ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੋਸ਼ਲ ਮੀਡੀਆ ਤੇ ਐੱਸਐੱਮਐੱਸ ਤੇ ਫੋਨ ਕਾਲ ਰਾਹੀਂ ਠੱਗੀਆਂ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਇਸ ਦੌਰਾਨ ਇੱਕ ਹੋਰ ਨਵੇਕਲਾ ਮਾਮਲਾ ਸਾਹਮਣੇ ਆਇਆ ਹੈ। ਪੀਜਾ ਆਰਡਰ ਕੈਂਸਲ ਕਰਨ ਦੇ ਨਾਂਅ ਠੱਗੀ ਮਾਰਨ ਦੇ ਮਾਮਲੇ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ ਮਾਮਲਾ ਸੁਨਾਮ ਊਧਮ ਸਿੰਘ ਵਾਲਾ ਦੇ ਸੁਭਾਸ਼ ਨਗਰ ਦਾ ਹੈ। ਜਾਣਕਾਰੀ ਅਨੁਸਾਰ ਉਕਤ ਨਗਰ ਵਿੱਚ ਰਹਿਣ ਵਾਲੇ ਵਿਰਾਟ ਕੁਮਾਰ ਦੀ ਪਤਨੀ ਨੂੰ ਫੋਨ ਕਾਲ ਆਈ।
ਵਿਰਾਟ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਸ ਦੀ ਪਤਨੀ ਨੂੰ ਕਿਸੇ ਅਣਜਾਣ ਨੰਬਰ ਤੋਂ ਵਿਅਕਤੀ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਸੀਂ ਪੀਜਾ ਆਰਡਰ ਕੀਤਾ ਹੈ। ਤਾਂ ਜਦੋਂ ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਪੀਜਾ ਆਰਡਰ ਨਹੀਂ ਕੀਤਾ ਗਿਆ ਤਾਂ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਪੀਜੇ ਦਾ ਆਰਡਰ ਕੈਂਸਲ ਕਰ ਦਵੋ ਤੇ ਉਸ ਵਿਅਕਤੀ ਨੇ ਉਨ੍ਹਾਂ ਦੇ ਹੀ ਫੋਨ ਨੰਬਰ ਦੇ ਅੱਗੇ 401 ਲਾ ਕੇ ਮਿਸ ਕਾਲ ਕਰਨ ਲਈ ਆਖਿਆ ਕਿ ਇਸ ਨਾਲ ਪੀਜੇ ਦਾ ਆਰਡਰ ਕੈਂਸਲ ਹੋ ਜਾਵੇਗਾ।
ਇਹ ਵੀ ਪੜ੍ਹੋ : ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਦੀ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ
ਜਦੋਂ ਉਹਨਾਂ ਇਸ ਤਰ੍ਹਾਂ ਕੀਤਾ ਤਾਂ ਉਨ੍ਹਾਂ ਦਾ ਫੋਨ ਹੈਕ ਹੋ ਗਿਆ ਅਤੇ ਵਟਸਐਪ ਨੰਬਰ ਵੀ ਹੈਕ ਹੋ ਗਿਆ। ਉਕਤ ਵਿਅਕਤੀ ਉਨ੍ਹਾਂ ਦੇ ਹੀ ਵਟਸਐਪ ਤੋਂ ਉਹਨਾਂ ਦੇ ਰਿਸਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵਿਰਾਟ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਘਬਰਾ ਗਏ ਸਨ ਅਤੇ ਉਨ੍ਹਾਂ ਤੁਰੰਤ ਇਸ ਦੀ ਰਿਪੋਰਟ ਅਤੇ ਜਾਣਕਾਰੀ ਥਾਣਾ ਸਿਟੀ ਵਿਖੇ ਦਿੱਤੀ ਅਤੇ ਅੱਜ ਇਸ ਦੀ ਰਿਪੋਰਟ ਸਾਈਬਰ ਕਰਾਇਮ ਸੰਗਰੂਰ ਵਿਖੇ ਵੀ ਦੇ ਦਿੱਤੀ ਹੈ।