ਉਦੈਨਿਧੀ ਨੂੰ ਕੋਈ ਨਹੀਂ ਸੀ ਜਾਣਦਾ, ਬੱਸ ਤਾਮਿਲਨਾਡੂ ਦੀ ਜਨਤਾ ਜਾਂ ਸਿਆਸੀ ਲੋਕ ਹੀ ਜਾਣਦੇ ਸਨ ਕਿ ਉਹ ਸੂਬੇ ਦਾ ਇੱਕ ਮੰਤਰੀ ਹੈ ਪਰ ਜਿਉਂ ਹੀ ਉਸ ਨੇ ਵਿਵਾਦਮਈ ਬਿਆਨ ਦਿੱਤਾ ਤਾਂ ਉਸ ਨੂੰ ਪੂਰਾ ਦੇਸ਼ ਜਾਣਨ ਲੱਗਾ ਹੈ। ਗੱਲ ਬੜੀ ਸਾਫ ਹੈ ਕਿ ਸ਼ੁਹਰਤ ਦਾ ਇੱਕ ਸੌਖਾ, ਸਸਤਾ ਪਰ ਘਟੀਆ ਤਰੀਕਾ ਹੈ ਕਿ ਕੋਈ ਵੀ ਪੁੱਠਾ-ਸਿੱਧਾ ਬਿਆਨ ਦੇ ਦਿਓ ਤੇ ਝੱਟ ਸੁਰਖੀਆਂ ’ਚ ਆ ਜਾਉ। (Fame)
ਕਿਸੇ ਵਿਅਕਤੀ ਜਾਂ ਸਿਆਸੀ ਆਗੂ ਨੂੰ ਸਸਤੀ ਸ਼ੁਹਰਤ ਤਾਂ ਮਿਲ ਜਾਂਦੀ ਹੈ ਪਰ ਇਹ ਹਰਕਤਾਂ ਸਮਾਜ ਤੇ ਦੇਸ਼ ਲਈ ਕੰਡੇ ਬੀਜ ਦਿੰਦੀਆਂ ਹਨ। ਉਦੈਨਿਧੀ ਇੱਕ ਧਰਮ ਦੀ ਤੁਲਨਾ ਡੇਂਗੂ ਤੇ ਮਲੇਰੀਏ ਨਾਲ ਕਰਦਾ ਹੈ। ਅਸਲ ’ਚ ਇਸ ਸਿਆਸੀ ਆਗੂ ਦੀ ਮਨਸ਼ਾ ਕੀ ਹੈ ਇਹ ਗੱਲ ਤਾਂ ਉਹੀ ਜਾਣਦਾ ਹੈ ਪਰ ਸਾਡੇ ਦੇਸ਼ ਦੀ ਸਿਆਸਤ ’ਚ ਦੋ ਤਰ੍ਹਾਂ ਦੀਆਂ ਹੀ ਗੱਲਾਂ ਸਾਹਮਣੇ ਆ ਰਹੀਆਂ ਹਨ।ਇੱਕ ਗੱਲ ਤਾਂ ਇਹ ਹੈ ਕਿ ਸਿਆਸੀ ਆਗੂ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਖੁਸ਼ ਕਰਨ ਲਈ ਕਿਸੇ ਹੋਰ ਧਰਮ ਵਿਸ਼ੇਸ਼ ਖਿਲਾਫ਼ ਇਤਰਾਜ਼ ਭਰੀ ਟਿੱਪਣੀ ਕਰਦਾ ਹੈ।
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬਿਆ ਧਰਤੀ ਦਾ ਇਹ ਕੋਨਾ
ਦੂਜਾ ਰੁਝਾਨ ਇਹ ਹੈ ਕਿ ਸਿਆਸੀ ਆਗੂ ਨੂੰ ਧਰਮ ਦੇ ਅਸਲੀ ਅਰਥ, ਸਰੂਪ, ਉਦੇਸ਼ ਤੇ ਪ੍ਰਯੋਜਨ ਦਾ ਜ਼ਰਾ ਜਿੰਨਾ ਵੀ ਪਤਾ ਨਹੀਂ ਜਾਂ ਅਲਪ-ਗਿਆਨੀ ਹੋਣ ਦੇ ਬਾਵਜੂਦ ਆਪਣੇ-ਆਪ ਨੂੰ ਆਲਮ ਫਾਜ਼ਲ ਮੰਨ ਕੇ ਧੜਾਧੜ ਬਿਆਨ ਦੇ ਦਿੰਦਾ। ਕਹਿੰਦੇ ਹਨ ਅਧੂਰੇ ਗਿਆਨ ਦੀ ਬਜਾਇ ਅਗਿਆਨੀ ਹੋਣਾ ਵੀ ਚੰਗਾ ਹੈ। ਗਲਤ ਜਾਣਕਾਰੀ ਵਾਲਾ ਬੰਦਾ ਸਮਾਜ ਦਾ ਨੁਕਸਾਨ ਕਰਦਾ ਹੈ। ਕੋਈ ਵੀ ਧਰਮ ਦੂਜੇ ਧਰਮ ਦੇ ਖਿਲਾਫ਼ ਨਹੀਂ ਹੈ, ਸਗੋਂ ਹਰ ਧਰਮ ਦੇ ਸਾਰ ਦਾ ਹਮਾਇਤੀ ਹੈ। ਉਦੈਨਿਧੀ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਿਸ ਧਰਮ ਗੰ੍ਰਥ ਜਾਂ ਇਤਿਹਾਸਕ ਪੁਸਤਕ ’ਚੋਂ ਕੀਤੀ ਹੈ ਇਸ ਗੱਲ ਦਾ ਉਸ ਕੋਲ ਕੋਈ ਜਵਾਬ ਨਹੀਂ। ਅਸਲ ’ਚ ਦੇਸ਼ ਦੀ ਸਿਆਸਤ ’ਚ ਇੱਕ ਵੱਡੀ ਬੁਰਾਈ ਹੈ ਆਈ ਹੋਈ ਹੈ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਆਧਾਰ ’ਤੇ ਵੰਡਣ ਦੀ ਚਾਲ ਨੂੰ ਸਫ਼ਲਤਾ ਦਾ ਜਾਦੂਮਈ ਨੁਕਤਾ ਮੰਨਿਆ ਜਾਣ ਲੱਗ ਪਿਆ ਹੈ।
ਕਿਤੇ ਮਜ਼ਹਬਾਂ ਦੇ ਨਾਂਅ ’ਤੇ ਲੜਾਈ ਹੋ ਰਹੀ ਹੈ ਕਿਤੇ ਖੇਤਰਾਂ ਦੇ ਨਾਂਅ ’ਤੇ ਨਫਰਤ ਪੈਦਾ ਕੀਤੀ ਜਾ ਰਹੀ ਹੈ। ਮਣੀਪੁਰ ’ਚ ਕੁਕੀ ਤੇ ਮੈਤੇਈ ਕਬੀਲਿਆਂ ਦੀ ਲੜਾਈ ਕਾਰਨ ਸੂਬਾ ਸਮਾਜਿਕ ਤੌਰ ’ਤੇ ਬੁਰੀ ਤਰ੍ਹਾਂ ਵੰਡਿਆ ਗਿਆ ਹੈ। ਧਰਮ, ਜਾਤ ਜਾਂ ਕਬੀਲੇ ਦੀ ਪਛਾਣ ਕਾਰਨ ਹੀ ਲੋਕ ਆਪਣੇ ਹੀ ਦੇਸ਼ ਅੰਦਰ ਸਹਿਮੇ ਹੋਏ ਹਨ। ਇਹ ਰੁਝਾਨ ਦੇਸ਼ ਦੀ ਵਿਚਾਰਧਾਰਾ ਦੇ ਖਿਲਾਫ ਹੈ। ਧਰਮ ਪਿਆਰ, ਸਦਭਾਵਨਾ ਤੇ ਸਹਿਣਸ਼ੀਲਤਾ ਸਿਖਾਉਂਦੇ ਹਨ। ਵੋਟਾਂ ਤੇ ਕੁਰਸੀ ਖਾਤਰ ਸਮਾਜ ’ਚ ਭਾਈਚਾਰਾ ਨਾ ਖਰਾਬ ਕੀਤਾ ਜਾਵੇ ਜਿਸ ਭਾਈਚਾਰੇ ਨੂੰ ਕਾਇਮ ਰੱਖਣਾ ਸਿਆਸਤਦਾਨਾਂ ਦਾ ਪਹਿਲਾ ਫਰਜ਼ ਹੈ।