ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Balidan Diwas
ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਵੱਲੋਂ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਪਾਏ ਯੋਗਦਾਨ ਅਤੇ ਉਹਨਾਂ ਦੇ ਇਨਕਲਾਬੀ ਜੀਵਨ ਬਾਰੇ ਕੌਣ ਨਹੀਂ ਜਾਣਦਾ, ਫਿਰ ਵੀ ਆਪਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਮੁੱਢਲੀ ਜਾਣਕਾਰੀ ਤੋਂ ਗੱਲ ਸ਼ੁਰੂ ਕਰਾਂਗੇ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜਲੰਧਰ ਜ਼ਿਲ੍ਹੇ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਖਟਕੜ ਕਲਾ ਜ਼ਿਲ੍ਹਾ ਜਲੰਧਰ ਉਨਾਂ ਦਾ ਜੱਦੀ ਪਿੰਡ ਸੀ। ਇਹ ਪਿੰਡ ਫਗਵਾੜਾ ਤੋਂ ਕਰੀਬ 28 ਕਿਲੋਮੀਟਰ ਦੀ ਦੂਰੀ ’ਤੇ ਹੈ। ਸ਼ਹੀਦ ਭਗਤ ਸਿੰਘ ਦੇ ਪਿਤਾ ਦਾ ਨਾਂਅ ਸ੍ਰ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂਅ ਵਿੱਦਿਆਵਤੀ ਸੀ। Balidan Diwas
ਉਹਨਾਂ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਉਹਨਾਂ ਨੂੰ ਆਪਣੇ ਦਾਦਾ ਜੀ ਤੋਂ ਹੀ ਮਿਲ ਗਈ ਸੀ। ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਬਹੁਤ ਪ੍ਰਭਾਵਿਤ ਸਨ। ਸ੍ਰ. ਸਰਾਭਾ ਦੀ ਸ਼ਹੀਦੀ ਮੌਕੇ ਭਾਵੇਂ ਉਹ ਅੱਠ ਸਾਲ ਦੀ ਉਮਰ ਦੇ ਹੀ ਸਨ ਪਰ ਉਹ ਸਰਾਭੇ ਦੀ ਫੋਟੋ ਆਪਣੀ ਜੇਬ੍ਹ ਵਿੱਚ ਰੱਖਦੇ ਅਤੇ ਉਹਨਾਂ ਨੂੰ ਆਪਣਾ ਗੁਰੂ ਆਪਣਾ ਯਾਰ ਦੱਸਦੇ।
Read Also : Sangrur News: ਨਵੀਆਂ ਪੈੜਾਂ: ਚੰਗੇ ਖਾਣ-ਪੀਣ ਦੇ ਰੁਝਾਨ ਕਾਰਨ ਆਪਣੀਆਂ ਜੜ੍ਹਾਂ ਵੱਲ ਮੁੜਨ ਲੱਗੇ ਲੋਕ
ਜਲ੍ਹਿਆਂਵਾਲੇ ਬਾਗ ਦੇ ਦਰਦਨਾਕ ਸਾਕੇ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਪ੍ਰਭਾਵਿਤ ਕੀਤਾ। ਡੀ. ਏ. ਵੀ. ਸੰਸਥਾ ਵਿੱਚ ਪੜ੍ਹਦਿਆਂ ਉਹ ਇਨਕਲਾਬੀ ਰੰਗ ਵਿੱਚ ਰੰਗੇ ਜਾ ਚੁੱਕੇ ਸਨ ਅਤੇ ਇਨਕਲਾਬੀ ਗੀਤ ਉਹਨਾਂ ਦੀ ਜ਼ੁਬਾਨ ’ਤੇ ਸਨ। ਸ਼ਹੀਦ ਭਗਤ ਸਿੰਘ ਪੰਜਾਬੀ, ਅੰਗਰੇਜ਼ੀ, ਉਰਦੂ ਤੇ ਫਾਰਸੀ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ।