ਆਸਟਰੇਲੀਆ ਸੰਸਦੀ ਚੋਣਾਂ : ਮਨੁੱਖੀ ਮੁੱਦੇ ਹੋਏ ਭਾਰੂ

Astralia

ਆਸਟਰੇਲੀਆ ਸੰਸਦੀ ਚੋਣਾਂ : ਮਨੁੱਖੀ ਮੁੱਦੇ ਹੋਏ ਭਾਰੂ

ਅਸਟਰੇਲੀਆ ਦੀਆਂ ਸੰਸਦੀ ਚੋਣਾਂ ’ਚ ਪ੍ਰਧਾਨ ਮੰਤਰੀ ਸਟਾਕ ਮਾਰੀਸਨ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਲਿਬਰਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਆਗੂ ਐਂਥੋਨੀ ਅਲਬਨੀਜ਼ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਚੋਣ ਨਤੀਜਿਆਂ ਤੋਂ ਬਾਅਦ ਮਾਰੀਸਨ ਨੇ ਪਾਰਟੀ ਦੀ ਹਾਰ ਦੀ ਜਿੰਮੇਵਾਰੀ ਲੈਂਦਿਆਂ ਪਾਰਟੀ ਦੇ ਆਗੂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ ਚੋਣਾਂ ਦੇ ਸ਼ੁਰੂਆਤੀ ਦੌਰ ’ਤੋਂ ਹੀ ਮਾਰੀਸਨ ਦੀ ਪਾਰਟੀ ਕਮਜ਼ੋਰ ਰਹੀ ਵੋਟਿੰਗ ਤੋਂ ਪਹਿਲਾਂ ਆਏ ਚੋਣ ਸਰਵਿਆਂ ’ਚ ਲੇਬਰ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਸੀ।

ਸਰਵੇ ’ਚ ਲੇਬਰ ਪਾਰਟੀ ਨੂੰ 54 ਫੀਸਦੀ ਅਤੇ ਲਿਬਰਲ ਨੈਸ਼ਨਲ ਪਾਰਟੀ ਨੂੰ 46 ਫੀਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਸਨ। ਸ਼ਨਿੱਚਰਵਾਰ ਨੂੰ ਐਲਾਨੇ ਚੋਣ ਨਤੀਜਿਆਂ ਨੇ ਸਰਵੇ ਦੇ ਅੰਦਾਜ਼ਿਆਂ ਨੂੰ ਸੱਚ ਸਾਬਤ ਕਰ ਦਿੱਤਾ। ਪਿਛਲੀਆਂ ਆਮ ਚੋਣਾਂ ਦੇ ਸਰਵੇ ’ਚ ਮਾਰੀਸਨ ਦੀ ਪਾਰਟੀ ਪੱਛੜਦੀ ਹੋਈ ਦਿਖਾਈ ਦੇ ਰਹੀ ਸੀ ਪਰ ਮਾਰੀਸਨ ਤਮਾਮ ਸਰਵੇਖਣਾਂ ਅਤੇ ਐਗਜ਼ਿਟ ਪੋਲ ਦੇ ਅੰਦਾਜਿਆਂ ਨੂੰ ਝੂਠਾ ਸਾਬਤ ਕਰਕੇ ਅਨੋਖੇ ਢੰਗ ਨਾਲ ਜਿੱਤ ਹਾਸਲ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਸਨ ਉਸ ਸਮੇਂ ਉਹ ਬਹੁਤ ਮਾਮੂਲੀ ਫਰਕ ਨਾਲ ਜਿੱਤੇ ਸਨ।

