ਮਨਮੀਤ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਵਸਿਆ ਰਹੇਗਾ : ਸੁਖਬੀਰ ਬਾਦਲ
ਸੰਗਰੂਰ, (ਨਰੇਸ਼ ਕੁਮਾਰ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਫੇਰੀ ਦੌਰਾਨ ਅਲੀਸ਼ੇਰ ਪਰਿਵਾਰ ਦੀ ਰਿਹਾਇਸ਼ ਪੁੱਜੇ ਅਤੇ ਉਨ੍ਹਾਂ ਮਨਮੀਤ ਅਲੀਸ਼ੇਰ ਬਾਰੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵਿੱਚ ਹਰਮਨਪਿਆਰਤਾ ਬਣਾਉਣ ਵਾਲੇ ਮਨਮੀਤ ਅਲੀਸ਼ੇਰ ਆਸਟਰੇਲੀਆ ਵਿਖੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਸਨ। ਬਾਦਲ ਪਰਿਵਾਰ ਨੇ ਸੰਗਰੂਰ ਪੁੱਜ ਕੇ ਰੈਲੀ ਉਪਰੰਤ ਅਲੀਸ਼ੇਰ ਪਰਿਵਾਰ ਦੇ ਘਰ ਗਏ ਅਤੇ ਉਨਾਂ ਦੇ ਨਾਲ ਸਮੁੱਚੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜ਼ੂਦ ਸੀ।
ਇਸ ਮੌਕੇ ਮਨਮੀਤ ਦੇ ਪਿਤਾ ਮਾਸਟਰ ਰਾਮ ਸਰੂਪ ਅਲੀਸ਼ੇਰ, ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਮੀਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ ਬਹੁਤ ਹੀ ਹਰਮਨਪਿਆਰਾ ਨੌਜਵਾਨ ਸੀ ਅਤੇ ਉਸ ਨੇ ਆਸਟਰੇਲੀਆ ਵਿੱਚ ਰਹਿੰਦਿਆਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਦਾ ਪਸਾਰਾ ਕੀਤਾ ਅਤੇ ਆਪਣੀ ਪੰਜਾਬੀ ਹੋਂਦ ਦਾ ਅਹਿਸਾਸ ਕਰਵਾਇਆ। ਮਨਮੀਤ ਨਾਲ ਵਾਪਰੀ ਘਟਨਾ ਤੋਂ ਬਾਅਦ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਦਾ ਡਾਹਢਾ ਦੁੱਖ ਹੋਇਆ ਸੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਮਨਮੀਤ ਦੇ ਕਮਰੇ ਵਿੱਚ ਪਈਆਂ ਉਸ ਦੀਆਂ ਚੀਜ਼ਾਂ ਅਤੇ ਫੋਟੋਆਂ ਨੂੰ ਵੀ ਗਹੁ ਨਾਲ ਵੇਖਿਆ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹਮੇਸ਼ਾ ਤੋਂ ਹੀ ਉਨਾਂ ਦੇ ਪਰਿਵਾਰ ਨੂੰ ਥਾਪੜਾ ਦਿੱਤਾ ਜਾਂਦਾ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਉਨਾਂ ਦੀ ਹਰ ਪੱਖੋਂ ਮੱਦਦ ਵੀ ਕੀਤੀ ਗਈ। ਬਾਦਲ ਪਰਿਵਾਰ ਨਾਲ ਉਨਾਂ ਦਾ ਭਾਵਨਾਤਮਕ ਰਿਸ਼ਤਾ ਬਣਿਆ ਹੋਇਆ ਹੈ ਜਿਸ ਕਾਰਨ ਹੀ ਬਾਦਲ ਪਰਿਵਾਰ ਸਮੁੱਚੀ ਅਕਾਲੀ ਲੀਡਰਸ਼ਿਪ ਨਾਲ ਉਨਾਂ ਦੇ ਘਰ ਪੁੱਜੇ ਅਤੇ ਖਾਣੇ ਦੀ ਸਾਂਝ ਪਾਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਵੀ ਬਾਦਲ ਪਰਿਵਾਰ ਦੇ ਨਾਲ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।