Atrocities Women: ਔਰਤਾਂ ਉੱਤੇ ਅੱਤਿਆਚਾਰ ਅਤੇ ਨਿਆਂ ਦੀ ਦਸ਼ਾ

Atrocities Women
Atrocities Women: ਔਰਤਾਂ ਉੱਤੇ ਅੱਤਿਆਚਾਰ ਅਤੇ ਨਿਆਂ ਦੀ ਦਸ਼ਾ

Atrocities Women: ਅੱਜ ਔਰਤਾਂ ’ਤੇ ਜ਼ੁਲਮ ਦੀ ਕਹਾਣੀ ਉਸ ਮੁਕਾਮ ’ਤੇ ਹੈ ਜਿੱਥੇ ਉਨ੍ਹਾਂ ਦਾ ਜਿਉਣਾ ਆਪਣੇ-ਆਪ ਲਈ ਚੁਣੌਤੀਪੂਰਨ ਹੋ ਚੁੱਕਾ ਹੈ। ਅਸੀਂ 21ਵੀਂ ਸਦੀ ਵਿੱਚ ਪਹੁੰਚ ਕੇ ਆਪਣੀ ਮਾਨਸਿਕਤਾ ਨੂੰ ਨਹੀਂ ਬਦਲਿਆ ਦਿਖਾਵੇ ਲਈ ਜ਼ਰੂਰ ਸਭ ਅਗਾਂਹਵਧੂ ਸਮਾਜ ਦੇ ਬਾਸ਼ਿੰਦੇ ਹਾਂ ਪਰ ਔਰਤਾਂ ਦੀ ਅਜਾਦੀ ਪ੍ਰਤੀ ਸਾਡੀ ਮਾਨਸਿਕਤਾ ਦਾ ਘੇਰਾ ਵਿਸ਼ਾਲ ਨਾ ਹੋ ਸਕਿਆ, ਜਿਸ ਕਾਰਨ ਅਜੋਕੇ ਸਮੇਂ ਦੌਰਾਨ ਘਰੇਲੂ ਹਿੰਸਾ, ਤਲਾਕ, ਦਾਜ-ਦਹੇਜ, ਛੇੜਛਾੜ, ਐਸਿਡ ਅਟੈਕ, ਦੁਰਾਚਾਰ ਇੱਥੋਂ ਤੱਕ ਕਿ ਆਪਣੇ ਜ਼ੁਲਮਾਂ ਨੂੰ ਛੁਪਾਉਣ ਜਾਂ ਹਾਉਮੈ ਨੂੰ ਪੱਠੇ ਪਾਉਂਦਿਆਂ ਜਾਨੋਂ ਮਾਰਨ ਤੱਕ ਤੋਂ ਵੀ ਨਹੀਂ ਡਰਦੇ।

Read This : Welfare Work: ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਸਾਧ-ਸੰਗਤ ਨੇ ਕੀਤੀ ਆਰਥਿਕ ਮੱਦਦ

ਔਰਤਾਂ ਦੇ ਖਿਲਾਫ ਅਪਰਾਧਾਂ ਦੇ ਮਾਮਲਿਆਂ ਵਿੱਚ ਤੇਜ ਨਿਆਂ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਸੰਮੇਲਨ ਦੀ ਚੰਗੀ ਪਹਿਲ ਹੈ। ਪਰ ਘਟਨਾਵਾਂ ਰੁਕਣ ਦੀ ਵਜਾਇ ਹੋਰ ਵੀ ਵਧ ਰਹੀਆਂ ਹਨ। ਕਲਕੱਤਾ ਦੀ ਲੇਡੀ ਟਰੇਨੀ ਡਾਕਟਰ ਨਾਲ ਜਬਰ-ਜਨਾਹ ਪਿੱਛੋਂ ਹੱਤਿਆ, ਦੇਹਰਾਦੂਨ ਵਿੱਚ ਨਬਾਲਗ ਨਾਲ ਜਬਰ-ਜਨਾਹ, ਜੋਧਪੁਰ ਵਿਚ ਤਿੰਨ ਸਾਲ ਦੀ ਬੱਚੀ ਤੇ ਬੈਂਗਲੁਰੂ ਵਿਚ ਵਿਦਿਆਰਥਣ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਦਾਲਤੀ ਕੇਸਾਂ ਦੀ ਪ੍ਰਕਿਰਿਆ ਏਨੀ ਲੰਮੀ ਹੈ ਕਿ ਪੀੜਤ ਇਨਸਾਫ ਤੋਂ ਹਾਰ ਕੇ ਬੈਠ ਜਾਂਦੇ ਹਨ।

ਜਦੋਂਕਿ ਪੁਰਾਤਨ ਸਮੇਂ ਵਿੱਚ ਇਹ ਸ਼ੋਸ਼ਣ ਬਾਲ ਵਿਆਹ, ਬਹੁ-ਵਿਆਹ, ਦਾਸੀ ਤੇ ਸਤੀ ਪ੍ਰਥਾ ਵਰਗੀਆਂ ਰੂੜੀਵਾਦੀ ਰੀਤ ਕਾਰਨ ਹੰਢਾਉਂਦੀਆਂ ਸਨ ਭਾਵੇਂ ਬਿ੍ਰਟਿਸ਼ ਸਾਮਰਾਜ ਦੇ ਕਾਨੂੰਨਾਂ ਨੇ ਇਸ ਨੂੰ ਰੋਕਣ ਦੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਪਰ ਧਰਮ ਜਾਂ ਜਾਤੀ ਠੇਕੇਦਾਰਾਂ ਨੇ ਸਫਲ ਨਾ ਹੋਣ ਦਿੱਤਾ ਭਾਰਤੀ ਸੰਵਿਧਾਨ ਤੇ ਦੂਸਰੇ ਕਾਨੂੰਨਾਂ ਨੇ ਔਰਤਾਂ ਨੂੰ ਬਿਨਾ ਕਿਸੇ ਲਿੰਗ ਆਧਾਰ ਤੋਂ ਬਰਾਬਰ ਕੰਮ, ਤਨਖਾਹ, ਸਮਾਜਿਕ ਰੁਤਬਾ ਤੇ ਅਜਾਦੀ ਲਈ ਲੋੜੀਂਦੇ ਨਿਯਮ ਦਿੱਤੇ ਹਨ। ਅੱਜ ਦੇ ਤਕਨੀਕੀ ਯੁੱਗ ਵਿੱਚ ਔਰਤਾਂ ਉੱਪਰ ਹਿੰਸਾ ਦਾ ਵਧਣਾ ਹੋਰ ਸ਼ਰਮਨਾਕ ਹੈ ਜਦੋਂ ਹਰ ਖੇਤਰ ਵਿੱਚ ਭਾਰਤੀ ਔਰਤਾਂ ਮਰਦਾਂ ਦੇ ਬਰਾਬਰ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾ ਰਹੀਆਂ ਹਨ। ਆਏ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨਾਲ ਮਹਿਲਾ ਸਰੀਰਕ ਸ਼ੋਸ਼ਣ ਦੀ 90.1 ਫੀਸਦੀ ਦਰ ਕਰਕੇ ਪੰਜਵੇਂ ਤੇ ਖਤਰਨਾਕ ਦੇਸ਼ਾਂ ਦੀ ਲਿਸਟ ਵਿੱਚ ਛੇਵੇਂ ਨੰਬਰ ’ਤੇ ਖੜ੍ਹਾ ਕਰ ਦਿੱਤਾ।