ਇਸ ਵਾਰ ਚੋਣਾਂ ’ਚ ਮਹਿੰਗਾਈ, ਬੇਰੁਜ਼ਗਾਰੀ, ਜਲਵਾਯੂ ਤਬਦੀਲੀ, ਚੀਨੀ ਦਖਲਅੰਦਾਜ਼ੀ ਅਤੇ ਰਾਸ਼ਟਰੀ ਸੁਰੱਖਿਆ ਵਰਗੇ ਮੁੱਦੇ ਹਾਵੀ ਰਹੇ। ਇਸ ਤੋਂ ਇਲਾਵਾ ਚੀਨ-ਸੋਲੋਮਨ ਆਈਲੈਂਡ ਸਮਝੌਤੇ ਦਾ ਮੁੱਦਾ ਵੀ ਚੋਣਾਂ ’ਚ ਛਾਇਆ ਰਿਹਾ। ਦੋਵਾਂ ਪਾਰਟੀਆਂ ਨੇ ਇਸ ਸਮਝੌਤੇ ਨੂੰ ਆਸਟਰੇਲੀਆ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮੱੁਦਾ ਦੱਸ ਕੇ ਇੱਕ-ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਲੇਬਰ ਪਾਰਟੀ ਸੋਲੋਮਨ ਆਈਲੈਂਡਸ ਦੇ ਚੀਨ ਦੇ ਖੇਮੇ ’ਚ ਜਾਣ ਲਈ ਮਾਰੀਸਨ ਸਰਕਾਰ ਨੂੰ ਦੋਸ਼ੀ ਠਹਿਰਾ ਰਹੀ ਸੀ ਪਾਰਟੀ ਦਾ ਦੋਸ਼ ਸੀ ਕਿ ਮਾਰੀਸਨ ਵਿਦੇਸ਼ ਨੀਤੀ ਦੇ ਮੋਰਚੇ ’ਤੇ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਪਾਰਟੀ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਚੀਨ ਸੋਲੋਮਨ ਆਈਲੈਂਡ ਨਾਲ ਸੁਰੱਖਿਆ ਸਮਝੌਤਾ ਕਰਨ ’ਚ ਕਾਮਯਾਬ ਹੋਇਆ ਹੈ।

ਪਾਰਟੀ ਦਾ ਰੁਖ ਚੀਨ ਪ੍ਰਤੀ ਨਰਮ

ਲੇਬਰ ਪਾਰਟੀ ਵੋਟਰਾਂ ਨੂੰ ਇਹ ਸਮਝਾਉਣ ’ਚ ਕਾਮਯਾਬ ਰਹੀ ਕਿ ਆਸਟਰੇਲੀਆ ਦੀ ਸੀਮਾ ਨਾਲ ਲੱਗਦੇ ਦੇਸ਼ ਨਾਲ ਸੁਰੱਖਿਆ ਸਮਝੌਤਾ ਕਰਕੇ ਚੀਨ ਨੇ ਆਸਟਰੇਲੀਆ ਦੀ ਸੁਰੱਖਿਆ ਨੂੰ ਸੰਕਟ ’ਚ ਪਾ ਦਿੱਤਾ ਹੈ। ਜਦੋਂਕਿ ਦੂਜੇ ਪਾਸੇ ਲਿਬਰਲ ਪਾਰਟੀ ਦਾ ਦੋਸ਼ ਸੀ ਕਿ ਲੇਬਰ ਪਾਰਟੀ ਦਾ ਰੁਖ ਚੀਨ ਪ੍ਰਤੀ ਨਰਮ ਹੈ। ਪਾਰਟੀ ਦੇ ਹਿੱਤ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਹਨ, ਅਤੇ ਦੇਸ਼ ਦੇ ਮੁੱਖ ਆਗੂ ਚੀਨ ਦੇ ਸੰਪਰਕ ’ਚ ਹਨ ਪਾਰਟੀ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਲੇਬਰ ਪਾਰਟੀ ਦੇ ਉਪ ਆਗੂ ਰਿਚਰਡ ਮਾਰਲੇਸ ਪਿਛਲੇ ਪੰਜ ਸਾਲਾਂ ’ਚ ਦਸ ਵਾਰ ਚੀਨ ਸਰਕਾਰ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਲਿਬਰਲ ਪਾਰਟੀ ਨੇ ਚੀਨ ’ਤੇ ਚੋਣ ਪ੍ਰਕਿਰਿਆ ’ਚ ਦਖਲਅੰਦਾਜ਼ੀ ਕਰਕੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਵੀ ਲਾਇਆ ਸੀ।

