Brazil Climate Summit: ਬ੍ਰਾਜ਼ੀਲ ਦੇ ਸ਼ਹਿਰ ਬੇਲੇਮ ਵਿੱਚ 10 ਤੋਂ 21 ਨਵੰਬਰ ਤੱਕ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਜਲਵਾਯੂ ਤਬਦੀਲੀ ਸੰਮੇਲਨ ਕਾਪ-30 ਨੇ ਇਸ ਸਾਲ ਟਰਾਪੀਕਲ ਜੰਗਲਾਂ ਦੀ ਸੰਭਾਲ ਨੂੰ ਆਪਣੀ ਪਹਿਲੀ ਤਰਜ਼ੀਹ ਬਣਾਇਆ ਹੈ। ਪਰ ਵਿਡੰਬਨਾ ਇਹ ਹੈ ਕਿ ਜਿਸ ਬੇਲੇਮ ਨੂੰ ‘ਅਮੇਜ਼ਨ ਦਾ ਦਰਵਾਜ਼ਾ’ ਕਿਹਾ ਜਾਂਦਾ ਹੈ, ਉੱਥੇ ਹੀ ਇਸ ਸੰਮੇਲਨ ਦੀਆਂ ਤਿਆਰੀਆਂ ਦੇ ਨਾਂਅ ’ਤੇ ਵੱਡੇ ਪੱਧਰ ’ਤੇ ਰੁੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ। ਪਾਰਾ ਸੂਬੇ ਵਿੱਚ ਸਥਿਤ ਇਸ ਇਲਾਕੇ ਵਿੱਚ ਰੋਜ਼ਾਨਾ ਲਗਭਗ 50 ਹਜ਼ਾਰ ਰੁੱਖਾਂ ’ਤੇ ਕੁਹਾੜਾ ਚਲਾਇਆ ਜਾ ਰਿਹਾ ਹੈ ਅਤੇ ਅੰਦਾਜ਼ਾ ਹੈ ਕਿ ਸੰਮੇਲਨ ਵਾਲੀ ਥਾਂ ਦੇ ਆਲੇ-ਦੁਆਲੇ ਲਗਭਗ ਇੱਕ ਲੱਖ ਰੁੱਖ ਕੱਟ ਦਿੱਤੇ ਜਾਣਗੇ। Brazil Climate Summit
ਇਹ ਖਬਰ ਵੀ ਪੜ੍ਹੋ : ਪੰਜਾਬ ’ਚ ਆਵਾਰਾ ਪਸ਼ੂਆਂ ਦੀ ਦਹਾਕਿਆਂ ਪੁਰਾਣੀ ਸਮੱਸਿਆ ’ਤੇ ਇਤਿਹਾਸਕ ਮੁਹਿੰਮ ਸ਼ੁਰੂ
ਇਹ ਕਟਾਈ ਸਿਰਫ਼ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਸੰਮੇਲਨ ਵਿੱਚ ਆਉਣ ਵਾਲੇ ਲਗਭਗ ਪੰਜਾਹ ਹਜ਼ਾਰ ਨੇਤਾਵਾਂ, ਵਾਤਾਵਰਨ ਵਿਗਿਆਨੀਆਂ ਤੇ ਕਾਰਕੁਨਾਂ ਨੂੰ ਆਉਣ-ਜਾਣ ਦੀ ਬਿਹਤਰ ਸਹੂਲਤ ਮਿਲ ਸਕੇ। ਇਹ ਸਥਿਤੀ ਆਪਣੇ-ਆਪ ਵਿੱਚ ਇੱਕ ਵੱਡਾ ਵਿਰੋਧਾਭਾਸ ਹੈ ਕਿ ਜਿਹੜੇ ਲੋਕ ਗਲੋਬਲ ਜਲਵਾਯੂ ਸੰਕਟ ’ਤੇ ਚਰਚਾ ਕਰਨ ਅਤੇ ਕੁਦਰਤ ਸੰਭਾਲ ਦਾ ਸੁਨੇਹਾ ਦੇਣ ਆ ਰਹੇ ਹਨ, ਉਨ੍ਹਾਂ ਲਈ ਹੀ ਜੰਗਲਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਬੇਲੇਮ ਦੇ ਆਲੇ-ਦੁਆਲੇ ਦੇ ਇਹ ਜੰਗਲ ਅਮੇਜ਼ਨ ਵਰਖਾ-ਜੰਗਲਾਂ ਦਾ ਮਹੱਤਵਪੂਰਨ ਹਿੱਸਾ ਹਨ, ਜਿਨ੍ਹਾਂ ਨੂੰ ਦੁਨੀਆਂ ਦੇ ‘ਫੇਫੜੇ’ ਕਿਹਾ ਜਾਂਦਾ ਹੈ। Brazil Climate Summit
ਇਹ ਜੰਗਲ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਧਰਤੀ ਨੂੰ ਸਭ ਤੋਂ ਵੱਧ ਆਕਸੀਜ਼ਨ ਮੁਹੱਈਆ ਕਰਵਾਉਂਦੇ ਹਨ। ਪਰ ਸੰਮੇਲਨ ਦੀਆਂ ਨਾ-ਮਾਤਰ ਸਹੂਲਤਾਂ ਲਈ ਜਦੋਂ ਜੰਗਲ ਹੀ ਉਜਾੜ ਦਿੱਤੇ ਜਾਣ, ਤਾਂ ਵਾਤਾਵਰਨ ਪ੍ਰਤੀ ਵਚਨਬੱਧਤਾ ਦੀ ਅਸਲੀਅਤ ਆਪਣੇ-ਆਪ ਸਾਹਮਣੇ ਆ ਜਾਂਦੀ ਹੈ। ਇਸੇ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਿੱਪਣੀ ਕੀਤੀ ਸੀ ਕਿ ਅਮੇਜ਼ਨ ਦੇ ਜੰਗਲਾਂ ਦੀ ਕਟਾਈ ਦਾ ਇਹ ਮਾਮਲਾ ਇੱਕ ਵੱਡਾ ਘਪਲਾ ਹੈ। ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਰੁੱਖਾਂ ਅਤੇ ਲੱਕੜ ਦੇ ਸਭ ਤੋਂ ਵੱਡੇ ਖਰੀਦਦਾਰ ਅਮਰੀਕਾ ਤੇ ਯੂਰਪੀ ਦੇਸ਼ ਹੀ ਹਨ। ਇਸ ਲਈ ਆਲੋਚਨਾ ਵੀ ਆਪਣੇ-ਆਪ ਵਿੱਚ ਵਿਰੋਧਾਭਾਸੀ ਲੱਗਦੀ ਹੈ।
ਰੁੱਖਾਂ ਦੀ ਹੋਂਦ ’ਤੇ ਹੀ ਮਨੁੱਖ ਸਮੇਤ ਧਰਤੀ ਦੇ ਸਾਰੇ ਜੀਵ-ਜੰਤੂਆਂ ਦਾ ਵਜੂਦ ਟਿਕਿਆ ਹੋਇਆ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਰੁੱਖਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਵਿਗਿਆਨੀਆਂ ਦੇ ਇੱਕ ਗਲੋਬਲ ਅਧਿਐਨ ਮੁਤਾਬਕ ਹੁਣ ਤੱਕ ਧਰਤੀ ’ਤੇ ਰੁੱਖਾਂ ਦੀ ਕੁੱਲ ਗਿਣਤੀ ਵਿੱਚ ਲਗਭਗ 46 ਫੀਸਦੀ ਦੀ ਕਮੀ ਆ ਚੁੱਕੀ ਹੈ। ਨਵੀਨਤਮ ਸੈਟੇਲਾਈਟ ਚਿੱਤਰਾਂ ਵਾਲੇ ਅਧਿਐਨ ਮੁਤਾਬਕ ਦੁਨੀਆਂ ਵਿੱਚ ਲਗਭਗ ਤਿੰਨ ਲੱਖ ਕਰੋੜ ਰੁੱਖ ਮੌਜ਼ੂਦ ਹਨ, ਭਾਵ ਪ੍ਰਤੀ ਵਿਅਕਤੀ ਔਸਤਨ 422 ਰੁੱਖ ਜਦੋਂਕਿ ਪਹਿਲਾਂ ਕੀਤੇ ਮੁਲਾਂਕਣਾਂ ਵਿਚ ਇਹ ਗਿਣਤੀ ਸਿਰਫ਼ 400 ਅਰਬ ਦੱਸੀ ਗਈ ਸੀ।
ਇਸ ਅਸਮਾਨਤਾ ਦਾ ਕਾਰਨ ਇਹ ਸੀ ਕਿ ਪੁਰਾਣੇ ਅੰਦਾਜ਼ੇ ਜ਼ਮੀਨੀ ਸਰਵੇਖਣ ’ਤੇ ਅਧਾਰਿਤ ਸਨ, ਜੋ ਦੁਨੀਆਂ ਦੇ ਦੂਰ-ਦੁਰਾਡੇ ਜੰਗਲਾਂ ਤੱਕ ਸਹੀ ਢੰਗ ਨਾਲ ਪਹੁੰਚ ਹੀ ਨਹੀਂ ਸਕੇ ਸਨ। ਰਿਪੋਰਟ ਮੁਤਾਬਕ ਦੁਨੀਆਂ ਦੇ 24 ਫੀਸਦੀ ਰੁੱਖ ਰੂਸ, ਸਕੈਂਡੀਨੇਵੀਆ ਤੇ ਉੱਤਰੀ ਅਮਰੀਕਾ ਦੇ ਉਪ-ਆਰਕਟਿਕ ਖੇਤਰਾਂ ਵਿੱਚ ਹਨ। ਟਰਾਪੀਕਲ ਤੇ ਸਬ-ਟਰਾਪੀਕਲ ਜੰਗਲਾਂ ਵਿੱਚ ਲਗਭਗ 43 ਫੀਸਦੀ ਰੁੱਖ ਹਨ, ਪਰ ਇਨ੍ਹਾਂ ਹੀ ਖੇਤਰਾਂ ਵਿੱਚ ਰੁੱਖਾਂ ਦੀ ਕਟਾਈ ਦੀ ਰਫ਼ਤਾਰ ਸਭ ਤੋਂ ਵੱਧ ਹੈ। ਭਾਰਤ ਸਮੇਤ ਬ੍ਰਾਜ਼ੀਲ, ਮਿਆਂਮਾਰ, ਇੰਡੋਨੇਸ਼ੀਆ, ਮੈਕਸੀਕੋ, ਕੋਲੰਬੀਆ ਤੇ ਕਈ ਅਫਰੀਕੀ ਦੇਸ਼ਾਂ ਵਿੱਚ ਪਿਛਲੇ 15 ਸਾਲਾਂ ਵਿੱਚ ਵੱਡੇ ਪੱਧਰ ’ਤੇ ਜੰਗਲਾਂ ਦੀ ਤਬਾਹੀ ਦਰਜ ਕੀਤੀ ਗਈ ਹੈ।
ਸਿਰਫ਼ ਬ੍ਰਾਜ਼ੀਲ ਵਿੱਚ ਹੀ 17 ਹਜ਼ਾਰ ਵਰਗ ਕਿਲੋਮੀਟਰ ਜੰਗਲ ਤਬਾਹ ਹੋ ਚੁੱਕੇ ਹਨ। ਭਾਰਤ ਵਿੱਚ ਵੀ ਲਗਭਗ ਚਾਰ ਹਜ਼ਾਰ ਵਰਗ ਕਿਲੋਮੀਟਰ ਜੰਗਲ ਖੇਤਰ ਇਸੇ ਮਿਆਦ ਵਿੱਚ ਖ਼ਤਮ ਹੋ ਚੁੱਕਾ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਜੇਕਰ ਜੰਗਲ ਕਟਾਈ ਦੀ ਇਹ ਰਫ਼ਤਾਰ ਜਾਰੀ ਰਹੀ ਤਾਂ 2030 ਤੱਕ ਦੁਨੀਆਂ ਦੇ 4 ਤੋਂ 8 ਫੀਸਦੀ ਸੰਘਣੇ ਜੰਗਲ ਇਸੇ ਤਰ੍ਹਾਂ ਅਲੋਪ ਹੋ ਜਾਣਗੇ। 