ਮੁੱਖ ਮੰਤਰੀ ਬਾਦਲ ‘ਤੇ ਸੁੱਟੀ ਜੁੱਤੀ

-ਸੁਰੱਖਿਆ ਮੁਲਾਜ਼ਮਾਂ ਵੱਲੋਂ ਹਮਲਾਵਰ ਕਾਬੂ

ਮੇਵਾ ਸਿੰਘ ਲੰਬੀ। ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ (ਛੋਟਾ) ਵਿਖੇ ਚੋਣਾਵੀਂ ਭਾਸ਼ਣ ਦੇ ਰਹੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲ ਇੱਕ ਵਿਅਕਤੀ ਨੇ ਜੁੱਤੀ ਵਗਾਹ ਮਾਰੀ (attack), ਜੋ ਮੁੱਖ ਮੰਤਰੀ ਦੀ ਐਨਕ ‘ਤੇ ਵੱਜਣ ਨਾਲ ਐਨਕ ਦਾ ਸ਼ੀਸ਼ਾ ਟੁੱਟਣਾ ਦੱਸਿਆ ਜਾ ਰਿਹਾ ਹੈ ਹਮਲਾ ਕਰਨ ਵਾਲਾ ਵਿਅਕਤੀ ਗੁਰਬਚਨ ਸਿੰਘ, ਜੋ ਇਸੇ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਇਸ ਵਕਤ ਅਬੋਹਰ ਰਹਿ ਰਿਹਾ ਹੈ ਇਸ ਮੌਕੇ ਮੌਜ਼ੂਦ ਸੁਰੱਖਿਆ ਏਜੰਸੀਆਂ ਨੇ ਘਟਨਾ ਤੋਂ ਬਾਅਦ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਜੋ ਹਲਕਾ ਲੰਬੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਨ, ਤੇ ਪਿਛਲੇ 3 ਦਿਨਾਂ ਤੋਂ ਹਲਕਾ ਲੰਬੀ ਦੇ ਪਿੰਡਾਂ ਵਿਚ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ, ਅੱਜ ਵੀ ਆਪਣੇ ਚੋਣਾਵੀਂ ਦੌਰੇ ਦੌਰਾਨ ਪਿੰਡ ਰੱਤਾਖੇੜਾ ਵਿਖੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਸੂਤਰਾਂ ਅਨੁਸਾਰ ਆਪਣੇ ਭਾਸ਼ਣ ਦੌਰਾਨ ਜਦੋਂ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ‘ਤੇ ਇਹ ਦੋਸ਼ ਲਾਏ ਕਿ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ 1984 ਵਿੱਚ ਫੌਜੀ ਹਮਲਾ ਕਰਵਾਇਆ ਤੇ ਫਿਰ ਦਿੱਲੀ ਵਿੱਚ 1984 ਵਿੱਚ ਕਾਂਗਰਸੀ ਨੇਤਾਵਾਂ ਦੀ ਅਗਵਾਈ ਵਿਚ ਭੀੜ ਵੱਲੋਂ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

-ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਹਨ ਸਾਂਝੇ ਉਮੀਦਵਾਰ

ਤਾਂ ਗੁਰਬਚਨ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਮੁੱਖ ਮੰਤਰੀ ਵੱਲ ਜੁੱਤੀ ਵਗਾਹ ਮਾਰੀ ਸੂਤਰਾਂ ਅਨੁਸਾਰ ਉਕਤ ਵਿਅਕਤੀ ਕਹਿ ਰਿਹਾ ਸੀ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਪੰਜਾਬ ਅੰਦਰ ਬੇਅਦਬੀ ਦੀਆਂ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ  ਪਰ ਉਕਤ ਘਟਨਾਵਾਂ ਲਈ ਜਿੰਮੇਵਾਰ ਵਿਅਕਤੀਆਂ ਨੂੰ ਫੜਨਾਂ ਤਾਂ ਇਕ ਪਾਸੇ ਅਜੇ ਤੱਕ ਉਨ੍ਹਾਂ ਦੀ ਪਛਾਣ ਤੱਕ ਨਹੀਂ ਹੋ ਸਕੀ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਅਮਰੀਕ ਸਿੰਘ ਅਜਨਾਲਾ ਜਿਸ ਨੂੰ ਗਰਮ ਦਲੀਆਂ ਵੱਲੋਂ ਸੱਦੇ ਸਰਬਤ ਖਾਲਸਾ ਵਿਚ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਥਾਪਿਆ ਹੈ ਦਾ ਰਿਸਤੇਦਾਰ ਹੈ। ਜਿਕਰਯੋਗ ਹੈ ਕਿ ਕਰੀਬ 2 ਦਿਨ ਪਹਿਲਾਂ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹਮਲਾ ਹੋ ਗਿਆ ਸੀ, ਜਿਸ ਨਾਲ ਕਾਫ਼ਲੇ ਦੀਆਂ ਕਈ ਗੱਡੀਆਂ ਨੁਕਸਾਨੀਆਂ ਗਈਆਂ ਸਨ ਤੇ ਹੁਣ ਮੁੱਖ ਮੰਤਰੀ ਨੇ ਇਹ ਹਮਲਾ ਹੋਇਆ ਹੈ।

ਘਟਨਾ ਪਿੱਛੇ ਸਿਆਸੀ ਵਿਰੋਧੀਆਂ ਦਾ ਹੱਥ: ਬਾਦਲ

ਇਸ ਘਟਨਾ ਸਬੰਧੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡ ਛਾਪਿਆਂਵਾਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਤੇ ਇਸ ਘਟਨਾ ਪਿੱਛੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦਾ ਹੱਥ ਹੋ ਸਕਦਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਉਨ੍ਹਾਂ ਦੀ ਐਨਕ ਦਾ ਸ਼ੀਸ਼ਾ ਨਹੀਂ ਟੁੱਟਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