ਚੋਣਾਂ ਤੋਂ ਸਿਰਫ਼ ਕੁਝ ਹੀ ਘੰਟੇ ਪਹਿਲਾਂ ਮਾਰੀਸਨ ਦੇ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਇਸ ਗੱਲ ਦੇ ਸਬੂਤ ਹਨ ਕਿ ਚੀਨ ਦੀ ਕਮਿਊਨਿਸਟ ਪਾਰਟੀ ਆਸਟਰੇਲੀਆ ’ਚ ਸੱਤਾ ਪਰਿਵਰਤਨ ਕਰਕੇ ਕੇਂਦਰ ’ਚ ਲੇਬਰ ਪਾਰਟੀ ਨੂੰ ਲਿਆਉਣ ਦਾ ਯਤਨ ਕਰ ਰਹੀ ਹੈ। ਕੁੱਲ ਮਿਲਾ ਕੇ ਲਿਬਰਲ ਪਾਰਟੀ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਪਾਰਟੀ ਦਾ ਇਹ ਦਾਅ ਕਾਰਗਰ ਨਹੀਂ ਹੋਇਆ, ਹਾਂ, ਲੇਬਰ ਪਾਰਟੀ ਸੋਲੋਮਨ ਆਈਲੈਂਡਸ ਦੇ ਮੁੱਦੇ ’ਤੇ ਹਮਲਾਵਰ ਰੁਖ਼ ਅਪਣਾ ਕੇ ਸੱਤਾਧਾਰੀ ਪਾਰਟੀ ਨੂੰ ਹਾਸ਼ੀਏ ’ਤੇ ਧੱਕਣ ’ਚ ਜ਼ਰੂਰ ਕਾਮਯਾਬ ਰਹੀ।

ਦਰਅਸਲ, ਅਪਰੈਲ ਦੇ ਦੂਜੇ ਹਫ਼ਤੇ ’ਚ ਚੀਨ ਨੇ ਪ੍ਰਸ਼ਾਂਤ ਮਹਾਂਸਾਗਰ ’ਚ ਸਥਿਤ ਸੋਲੋਮਨ ਆਈਲੈਂਡ ਨਾਲ ਇੱਕ ਸੁਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਤੋਂ ਬਾਅਦ ਚੀਨ ਜੰਗੀ ਦਿ੍ਰਸ਼ਟੀ ਨਾਲ ਮਹੱਤਵਪੂਰਨ ਇਸ ਆਈਲੈਂਡ ਦੀ ਵਰਤੋਂ ਫੌਜੀ ਅੱਡੇ ਦੇ ਰੂਪ ’ਚ ਕਰ ਸਕੇਗਾ। ਸਮਝੌਤੇ ਦੇ ਤਹਿਤ ਜੰਗ ਅਤੇ ਦੂਜੀ ਐਮਰਜੈਂਸੀ ਸਥਿਤੀ ’ਚ ਚੀਨ ਆਪਣੇ ਜੰਗੀ ਜਹਾਜ਼ਾਂ ਲਈ ਸੋਲੋਮਨ ਦੇ ਕੰਢੇ ਦਾ ਇਸਤੇਮਾਲ ਕਰ ਸਕੇਗਾ। ਇਸ ਤੋਂ ਇਲਾਵਾ ਆਈਲੈਂਡਸ ਦੇ ਅੰਦਰ ਜਦੋਂ ਕਦੇ ਵੀ ਹਿੰਸਾ ਅਤੇ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਚੀਨ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਲਈ ਇੱਥੇ ਸੁਰੱਖਿਆ ਬਲ ਭੇਜ ਸਕਦਾ ਹੈ। ਪਿਛਲੇ ਸਾਲ ਨਵੰਬਰ ’ਚ ਜਦੋਂ ਰਾਜਧਾਨੀ ਹੋਨਿਆਰਾ ’ਚ ਦੰਗੇ ਹੋਏ ਤਾਂ ਦੰਗਿਆਂ ਨੂੰ ਰੋਕਣ ਲਈ ਆਸਟਰੇਲੀਆ ਨੇ ਸੁਰੱਖਿਆ ਬਲ ਭੇਜੇ ਸਨ। ਤਾਜ਼ਾ ਸਮਝੌਤੇ ਤੋਂ ਬਾਅਦ ਹੁਣ ਚੀਨ ਨੂੰ ਵੀ ਉੱਥੇ ਸੁਰੱਖਿਆ ਬਲ ਭੇਜਣ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ ਜਦੋਂਕਿ, ਅਸਟਰੇਲੀਆ ਨੇ ਆਖਰੀ ਸਮੇਂ ਤੱਕ ਸਮਝੌਤੇ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆਈਲੈਂਡਸ ਦੇ ਪ੍ਰਧਾਨ ਮੰਤਰੀ ਮਾਨਾਸੇ ਸੋਗੋਵਾਰੇ ਇਸ ਲਈ ਤਿਆਰ ਨਹੀਂ ਹੋਏ ਆਸਟਰੇਲੀਆ ਸੋਲੋਮਨ ਆਈਲੈਂਡਸ ਨੂੰ ਸਭ ਤੋਂ ਜ਼ਿਆਦਾ ਮੱਦਦ ਦੇਣ ਵਾਲੇ ਦੇਸ਼ਾਂ ’ਚ ਸ਼ਾਮਲ ਹੈ।