2040 ਤੱਕ ਇਹ ਨੁਕਸਾਨ 17 ਤੋਂ 35 ਫੀਸਦੀ ਤੱਕ ਪਹੁੰਚ ਸਕਦਾ ਹੈ। ਇਸ ਤਬਾਹੀ ਦਾ ਇੱਕ ਹੋਰ ਡਰਾਉਣਾ ਪੱਖ ਇਹ ਹੈ ਕਿ ਹਰ ਰੋਜ਼ਾਨਾ ਲਗਭਗ 20 ਤੋਂ 75 ਕੀਮਤੀ ਕਿਸਮਾਂ ਦੇ ਰੁੱਖ ਖ਼ਤਮ ਹੋਣ ਦਾ ਖ਼ਤਰਾ ਹੈ। Brazil Climate Summit
ਇੱਕ ਰੁੱਖ ਆਪਣੇ 50 ਸਾਲਾ ਜੀਵਨ ਵਿੱਚ ਲਗਭਗ 15.70 ਲੱਖ ਰੁਪਏ ਦਾ ਸਿੱਧਾ ਅਤੇ ਅਸਿੱਧਾ ਲਾਭ ਦਿੰਦਾ ਹੈ। ਇਹ ਰੁੱਖ 3 ਲੱਖ ਰੁਪਏ ਮੁੱਲ ਦੀ ਮਿੱਟੀ ਦੀ ਨਮੀ ਬਣਾਈ ਰੱਖਦਾ ਹੈ, 2.5 ਲੱਖ ਰੁਪਏ ਮੁੱਲ ਦੀ ਆਕਸੀਜ਼ਨ ਪੈਦਾ ਕਰਦਾ ਹੈ, 2 ਲੱਖ ਰੁਪਏ ਮੁੱਲ ਦੇ ਬਰਾਬਰ ਪ੍ਰੋਟੀਨ ਸੰਭਾਲਦਾ ਹੈ ਅਤੇ ਲਗਭਗ 5 ਲੱਖ ਰੁਪਏ ਮੁੱਲ ਦਾ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਕੰਟਰੋਲ ਕਰਦਾ ਹੈ। ਪੰਛੀਆਂ, ਜੰਗਲੀ ਜੀਵਾਂ ਤੇ ਕੀੜੇ-ਮਕੌੜਿਆਂ ਨੂੰ ਜੋ ਰਿਹਾਇਸ਼ ਮਿਲਦੀ ਹੈ, ਉਸ ਦਾ ਮੁੱਲ ਵੀ ਲਗਭਗ ਢਾਈ ਲੱਖ ਰੁਪਏ ਮੰਨਿਆ ਗਿਆ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਇਕੱਲਾ ਰੁੱਖ ਵੀ ਪੂਰੇ ਵਾਤਾਵਰਨ ਤੰਤਰ ਨੂੰ ਸੰਤੁਲਿਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸੇ ਲਈ ਸਾਡੇ ਰਿਸ਼ੀ-ਮੁਨੀਆਂ ਨੇ ਰੁੱਖਾਂ ਨੂੰ ਦੇਵਤਾ ਵਰਗਾ ਦਰਜਾ ਦਿੱਤਾ ਅਤੇ ਉਨ੍ਹਾਂ ਦੀ ਸੰਭਾਲ ਨੂੰ ਧਰਮ ਤੇ ਸੰਸਕ੍ਰਿਤੀ ਨਾਲ ਜੋੜ ਕੇ ਸਥਾਈ ਉਪਾਅ ਵਿਕਸਿਤ ਕੀਤੇ। ਭਾਰਤੀ ਪਰੰਪਰਾ ਵਿੱਚ ਕੁਦਰਤ ਪ੍ਰਤੀ ਸਨੇਹ ਤੇ ਸੰਵੇਦਨਸ਼ੀਲਤਾ ਦਾ ਭਾਵ ਹਮੇਸ਼ਾ ਰਿਹਾ ਹੈ। ਪਰ ਆਧੁਨਿਕ ਵਿਕਾਸ ਮਾਡਲ ਨੇ ਕੁਦਰਤ ਨਾਲ ਇਸ ਰਿਸ਼ਤੇ ਨੂੰ ਕਾਫ਼ੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ। ਅੱਜ ਵਿਕਾਸ ਦਾ ਮਤਲਬ ਸੀਮਿੰਟ, ਕੰਕਰੀਟ, ਚੌੜੀਆਂ ਸੜਕਾਂ, ਵੱਡੇ ਸ਼ਹਿਰ ਤੇ ਵਿਸ਼ਾਲ ਉਦਯੋਗ ਬਣ ਗਿਆ ਹੈ, ਜਿਸ ਵਿੱਚ ਜੰਗਲਾਂ ਲਈ ਥਾਂ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਕਾਪ-30 ਵਰਗੇ ਗਲੋਬਲ ਸੰਮੇਲਨਾਂ ਵਿੱਚ ਜਦੋਂ ਜੰਗਲ ਸੰਭਾਲ ਦੀ ਗੱਲ ਹੁੰਦੀ ਹੈ।
ਤਾਂ ਉਮੀਦ ਜਾਗਦੀ ਹੈ ਕਿ ਦੁਨੀਆਂ ਕੁਦਰਤ ਵੱਲ ਨਵੀਂ ਸੋਚ ਅਪਣਾਏਗੀ। ਪਰ ਜਦੋਂ ਉਸੇ ਸੰਮੇਲਨ ਲਈ ਵਿਸ਼ਾਲ ਵਰਖਾ-ਜੰਗਲ ਕੱਟੇ ਜਾਂਦੇ ਹਨ, ਤਾਂ ਇਹ ਵਾਤਾਵਰਨ ਨੈਤਿਕਤਾ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਜੇਕਰ ਵਿਸ਼ਵ ਭਾਈਚਾਰਾ ਸੱਚਮੁੱਚ ਜਲਵਾਯੂ ਸੰਕਟ ਨੂੰ ਰੋਕਣਾ ਚਾਹੁੰਦਾ ਹੈ, ਤਾਂ ਉਸ ਨੂੰ ਸਿਰਫ਼ ਭਾਸ਼ਣਾਂ ਤੇ ਐਲਾਨਾਂ ਤੋਂ ਅੱਗੇ ਵਧ ਕੇ ਅਸਲ ਜ਼ਮੀਨੀ ਕਾਰਵਾਈ ਕਰਨੀ ਪਵੇਗੀ। ਮੂਲ ਸਵਾਲ ਇਹੀ ਹੈ ਕਿ ਰੁੱਖ ਬਚਣਗੇ ਤਾਂ ਵਾਤਾਵਰਨ ਬਚੇਗਾ, ਅਤੇ ਵਾਤਾਵਰਨ ਬਚੇਗਾ ਤਾਂ ਹੀ ਮਨੁੱਖੀ ਸੱਭਿਅਤਾ ਸੁਰੱਖਿਅਤ ਰਹਿ ਸਕੇਗੀ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਪ੍ਰਮੋਦ ਭਾਰਗਵ