ਜਿਸ ਕਾਰਨ ਦੂਜੇ ਮੁਲਕ ਦੇ ਲੋਕ ਤਾਂ ਸਹਿਮੇ ਹੀ ਹੋਏ ਹਨ ਭਾਰਤ ਦੀਆਂ ਔਰਤਾਂ ਵੀ ਖੌਫ ਦੇ ਸਾਏ ਹੇਠ ਜਿਉਂ ਰਹੀਆਂ ਹਨ ਉੁਪਰੋਂ ਗੈਰ ਵਿਗਿਆਨਕ ਸੋਚ, ਖਾਪ ਪੰਚਾਇਤਾ, ਢੋਗੀ ਲੋਕਾਂ ਤੇ ਕਾਨੂੰਨੀ ਪਹੁੰਚ ਤੋ ਸੱਖਣੀ ਕਾਰਜਸ਼ੈਲੀ ਨੇ ਜ਼ੁਲਮਾਂ ਵਿੱਚ ਹੋਰ ਵਾਧਾ ਕਰ ਦਿੱਤਾ । ਜੇਕਰ ਪਾਰਲੀਮੈਂਟ ਸੈਸ਼ਨ ਮਹਿਲਾਵਾਂ ਪ੍ਰਤੀ ਸਖਤ ਜਾਂ ਨਰਮ ਕਾਨੂੰਨਾਂ ਦੀ ਬਹਿਸ ਵਿੱਚ ਸਮਾਂ ਤੇ ਪੈਸਾ ਬਰਬਾਦ ਕਰਨ ਨਾਲੋਂ ਸੁਰੱਖਿਆ ਵਿਵਸਥਾ ਤੇ ਨਿਆਂ ਪ੍ਰਾਣਾਲ਼ੀ ਨੂੰ ਸੁਚੱਜੇ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਵੀ ਹਿੰਸਕ ਹਨੇ੍ਹਰੀ ਨੂੰ ਠੱਲ੍ਹਿਆ ਜਾ ਸਕਦਾ ਹੈ। ਔਰਤਾਂ ਨੂੰ ਕਮਜ਼ੋਰ ਜਾਂ ਦੂਜਿਆਂ ਆਸਰੇ ਤਰੱਕੀ ਕਰਨ ਵਾਲਾ ਵਰਗ ਹੀ ਸਮਝਿਆ ਗਿਆ।

ਬਦਲੇ ਜਮਾਨੇ ਦੀ ਔਰਤ ਨੇ ਜਦੋਂ ਅਵਾਜ਼ ਉਠਾਉਣ ਦੀ ਜੁਰਅੱਤ ਕੀਤੀ ਤਾਂ ਹਾਉਮੈ ਭਰੇ ਸਮਾਜ ਨੇ ਦਬਾਉਣ ਲਈ ਉਨ੍ਹਾਂ ਦੀ ਉਮਰ ਤੇ ਸਥਾਨਕ ਮਰਿਆਦਾ ਦਾ ਫਰਕ ਵੀ ਅੱਖੋਂ ਓਹਲੇ ਕਰ ਦਿੱਤਾ ਜਿਸ ਕਾਰਨ ਅੱਜ ਛੋਟੀ ਬੱਚੀ ਤੋਂ ਲੈ ਕੇ ਬਜੁਰਗ ਔਰਤਾਂ ਵੀ ਦਿਨ-ਦਿਹਾੜੇ ਇਸ ਵਹਿਸ਼ੀਪਣ ਦਾ ਸ਼ਿਕਾਰ ਹੋ ਰਹੀਆਂ ਹਨ । ਮਾਨਸਿਕ ਨਿਵਾਣ ਕਾਰਨ ਘਰਾਂ ਵਿੱਚ ਵਾਪਰੀ ਹਿੰਸਾ ਦਾ ਹੀ ਅਗਲਾ ਰੂਪ ਦਫਤਰਾਂ, ਪਬਲਿਕ ਟਰਾਂਸਪੋਰਟ, ਸਕੂਲ, ਕਾਲਜ ਤੋਂ ਇਲਾਵਾ ਬੇਖੌਫ ਵਾਪਰੇ ਨਿਰਭਇਆ, ਮੁਰਥਲ, ਪੰਜਾਬ ਦਾ ਕਿਰਨਜੀਤ ਕਾਂਡ ਤੇ ਤਾਜੇ ਵਾਪਰੇ ਆਂਧਰਾ ਪ੍ਰਦੇਸ਼ ਵਿੱਚ ਲੇਡੀ ਡਾਕਟਰ ਨਾਲ ਘਿਨੌਣੇ ਕਾਂਡ ਤੋਂ ਬਾਅਦ ਅਗਨ ਭੇਟ ਕਰਨਾ ਹਿੰਸਾ ਦਾ ਸਿਖਰ ਹੈ ਵਿਡੰਬਨਾ ਇਹ ਹੈ ਕਿ ਹਰ ਅਜਿਹੀ ਘਟਨਾ ਪਿੱਛੋਂ ਲੋਕ ਏਕਤਾ ਦੀ ਲਹਿਰ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਉਣ ਵਿਚ ਸਫਲ ਹੋ ਜਾਵੇਗੀ।

ਪਰ ਕੀ ਅਸੀਂ ਇਸ ਨਾਲ ਅਜਿਹੇ ਦੁਸ਼ਟ ਕਰਮ ਆਉਣ ਵਾਲੇ ਸਮੇਂ ਵਿੱਚ ਰੋਕ ਸਕਾਂਗੇ ਜੋ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਦੇਸ਼ ਅੰਦਰ ਫੈਲੇ ਇਸ ਜ਼ੁਲਮ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕਣ ਦੀ ਲੋੜ ਹੈ । ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਤਲਿਸਮੀ ਦੁਨੀਆ ਵਿੱਚੋਂ ਬਾਹਰ ਕੱਢਣ ਲਈ ਪੂਰਨ ਪਬੰਦੀ ਦੀ ਪਹਿਲ ਜਰੂਰੀ ਹੈ ਜਿਸ ਕਾਰਨ ਘਟਨਾਵਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸਿਆਸੀ ਨੇਤਾ ਅਜਿਹੀਆਂ ਘਟਨਾਵਾਂ ਦੀਆਂ ਲੋਕ ਲਹਿਰਾਂ ਨੂੰ ਹਾਈਜੈਕ ਕਰਨ ਨਾਲੋਂ ਸਮਾਜ ਪ੍ਰਤੀ ਜਿੰਮੇਵਾਰੀਆਂ ਵੱਲ ਧਿਆਨ ਦੇਣ ਜਿਸ ਲਈ ਉਨ੍ਹਾਂ ਨੂੰ ਚੁਣਿਆ ਤੇ ਲੋਕਾਂ ਦੇ ਪੈਸੈ ਨਾਲ ਸੱਤਾ ਦਾ ਅਨੰਦ ਮਾਣ ਰਹੇ ਹਨ।

ਵਿਭਾਗਾਂ ਦੀਆਂ ਲਗਾਮਾਂ ਹੀ ਕੱਸ ਕੇ ਰੱਖਣ ਨਾਲ ਪਤਾ ਨਹੀਂ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਬਾਅਦ ਵਿੱਚ ਦਿਖਾਵੇ ਦੀ ਬਰਖਾਸਤੀ ਘਟਨਾ ਲਈ ਮੱਲ੍ਹਮ ਦੇ ਤੁੱਲ ਵੀ ਨਹੀਂ। ਜਿਹੜੇ ਵੋਟਾਂ ਸਮੇਂ ਬੜੇ ਉੱਚ ਵਿਚਾਰਾਂ ਨਾਲ ਔਰਤਾਂ ਦੀ ਰਾਖੀ, ਪੜ੍ਹਾਈ, ਰੁਜ਼ਗਾਰ ਦੇ ਫੱਫੇ ਕੁੱਟਦੇ ਹਨ ਚੋਣਾਵੀ ਦੰਗਲ ਮਗਰਂੋ ਗਿਰਝ ਦੀ ਅਸਮਾਨੀ ਉਡਾਰੀ ਵਾਂਗ ਗਾਇਬ ਹੋ ਜਾਦੇ ਹਨ । ਅਜਾਦੀ ਤੋਂ ਬਾਅਦ ਵੀ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਸ ਨਾਲ ਸੰਸਾਰ ਵਿੱਚ ਭਾਰਤ ਦਾ ਔਰਤ ਸੁਰੱਖਿਆ ਪ੍ਰਤੀ ਟੀਚਾ ਬਹੁਤ ਨੀਵੇਂ ਦਰਜੇ ’ਤੇ ਖੜ੍ਹਾ ਹੈ। ਦੁਨੀਆ ਵਿੱਚ ਮਾਰੀਆਂ ਜਾ ਰਹੀਆਂ ਢੀਂਗਾਂ ਉਸ ਸਮੇਂ ਬੇਹੇ ਪਾਣੀ ਵਿੱਚ ਰੁੜ੍ਹ ਜਾਂਦੀਆਂ ਹਨ ਜਦੋਂ ਸ਼ਾਂਤੀਪੂਰਨ ਦੇਸ਼ਾਂ ਦੀ ਲੜੀ ਵਿੱਚ ਭਾਰਤ 141 ਨੰਬਰ ’ਤੇ ਆਉਂਦਾ ਹੈ।