ਅਜਿਹੇ ’ਚ ਸਵਾਲ ਇਹ ੳੱੁਠਦਾ ਹੈ ਕਿ ਆਸਟਰੇਲੀਆਈ ਮੱਦਦ ਦੀ ਅਣਦੇਖੀ ਕਰਕੇ ਸੋਲੋਮਨ ਆਈਲੈਂਡ ਚੀਨੀ ਖੇਮੇ ’ਚ ਕਿਵੇਂ ਗਿਆ। ਇਸ ਸਮਝੌਤੇ ਤੋਂ ਬਾਅਦ ਪ੍ਰਸ਼ਾਂਤ ਪੈਸੀਫ਼ਿਕ ਰੀਜ਼ਨ ’ਚ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ਨੂੰ ਬਲ ਮਿਲੇਗਾ ਸਮਝੌਤੇ ਨਾਲ ਨਾ ਸਿਰਫ਼ ਆਸਟਰੇਲੀਆ ਬਲਕਿ ਪੱਛਮੀ ਦੇਸ਼ਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ੳੱੁਭਰ ਆਈਆਂ ਹਨ।

ਆਸਟਰੇਲੀਆ ਦੇ ਜਲ ਖੇਤਰ ’ਚ ਚੀਨੀ ਜਹਾਜ਼ ਪ੍ਰਵੇਸ਼ ਕਰ ਚੁੱਕੇ ਹਨ

ਵਿਦੇਸ਼ ਨੀਤੀ ਦੇ ਮੋਰਚੇ ’ਤੇ ਮਾਰੀਸਨ ਦੀ ਇਸ ਨਾਕਾਮੀ ਨੂੰ ਲੇਬਰ ਪਾਰਟੀ ਨੇ ਚੋਣਾਂ ’ਚ ਮੁੱਖ ਹਥਿਆਰ ਦੇ ਰੂਪ ’ਚ ਇਸਤੇਮਾਲ ਕੀਤਾ। ਇਸ ਨਾਲ ਸੱਤਾਧਾਰੀ ਗਠਜੋੜ ਬੈਕਫੱੁਟ ’ਤੇ ਆ ਗਿਆ ਸੀ। ਹਾਲਾਂਕਿ, ਮਾਰੀਸਨ ਦੇ ਰੱਖਿਆ ਮੰਤਰੀ ਪੀਟਰ ਡੂਟਨ ਨੇ ਚੋਣਾਂ ਤੋਂ ਠੀਕ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਚੋਣਾਂ ’ਚ ਪਾਰਟੀ ਦੀ ਵਾਪਸੀ ਦੀ ਕੋਸ਼ਿਸ ਕੀਤੀ ਸੀ ਪਰ ਇਹ ਕੋਸ਼ਿਸ਼ ਵੀ ਕਾਮਯਾਬ ਨਹੀਂ ਹੋਈ ਰੱਖਿਆ ਮੰਤਰੀ ਨੇ ਪ੍ਰੈਸ ਕਾਨਫਰੰਸ ’ਚ ਆਸਟਰੇਲੀਆ ਦੇ ਕੰਢੇ ’ਤੇ ਚੀਨ ਦੇ ਜਾਜੂਸੀ ਜਹਾਜ਼ ਦੇੇਖੇ ਜਾਣ ਦਾ ਦਾਅਵਾ ਕੀਤਾ ਸੀ। ਰੱਖਿਆ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਆਸਟਰੇਲੀਆ ਦੇ ਜਲ ਖੇਤਰ ’ਚ ਚੀਨੀ ਜਹਾਜ਼ ਪ੍ਰਵੇਸ਼ ਕਰ ਚੁੱਕੇ ਹਨ ਰੱਖਿਆ ਮੰਤਰੀ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਹੈ ਇਸ ਲਈ ਮਾਰੀਸਨ ਵਰਗੇ ਆਗੂ ਨੂੰ ਮੁੜ ਸੱਤਾ ’ਚ ਆਉਣਾ ਚਾਹੀਦਾ ਹੈ।