ਸ਼ਹੀਦ-ਏ-ਆਜ਼ਮ ਵੱਲੋਂ ਅਜਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਬਾਰੇ ਅਸੀਂ ਸਾਲਾਂ ਤੋਂ ਪੜ੍ਹਦੇ ਤੇ ਪੜ੍ਹਾਉਂਦੇ ਆਏ ਹਾਂ। ਅੱਜ ਦੇ ਨੌਜਵਾਨਾਂ ਦੇ ਹੀਰੋ ਹਨ ਸ਼ਹੀਦ ਭਗਤ ਸਿੰਘ।
Balidan Diwas
ਉਹਨਾਂ ਦੀਆਂ ਤਸਵੀਰਾਂ ਗੱਡੀਆਂ, ਘਰਾਂ ਹਰ ਥਾਂ ਉਹਨਾਂ ਦੇ ਚਾਹੁਣ ਵਾਲਿਆਂ ਨੇ ਲਾਈਆਂ ਹੋਈਆਂ ਹਨ। ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਤੇ ਉਹ ਪੜ੍ਹਨ ਅਤੇ ਲਿਖਣ ਦੇ ਆਦੀ ਸਨ। ਜਦੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤਾਂ ਉਹਨਾਂ ਨੇ ਲਾਹੌਰ ਜੇਲ੍ਹ ਵਿੱਚ ਪੜ੍ਹਨ ਤੇ ਲਿਖਣ ਦੀ ਸਹੂਲਤ ਜੇਲ੍ਹ ਵਿੱਚ ਦੇਣ ਲਈ ਭੁੱਖ ਹੜਤਾਲ ਕੀਤੀ ਅਤੇ ਜੇਲ੍ਹ ਵਿੱਚ ਪੜ੍ਹਨ ਤੇ ਲਿਖਣ ਦੀ ਸਹੂਲਤ ਲਈ। ਉਹ ਜੇਲ੍ਹ ਵਿੱਚ ਪੜ੍ਹਦੇ ਰਹੇ ਤੇ ਨੋਟ ਲਿਖਦੇ ਰਹੇ। ਨਵੀਆਂ ਕਿਤਾਬਾਂ ਮੰਗਵਾਉਂਦੇ ਤੇ ਪੜ੍ਹਦੇ।
ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫ਼ਾਂਸੀ ਦਿੱਤੀ ਗਈ। ਉਸ ਦਿਨ ਵੀ ਸ਼ਹੀਦ ਭਗਤ ਸਿੰਘ ਇੱਕ ਕਿਤਾਬ ਪੜ੍ਹ ਰਹੇ ਸਨ ਅਤੇ ਉਹ ਉਸ ਕਿਤਾਬ ਦਾ ਇੱਕ ਪੰਨਾ ਮੋੜ ਕੇ ਗਏ ਸਨ। ਉਹ ਮੁੜਿਆ ਹੋਇਆ ਪੰਨਾ ਨੌਜਵਾਨਾਂ ਵੱਲ ਵੇਖ ਰਿਹਾ ਹੈ, ਕਿ ਦੇਸ਼ ਦਾ ਨੌਜਵਾਨ ਉੱਥੋਂ ਪੜ੍ਹਨਾ ਸ਼ੁਰੂ ਕਰੇਗਾ। ਸ਼ਹੀਦ-ਏ-ਆਜ਼ਮ ਵੱਲੋਂ ਉਸ ਕਿਤਾਬ ਦੇ ਪੰਨੇ ਨੂੰ ਮੋੜਨਾ ਇਹ ਆਮ ਗੱਲ ਨਹੀਂ ਸੀ, ਉਹ ਇੱਕ ਸੰਦੇਸ਼ ਦੇ ਕੇ ਗਏ ਸਨ ਕਿ ਗੱਲ ਅਜੇ ਮੁੱਕੀ ਨਹੀਂ। ਇਹ ਲੜਾਈ ਖ਼ਤਮ ਨਹੀਂ ਹੋਈ। ਗੱਲ ਇਸ ਤੋਂ ਅੱਗੇ ਤੁਰੇਗੀ। ਮੇਰੇ ਨੌਜਵਾਨ ਇਸ ਕਿਤਾਬ ਦੇ ਹਰਫ਼ਾਂ ਨੂੰ ਅੱਗੇ ਲੈ ਕੇ ਜਾਣਗੇ। ਨੌਜਵਾਨ ਪੜ੍ਹਨਗੇ, ਲੜਨਗੇ ਤੇ ਲਿਖਣਗੇ।
Balidan Diwas
ਸ਼ਹੀਦ ਭਗਤ ਸਿੰਘ ਨੇ ਅਜ਼ਾਦੀ ਦੀ ਲੜਾਈ ਲੜੀ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਸ਼ਹਾਦਤ ਦਿੱਤੀ। ਅੱਜ ਭਾਵੇਂ ਦੇਸ਼ ਅੰਗਰੇਜ਼ਾਂ ਹੱਥੋਂ ਗੁਲਾਮ ਨਹੀਂ ਹੈ ਪਰ ਫਿਰ ਵੀ ਲੋੜ ਹੈ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਲੜਨ ਦੀ ਕਿਉਂਕਿ ਸ਼ਹੀਦ ਭਗਤ ਸਿੰਘ ਨੇ ਜਿਸ ਸਮਾਜ ਦਾ ਸੁਫ਼ਨਾ ਵੇਖਿਆ ਸੀ, ਅੱਜ ਦਾ ਸਮਾਜ ਉਹ ਸਮਾਜ ਨਹੀਂ ਹੈ। ਅੱਜ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਨੂੰ ਰੋਕਣ ਦੀ ਲੋੜ ਹੈ। ਭਿ੍ਰਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ ਹੈ। ਇਨਸਾਨੀਅਤ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਲੋੜ ਹੈ। ਹੈਵਾਨੀਅਤ ਨੂੰ ਨਕੇਲ ਪਾਉਣ ਵਾਲੀ ਹੈ। ਇੱਕ ਸਾਫ਼-ਸੁਥਰੇ, ਸ਼ਾਂਤ ਸਮਾਜ ਦੇ ਨਿਰਮਾਣ ਦੀ ਲੋੜ ਹੈ।
ਅਜਿਹੇ ਲਈ ਉਸ ਕਿਤਾਬ ਦੇ ਮੁੜੇ ਹੋਏ ਪੰਨੇ ਨੂੰ ਖੋਲ੍ਹ ਅੱਗੇ ਤੁਰਨਾ ਪਵੇਗਾ। ਦੇਸ਼ ਦੀ ਜਵਾਨੀ ਨੂੰ ਕਿਤਾਬਾਂ ਤੇ ਕਲਮਾਂ ਨਾਲ ਸਾਂਝ ਪਾਉਣੀ ਪਵੇਗੀ। ਸ਼ਹੀਦ ਭਗਤ ਸਿੰਘ ਨੂੰ ਘਰ ਦੀ ਦੀਵਾਰ ’ਤੇ ਲਾਉਣ ਨਾਲ ਗੱਲ ਨਹੀਂ ਬਣਨੀ ਉਹਨਾਂ ਨੂੰ ਦਿਲੋ-ਦਿਮਾਗ ਦੇ ਅੰਦਰ ਵਸਾਉਣਾ ਪਵੇਗਾ। ਉਹਨਾਂ ਦੇ ਵਿਚਾਰਾਂ ਨੂੰ ਅਪਣਾਉਣਾ ਪਵੇਗਾ। ਸ਼ਹੀਦ ਭਗਤ ਸਿੰਘ ਨੇ ਆਉਣ ਵਾਲੀਆਂ ਕੌਮਾਂ ਦੇ ਲਈ ਜਾਨ ਵਾਰ ਦਿੱਤੀ ਅਤੇ ਅਸੀਂ ਉਹਨਾਂ ਦੇ ਵਾਰਿਸ ਜ਼ੁਲਮ ਹੁੰਦਾ ਵੇਖ ਮੂੰਹ ਫੇਰ ਲੈਂਦੇ ਹਾਂ।
ਤਦ ਤੱਕ ਚੁੱਪ ਰਹਿੰਦੇ ਹਾਂ ਜਦ ਤੱਕ ਸੇਕ ਸਾਨੂੰ ਨਹੀਂ ਲੱਗਦਾ। ਅਸੀਂ ਸਵਾਰਥਪੁਣੇ ਦੀ ਹੱਦ ’ਤੇ ਹਾਂ। ਦੂਸਰਿਆਂ ਲਈ ਅਵਾਜ ਬੁਲੰਦ ਕਰਨਾ ਤਾਂ ਦੂਰ ਦੀ ਗੱਲ ਬਹੁਤੇ ਲੋਕ ਤਾਂ ਆਪਣੇ ਨਾਲ ਹੁੰਦੀਆਂ ਵਧੀਕੀਆਂ ’ਤੇ ਵੀ ਚੁੱਪ ਰਹਿੰਦੇ ਹਨ। ਸੱਚ, ਬੇਬਾਕੀ, ਹੌਂਸਲਾ, ਜੁਅੱਰਤ, ਦਲੇਰੀ ਸਾਡੇ ਡੀ. ਐਨ. ਏ. ਵਿੱਚੋਂ ਮਨਫ਼ੀ ਹੋ ਰਹੇ ਹਨ। ਹੁਣ ਦੱਸੋ ਕੀ ਅਜਿਹੇ ਸਮਾਜ ਦੀ ਆਸ ਸੀ ਸ਼ਹੀਦਾਂ ਨੂੰ? ਨਹੀਂ, ਜੇ ਅਸੀਂ ਸ਼ਹੀਦਾਂ ਦਾ ਸੱਚੇ ਦਿਲੋਂ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਅਪਨਾਉਣਾ ਪਵੇਗਾ। ਇਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।
ਰਾਜੇਸ਼ ਰਿਖੀ
ਪੰਜਗਰਾਈਆਂ, ਮੋ. 94644-42300