ ਫੀਸਾਂ ਦੇ ਮਾਮਲੇ ’ਤੇ ਕੱਢੀ ਵੰਗਾਰ ਰੈਲੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅੰਦਰ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਵੀ ਚੇਤਵਾਨੀ ਦੇ ਦਿੱਤੀ ਗਈ ਹੈ ਕਿ ਜੇਕਰ ਕੋਈ ਕਾਂਗਜਸੀ ਮੰਤਰੀ ਜਾਂ ਆਗੂ ਯੂਨੀਵਰਸਿਟੀ ਅੰਦਰ ਦਾਖਲ ਹੋਇਆ ਤਾਂ ਕਿਸਾਨਾਂ ਵਾਂਗ ਉਸ ਦਾ ਘਿਰਾਓ ਅਤੇ ਵਿਰੋਧ ਕੀਤਾ ਜਾਵੇਗਾ। ਯੂਨੀਵਰਸਿਟੀ ਅੰਦਰ ਅੱਜ ਵਿਦਿਆਰਥੀਆਂ ਵੱਲੋਂ ਵੰਗਾਰ ਰੈਲੀ ਵੀ ਕੱਢੀ ਗਈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਫੀਸਾਂ ’ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਮੌਜੂਦਾ ਸਮੇਂ 150 ਕਰੋੜ ਦੇ ਘਾਟੇ ’ਚ ਫਸੀ ਹੋਈ ਹੈ। ਵਿਦਿਆਥੀਆਂ ਜਥੇਬੰਦੀਆਂ ਦਾ ਰੋਸ਼ ਹੈ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਬਣਦੀ ਗ੍ਰਾਂਟ ਨਹੀਂ ਦਿੱਤੀ ਜਾਂ ਰਹੀ, ਜਿਸ ਕਾਰਨ ਯੂਨੀਵਰਸਿਟੀ ਫੀਸਾਂ ’ਚ ਮੋਟਾ ਵਾਧਾ ਕਰਕੇ ਯੂਨੀਵਰਸਿਟੀ ਦੇ ਖਜ਼ਾਨੇ ਭਰਨ ’ਤੇ ਆ ਗਏ ਹਨ। ਇਨ੍ਹਾਂ ਫੀਸਾਂ ਵਿਰੁੱਧ ਹੀ ਅੱਜ ਯੂਨੀਵਰਸਿਟੀ ਅੰਦਰ ਚਾਰ ਜਥੇਬੰਦੀਆਂ ਪੀਐੱਸਯੂ., ਏਆਈਐੱਸਐੱਫ., ਐੱਸਐੱਫਆਈ. ਅਤੇ ਡੀਐੱਸਓ. ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਵੱਡੀ ਵੰਗਾਰ ਰੈਲੀ ਕੱਢ ਕੇ ਰੋਸ ਪ੍ਰਗਟਾਇਆ ਗਿਆ।
ਇਸ ਦੌਰਾਨ ਵਿਦਿਆਰਥੀਆਂ ਦਾ ਰੋਹ ਉਸ ਸਮੇਂ ਨਵਾਂ ਮੋੜਾ ਲੈ ਗਿਆ ਜਦੋਂ ਯੂਨੀਵਰਸਿਟੀ ਕੈਪਸ ਅੰਦਰ ਕਾਂਗਰਸੀਆਂ ਦੇ ਦਾਖਲੇ ’ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ ਪਰਚਾ ਅਤੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਯੂਨੀਵਰਸਿਟੀ ਵਿੱਚ ਦਾਖਲ ਹੋਵੇਗਾ ਤਾਂ ਉਸ ਦਾ ਘਿਰਾਓ ਕਰਕੇ ਜਬਰਦਸਤ ਵਿਰੋਧ ਕੀਤਾ ਜਾਵੇਗਾ। ਜਾਰੀ ਕੀਤੇ ਪੋਸਟਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ ਅਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀਮਾਨ ਦੀਆਂ ਤਸਵੀਰਾਂ ਸਨ, ਜਿਸ ਨੂੰ ਯੂਨੀਵਰਸਿਟੀ ਦੇ ਮੁੱਖ ਗੇਟ ਤੇ ਲਾਇਬਰੇਰੀ ਦੇ ਸਾਹਮਣੇ ਟੰਗਿਆ ਗਿਆ ਹੈ।
ਵਿਦਿਆਰਥੀ ਆਗੂਆਂ ਅਮਨਦੀਪ ਸਿੰਘ ਅਤੇ ਵਰਿੰਦਰ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਹ ਵਾਧਾ 3.5 ਪ੍ਰਤੀਸ਼ਤ ਤੋਂ 109 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ ਨਵੇਂ ਕੋਰਸਾਂ ਦੇ ਨਾਂਅ ਹੇਠ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਬਿਲਕੁੱਲ ਹੀ ਨਿੱਜੀਕਰਨ ਦਾ ਕਿਰਦਾਰ ਧਾਰਨ ਕਰ ਲਵੇਗੀ ਜੋ ਕਿ ਇੱਥੋਂ ਦੇ ਵਿਦਿਆਰਥੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ।
ਉਨ੍ਹਾਂ ਕਿਹਾ ਕਿ ਇਹ ਵਾਧਾ ਪੂਰਨ ਤੌਰ ’ਤੇ ਵਾਪਸ ਕਰਾਉਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੰਦ ਕੀਤੀ ਗਈ ਗ੍ਰਾਂਟ ਦਾ ਪੂਰਾ ਵਿੱਤੀ ਬੋਝ ਵਿਦਿਆਰਥੀਆਂ ਤੇ ਪਾ ਦਿੱਤਾ ਗਿਆ ਹੈ। ਹੈ। ਇਸ ਮੌਕੇ ਵਿਦਿਆਰਥੀ ਆਗੂ ਕਮਲ ਝਲੂਰ ਅਤੇ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਇਸ ਚਾਂਸਲਰ ਫੀਸਾਂ ਵਧਾਉਣ ਦੇ ਬੇਲੋੜੇ ਤਰਕ ਦੇ ਕੇ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