ਪ੍ਰਸ਼ਾਂਤ ਪੈਸੀਫ਼ਿਕ ਰੀਜ਼ਨ ’ਚ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ਦੇ ਚੱਲਦਿਆਂ ਪਿਛਲੇ ਕੁਝ ਸਮੇਂ ਤੋਂ ਚੀਨ ਅਤੇ ਆਸਟਰੇਲੀਆ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ। ਨਵੰਬਰ 2020 ’ਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਉਸ ਸਮੇਂ ਹੋਰ ਜ਼ਿਆਦਾ ਵਧ ਗਿਆ। ਜਦੋਂ ਅਸਟਰੇਲੀਆ ਨੇ ਯੂਰਪ ਦੇ ਬਾਕੀ ਦੇਸ਼ਾਂ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਸੀ। ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਅਤੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਪਿਛਲੇ ਕੁਝ ਸਮੇਂ ਤੋਂ ਮਾਰੀਸਨ ਅਮਰੀਕਾ ਸਮੇਤ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਸੰਪਰਕ ਵਧਾ ਰਹੇ ਹਨ। ਸਤੰਬਰ 2021 ’ਚ ਆਸਟਰੇਲੀਆ, ਯੂਕੇ ਅਤੇ ਅਮਰੀਕਾ ਨਾਲ ਆਕਸ ਸਮਝੌਤੇ ’ਚ ਸ਼ਾਮਲ ਹੋਇਆ ਹੈ। ਸਮਝੌਤੇ ’ਚ ਸ਼ਾਮਲ ਹੋਣ ਤੋਂ ਬਾਅਦ ਉਸ ਨੂੰ ਅਮਰੀਕਾ ਵੱਲੋਂ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਮਿਲਣਗੀਆਂ। ਇਸ ਤੋਂ ਇਲਾਵਾ ਉਹ ਭਾਰਤ, ਜਾਪਾਨ ਅਤੇ ਅਮਰੀਕਾ ਦੇ ਨਾਲ ਕਵਾਡ ਨਾਲ ਵੀ ਜੁੜਿਆ ਹੋਇਆ ਹੈ।

ਹਾਲਾਂਕਿ, ਮਾਰੀਸਨ ਰੂੜੀਵਾਦੀ ਹਨ ਕਲਾਈਮੇਟ ਚੇਂਜ ਦੀ ਸਮੱਸਿਆ ਨੂੰ ਹਲਕੇ ’ਚ ਲੈਣ ਲਈ ਯੂਰਪ ਦੇ ਅੰਦਰ ਉਨ੍ਹਾਂ ਦੀ ਆਲੋਚਨਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਪਿਛਲੇ ਸਮੇਂ ’ਚ ਉਨ੍ਹਾਂ ਨੇ ਜਿਸ ਤਰ੍ਹਾਂ ਚੀਨ ਦੀ ਚੁਣੌਤੀ ਅਤੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਆਸਟਰੇਲੀਆ ਨੂੰ ਵਿਦੇਸ਼ ਤੇ ਘਰੇਲੂ ਮੋਰਚਿਆਂ ’ਤੇ ਅੱਗੇ ਵਧਾਇਆ ਹੈ। ਬਿਨਾਂ ਸ਼ੱਕ ਉਹ ਸ਼ਲਾਘਾਯੋਗ ਹੈ ਪਰ ਆਸਟਰੇਲੀਆ ਦੇ ਚੋਣ ਇਤਿਹਾਸ ’ਚ ਇੱਕ ਤੱਥ ਇਹ ਵੀ ਹੈ ਕਿ ਸਾਲ 2007 ਤੋਂ ਬਾਅਦ ਕੋਈ ਵੀ ਪ੍ਰਧਾਨ ਮੰਤਰੀ ਲਗਾਤਾਰ ਦੂਜੀ ਵਾਰ ਸੱਤਾ ’ਚ ਨਹੀਂ ਆਇਆ ਹੈ। ਇਤਿਹਾਸਕ ਰਿਕਾਰਡ ਅਤੇ ਮੌਜੂਦਾ ਸੰਕਟ ਦੇ ਬਾਵਜੂਦ ਮਾਰੀਸਨ ਚੋਣਾਂ ਜਿੱਤ ਜਾਂਦੇ ਤਾਂ ਇਹ ਚਮਤਕਾਰ ਹੀ ਹੁੰਦਾ। ਆਸਟਰੇਲੀਅਨਸ ਨੂੰ ਸ਼ਾਇਦ ਇਸ ਚਮਤਕਾਰ ਦੀ ਜ਼ਰੂਰਤ ਨਹੀਂ ਸੀ।

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