ਵੈਕਸੀਨ ਲਗਵਾਉਣ ਲਈ ਉਮੜੀ ਲੋਕਾਂ ਦੀ ਭੀੜ
ਲੋਕਾਂ ਨੇ ਸਮਾਜਕ ਦੂਰੀ ਦੀਆਂ ਉਡਾਈਆਂ ਧੱਜੀਆਂ
ਸੁਨਾਮ ਊਧਮ ਸਿੰਘ ਵਾਲਾ ( ਕਰਮ ਥਿੰਦ ) ਸਥਾਨਕ ਸ਼ਹਿਰ ਦੀ ਆਈਟੀਆਈ ਵਿਖੇ ਕੋਵਿਡ ਵੈਕਸੀਨ ਸੈਂਟਰ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਵਕ ਹੋ ਗਿਆ ਜਦੋਂ ਵੈਕਸਿਨ ਲਗਵਾਉਣ ਆਏ ਲੋਕਾਂ ਅੰਦਰ ਵੈਕਸੀਨ ਲਗਵਾਉਣ ਨੂੰ ਲੈ ਕੇ ਧੱਕਾ ਮੁੱਕੀ ‘ਚ ਭਾਜਪਾ ਆਗੂ ਦੀ ਕੁੱਟਮਾਰ ਕਰ ਦਿੱਤੀ ਗਈ।
ਇਸ ਸਮੇਂ ਲੋਕਾਂ ਵੱਲੋਂ ਸਮਾਜਿਕ ਦੂਰੀ ਨੂੰ ਵੀ ਧਿਆਨ ਵਿੱਚ ਨਹੀਂ ਰੱਖਿਆ ਗਿਆ ਜਦੋਂ ਕਿ ਪ੍ਰਸ਼ਾਸਨ ਵੱਲੋਂ ਚਾਰ-ਪੰਜ ਪੁਲੀਸ ਮੁਲਾਜ਼ਮ ਇਸ ਸਥਾਨ ਤੇ ਤੈਨਾਤ ਸਨ ਪ੍ਰੰਤੂ ਵੈਕਸੀਨ ਲਗਾਉਣ ਨੂੰ ਲੈ ਕੇ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੋ ਗਈ ਲੋਕ ਇੱਕ ਦੂਜੇ ਤੋਂ ਅੱਗੇ ਹੋ ਕੇ ਵੈਕਸੀਨ ਲਗਵਾਉਣ ਦੀ ਕੋਸ਼ਿਸ਼ ਕਰਦੇ ਰਹੇ। ਜਦੋਂ ਕਿ ਪੁਲੀਸ ਮੁਲਾਜ਼ਮ ਵੀ ਲੋਕਾਂ ਨੂੰ ਲਾਈਨਾਂ ਵਿੱਚ ਲਗਾ ਕੇ ਵੈਕਸਿਨ ਲਗਵਾਉਣ ਦੀ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਰਹੇ। ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਕੋਵਿਡ ਵੈਕਸੀਨ ਸੈਂਟਰ ਅੰਦਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਵਿਧਾ ਜਿਵੇਂ ਬੈਠਣ ਲਈ ਕੁਰਸੀ ਜਾਂ ਪੀਣ ਵਾਲਾ ਪਾਣੀ ਜਾਂ ਕੋਈ ਹਵਾ ਲਈ ਕੂਲਰ ਪੱਖੇ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।
ਇਸ ਮੌਕੇ ਭਾਜਪਾ ਸੁਨਾਮ ਦੇ ਮੰਡਲ ਪ੍ਰਧਾਨ ਅਸ਼ੋਕ ਗੋਇਲ ਨਾਲ ਕੁੱਟਮਾਰ ਵੀ ਕੀਤੀ ਗਈ ਉਨ੍ਹਾਂ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਉਨ੍ਹਾਂ ਸਿਵਲ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਬੇਟੇ ਅਤੇ ਬੇਟੀ ਨਾਲ ਆਈਟੀਆਈ ਵਿਖੇ ਕੋਵਿਡ ਵੈਕਸੀਨ ਸੈਂਟਰ ‘ਚ ਵੈਕਸਿਨ ਲਗਵਾਉਣ ਆਏ ਸਨ ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਜਮ੍ਹਾਂ ਹੋਈ ਸੀ ਤਾਂ ਉੱਥੇ ਕੁਝ ਵਿਅਕਤੀਆਂ ਵੱਲੋਂ ਧੱਕਾ ਮੁੱਕੀ ਕੀਤੀ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਫੋਨ ਕੀਤਾ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਵੀਡੀਓ ਜਾਂ ਫੋਟੋ ਖਿੱਚਣ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਉਹ ਉਨ੍ਹਾਂ ਵਿਅਕਤੀਆਂ ਦੀ ਫੋਟੋ ਖਿੱਚਣ ਲੱਗੇ ਤਾਂ ਚਾਰ-ਪੰਜ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਕਾਫੀ ਚੋਟਾਂ ਆਈਆਂ ਅਤੇ ਗੁੱਝੀਆਂ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸਿਰ ‘ਚ ਅਤੇ ਨੱਕ ਤੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਰਹੇ ਹਨ। ਦੱਸਣਯੋਗ ਹੈ ਕੇ ਸਥਾਨਕ ਆਈਟੀਆਈ ਵਿਖੇ ਕੋਵਿਡ ਵੈਕਸੀਨ ਸੈਂਟਰ ਬਣਾਇਆ ਗਿਆ ਹੈ ਜਿਥੇ ਹੁਣ 18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।