ਆਪਣੇ ਹੀ ਦੇਸ਼ ਦਾ ਖੌਫਨਾਕ ਮੰਜਰ ਤੇ ਜ਼ੁਲਮ ਦੀ ਇਸ ਇੰਤਹਾ ਵਾਲੀ ਹੱਦ ਨੂੰ ਤੋੜਨਾ ਜਰੂਰੀ ਹੈ। ਜਿਸ ਲਈ ਕੁੱਲ ਭਾਰਤ ਦੀਆਂ ਸਮਾਜ ਸੇਵੀ ਜਥੇਬੰਦੀਆਂ, ਸੰਸਥਾਵਾਂ, ਬੁੱਧਜੀਵੀ ਤੇ ਰਾਜਨੀਤਿਕ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੁਠ ਮੋਮਬੱਤੀ ਮਾਰਚ, ਧਰਨੇ, ਮੁਜਾਹਰੇ ਤੋਂ ਅਗਲੇ ਕਦਮ ਵਿਭਾਗੀ ਮੁਸ਼ਤੈਦੀ ਤੇ ਕਾਨੂੰਨੀ ਪ੍ਰਕਿਰਿਆ ਦੀ ਨਿਰੰਤਰ ਰਫਤਾਰ ਵਿੱਚ ਤੇਜੀ ਲਿਆਉਣ ਲਈ ਹੰਬਲੇ ਮਾਰਨੇ ਚਾਹੀਦੇ ਹਨ। ਇਸ ਦਰੁਸਤੀ ਨਾਲ ਨੱਪੀ ਜੜ੍ਹ ਜ਼ਾਲਮਾਨਾ ਲੋਕਾਂ ਦਾ ਨਜਰੀਆ ਬਦਲ਼ਣ ਵਿੱਚ ਸਹਾਈ ਹੋ ਸਕੇ ਤੇ ਫਿਰ ਤੋਂ ਭਾਰਤ ਸ਼ਾਂਤੀ ਤੇ ਸੁਰੱਖਿਆ ਵਾਲਾ ਦੇਸ਼ ਬਣੇ । ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਸੈਮੀਨਾਰਾਂ ਦੁਆਰਾ, ਸਿੱਖਿਆ ਤੇ ਖੁਦ ਦੀ ਰੱਖਿਆ ਤੇ ਮਰਦਾਂ ਨੂੰ ਸਮਾਜਿਕ ਜਿੰਮੇਵਾਰੀਆਂ ਤੇ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਜੋ ਦੇਸ਼ ਦੀਆਂ ਬੇਟੀਆਂ ਚੰਗੀ ਤਲੀਮ ਹਾਸਿਲ ਕਰਕੇ ਆਪਣੇ ਭਵਿੱਖ ਨੂੰ ਅਜਾਦ ਤੇ ਸੁਰੱਖਿਅਤ ਮਾਹੌਲ ਵਿੱਚ ਸੁਨਹਿਰੀ ਬਣਾ ਸਕਣ।

ਸ. ਸ. ਸ. ਸਕੂਲ, ਆਮਲਾਲਾ, ਮੁਹਾਲੀ
ਮੋ. 99880-03419
ਅੰਜੂ ਕੌਸ਼ਲ ਧਾਲੀਵਾਲ

LEAVE A REPLY

Please enter your comment!
Please enter your name here